ਪੰਜਾਬ ਦਾ ਸੱਭਿਆਚਾਰ ਅਤੇ ਵਿਰਸਾ ਦੁਨੀਆਂ ਵਿਚ ਸਭ ਤੋਂ ਨਿਕੇਵਲਾ ਅਤੇ ਮਹਾਨ ਹੈ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਵਿਰਸਾ ਇਕ ਅਮੀਰ ਵਿਰਸਾ ਹੈ। ਕਲਾਕਾਰਾਂ, ਅਭਿਨੇਤਾਵਾਂ ਦੀ ਇਸ ਅਮੀਰ ਵਿਰਸੇ ਲਈ ਮਹਾਨ ਦੇਣ ਹੁੰਦੀ ਹੈ। ਪੰਜਾਬ ਵਿਚ ਗਿਣਵੇਂ-ਚੁਣਵੇਂ ਕਲਾਕਾਰ ਹੀ ਹੋਣਗੇ ਜੋ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਉਤਸ਼ਾਹਿਤ ਕਰਦੇ ਹੋਣ। ਅਜਿਹੇ ਹੀ ਕਲਾਕਾਰਾਂ ਵਿਚ ਸ਼ੁਮਾਰ ਹੈ ਪੰਜਾਬ ਦਾ ਉਭਰਦਾ ਤੇ ਪ੍ਰਸਿੱਧ ਪੰਜਾਬੀ ਕਲਾਕਾਰ 'ਗੁਰਸੇਵਕ ਸਿੰਘ ਚੱਠਾ'। ਗੁਰਸੇਵਕ ਭਾਵੇਂ ਹੀ ਕਾਮੇਡੀ ਕਲਾਕਾਰ ਹਨ ਅਤੇ ਆਪਣੀ ਕਾਮੇਡੀ ਰਾਹੀਂ ਨਾ ਸਗੋਂ ਲੋਕਾਂ ਦਾ ਮਨੋਰੰਜਨ ਕਰਦੇ ਹਨ, ਬਲਕਿ ਉਨ੍ਹਾਂ ਦਾ ਅਭਿਨੈ ਪੰਜਾਬੀ ਸੱਭਿਆਚਾਰ ਨੂੰ ਪ੍ਰਚਾਰ ਕਰਨ ਵਾਲਾ ਵੀ ਹੁੰਦਾ ਹੈ। ਗੁਰਸੇਵਕ ਚੱਠਾ ਦੀ ਕਾਮੇਡੀ ਐਨੀ ਕਮਾਲ ਦੀ ਹੈ ਕਿ ਉਨ੍ਹਾਂ ਵਲੋਂ ਕੀਤੀਆਂ ਜਾਂਦੀਆਂ ਫਿਲਮਾਂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।
ਗੁਰਸੇਵਕ ਦਾ ਜਨਮ 23 ਮਾਰਚ 1986 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠੇ ਸੇਖਵਾਂ ਵਿਖੇ ਹੋਇਆ। ਗੁਰਸੇਵਕ ਚੱਠਾ ਸੁਪ੍ਰਸਿੱਧ ਪੰਜਾਬੀ ਕਲਾਕਾਰ ਗੁਰਚੇਤ ਚਿੱਤਰਕਾਰ ਦੇ ਮਾਮਾ ਜੀ ਦੇ ਲੜਕੇ ਹਨ। ਗੁਰਸੇਵਕ ਸਿੰਘ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਂਕ ਸੀ ਅਤੇ ਉਹ ਸਕੂਲ ਸਮੇਂ ਤੋਂ ਹੀ ਛੋਟੇ-ਮੋਟੇ ਅਭਿਨੈ ਅਤੇ ਨਾਟਕ ਕਰਕੇ ਨਾ ਸਗੋਂ ਆਪਣੇ ਸਹਿਪਾਠੀਆਂ, ਬਲਕਿ ਅਧਿਆਪਕਾਂ ਤੋਂ ਵੀ ਵਾਹ-ਵਾਹ ਖੱਟਦੇ ਰਹਿੰਦੇ ਸਨ, ਜਿਸ ਨਾਲ ਉਨ੍ਹਾਂ ਦਾ ਉਤਸ਼ਾਹ ਹੋਰ ਵਧਿਆ। ਇਸ ਮਗਰੋਂ ਜਦੋਂ ਉਹ ਸੰਗਰੂਰ ਦੇ ਰਣਬੀਰ ਕਾਲਜ ਵਿਚ ਗਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਸਨ ਤਾਂ ਉਸ ਸਮੇਂ ਵੀ ਕਾਲਜ ਵਿਚ ਆਪਣਾ ਅਭਿਨੈ ਕਰਨ ਦਾ ਸ਼ੌਂਕ ਪੂਰਾ ਕਰਦੇ ਰਹਿੰਦੇ ਸਨ ਅਤੇ ਜਦੋਂ ਵੀ ਸਮਾਂ ਮਿਲਦਾ ਉਹ ਪੂਰੇ ਉਤਸ਼ਾਹ ਤੇ ਜੋਸ਼ ਨਾਲ ਕਾਲਜ ਵਿਚ ਹੁੰਦੇ ਪ੍ਰੋਗਰਾਮਾਂ ਤੇ ਸੈਮੀਨਾਰਾਂ ਵਿਚ ਹਿੱਸਾ ਲੈਂਦੇ ਸਨ। ਇਸ ਸਮੇਂ ਦੌਰਾਨ ਉਨ੍ਹਾਂ ਦੀ ਅਭਿਨੈ ਦੀ ਕਲਾ ਹੋਰ ਨਿੱਖਰ ਗਈ ਅਤੇ ਉਨ੍ਹਾਂ ਵਲੋਂ ਇਸ ਖੇਤਰ ਵਿਚ ਕੀਤੀ ਗਈ ਮਿਹਨਤ ਨੂੰ ਉਦੋਂ ਬੂਰ ਪਿਆ ਜਦੋਂ ਪੰਜਾਬ, ਪੰਜਾਬੀਆਂ ਦੇ ਹਰਮਨ ਪਿਆਰੇ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਉਨ੍ਹਾਂ ਦੀ ਐਕਟਿੰਗ ਤੋਂ ਪ੍ਰਭਾਵਿਤ ਹੁੰਦਿਆਂ ਉਨ੍ਹਾਂ ਨੂੰ ਇਸ ਖੇਤਰ ਵਿਚ ਅੱਗੇ ਆਉਣ ਦਾ ਵੱਡਾ ਮੌਕਾ ਦਿੱਤਾ।
ਗੁਰਸੇਵਕ ਸਿੰਘ ਚੱਠਾ ਆਪਣੀ ਮਿਹਨਤ, ਲਗਨ ਤੇ ਕਲਾਕਾਰੀ ਤੇ ਬਲਬੂਤੇ ਨਾ ਸਗੋਂ ਗੁਰਚੇਤ ਚਿੱਤਰਕਾਰ ਦੀਆਂ ਉਮੀਦਾਂ 'ਤੇ ਖਰੇ ਉਤਰੇ, ਬਲਕਿ ਕਈ ਮਿੰਨੀ ਫਿਲਮਾਂ, ਸਟੇਜ਼ ਸ਼ੋਅਜ਼, ਸੱਭਿਆਚਾਰਕ ਪ੍ਰੋਗਰਾਮਾਂ ਵਿਚ ਉਨ੍ਹਾਂ ਦਾ ਭਰਪੂਰ ਸਾਥ ਦਿੱਤਾ।
ਗੁਰਸੇਵਕ ਸਿੰਘ ਚੱਠਾ ਨੂੰ ਪਹਿਲੀ ਵਾਰ 'ਜੁਗਨੀ' ਫਿਲਮ ਵਿਚ ਗੁਰਚੇਤ ਚਿੱਤਰਕਾਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਮਗਰੋਂ ਜਿਵੇਂ ਗੁਰਚੇਤ ਚਿੱਤਰਕਾਰ ਅਤੇ ਗੁਰਸੇਵਕ ਚੱਠਾ ਦੀ ਅਭਿਨੈ ਦੇ ਖੇਤਰ ਵਿਚ ਜੌੜੀ ਬਣ ਗਈ। ਇਸ ਮਗਰੋਂ ਧਰਮਰਾਜ ਡਾਟ ਕੋਮ, ਇਕੱਲੇ ਕਹਿਰ ਆਦਿ ਕਈ ਮਿੰਨੀ ਫਿਲਮਾਂ ਵਿਚ ਆਪਣੇ ਅਭਿਨੈ ਨਾਲ ਦਰਸ਼ਕਾਂ ਦਾ ਮਨ ਜਿੱਤ ਲਿਆ। ਅੱਜ ਕੱਲ ਗੁਰਸੇਵਾ ਚੱਠਾ ਆਪਣੀ ਆਉਣ ਵਾਲੀ ਫਿਲਮ 'ਡਰੱਗ-ਇਕ ਮੌਤ' ਦੀ ਸ਼ੂਟਿੰਗ ਵਿਚ ਕਾਫੀ ਰੁੱਝੇ ਹੋਏ ਹਨ। ਇਸ ਫਿਲਮ ਵਿਚ ਉਨ੍ਹਾਂ ਦੀ ਮੁੱਖ ਭੂਮਿਕਾ ਹੈ। ਜਿਵੇਂ ਕਿ ਨਾਂਅ ਤੋਂ ਹੀ ਜ਼ਾਹਰ ਹੈ ਕਿ ਇਹ ਫਿਲਮ ਨਸ਼ਿਆਂ ਦੇ ਮਨੁੱਖੀ ਜ਼ਿੰਦਗੀ 'ਤੇ ਮਾੜੇ ਪ੍ਰਭਾਵ ਨੂੰ ਦਰਸਾਉਂਦੀ ਹੈ। ਇਸ ਫਿਲਮ ਦੀ ਪ੍ਰੋਡਕਸ਼ਨ ਦਾ ਸਾਰਾ ਕੰਮ ਵੀ ਉਹੀ ਦੇਖ ਰਹੇ ਹਨ। ਅਭਿਨੈ ਤੋਂ ਬਿਨ੍ਹਾਂ ਗੁਰਸੇਵਕ ਚੱਠਾ, ਗੁਰਚੇਤ ਚਿੱਤਰਕਾਰ ਦੀਆਂ ਫਿਲਮਾਂ ਤੇ ਪ੍ਰੋਗਰਾਮਾਂ ਆਦਿ ਦੀ ਪ੍ਰੌਡਕਸ਼ਨ ਦਾ ਸਾਰਾ ਕੰਮ ਵੀ ਬਾਖੂਬੀ ਸੰਭਾਲ ਰਹੇ ਹਨ।
ਮੌਕਿਆਂ ਦੀ ਤਲਾਸ ਵਿਚ ਗੁਰਸੇਵਕ ਨੇ ਅਭਿਨੈ ਦਾ ਆਪਣਾ ਸ਼ੌਂਕ ਮਰਨ ਨਹੀਂ ਦਿੱਤਾ ਅਤੇ ਪੜ੍ਹਾਈ ਦੇ ਨਾਲ-ਨਾਲ ਮਿਹਨਤ ਤੇ ਪੂਰੀ ਲਗਨ ਨਾਲ ਇਸ ਖੇਤਰ ਵੱਲ ਲੱਗੇ ਰਹੇ ਅਤੇ ਨਤੀਜੇ ਵਜੋਂ ਅੱਜ ਉਹ ਇਸ ਮੁਕਾਮ 'ਤੇ ਹਨ ਕਿ ਉਨ੍ਹਾਂ ਦੇ ਅਭਿਨੈ ਨੂੰ ਦਰਸ਼ਕਾਂ ਵਲੋਂ ਪੂਰਾ ਪਿਆਰ ਮਿਲ ਰਿਹਾ ਹੈ। ਉਹ ਅੱਜ ਆਪਣੇ ਅਭਿਨੈ ਦੀ ਇਸ ਕਲਾ ਦੇ ਜ਼ਰੀਏ ਲੱਖਾਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਦਾ ਨਾਂਅ ਅੱਜ ਹਰਇਕ ਦੀ ਜ਼ੁਬਾਨ 'ਤੇ ਹੈ। ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਲੋਂ ਵੀ ਉਨ੍ਹਾਂ ਦੀ ਕਾਮੇਡੀ ਅਤੇ ਅਭਿਨੈ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਪਿਛਲੇ ਜਿਹੇ ਕੈਨੇਡਾ ਵਿਚ ਸਟੇਜ਼ ਸ਼ੋਅ ਦੌਰਾਨ ਪੇਸ਼ ਕੀਤੇ ਗਏ ਨਾਟਕ 'ਧਰਮਰਾਜ ਡਾਟ ਕੋਮ' ਵਿਚ ਉਨ੍ਹਾਂ ਦਾ ਅਭਿਨੈ ਐਨਾ ਬਾਕਮਾਲ ਸੀ ਕਿ ਦਰਸ਼ਕਾਂ ਨੇ ਨਾ ਸਗੋਂ ਗੁਸਰੇਵਕ ਚੱਠਾ ਨੂੰ, ਬਲਕਿ ਨਾਟਕ ਦੀ ਪੂਰੀ ਟੀਮ ਨੂੰ ਅੱਖਾਂ 'ਤੇ ਬਿਠਾਇਆ। ਉਮੀਦ ਹੈ ਕਿ ਗੁਰਸੇਵਕ ਚੱਠਾ ਆਉਣ ਵਾਲੇ ਸਮੇਂ ਵਿਚ ਵੀ ਦਰਸ਼ਕਾਂ ਦਾ ਇਸੇ ਤਰ•ਾਂ ਮਨੋਰੰਜਨ ਕਰਦੇ ਰਹਿਣਗੇ।
ਜਤਿੰਦਰ-ਜਤਿਨ ਕੰਬੋਜ
'ਨਿੱਕੀਆਂ ਜਿੰਦਾਂ ਘਰ ਤੋਂ ਤੁਰੀਆਂ '
NEXT STORY