ਪਰਉਪਕਾਰ ਉਹ ਸੇਵਾ ਹੈ, ਜੋ ਦੂਜਿਆ ਲਈ ਕੀਤੀ ਜਾਂਦੀ ਹੈ ਪਰਉਪਕਾਰ ਅਤੇ ਸੇਵਾ ਦੇ ਰੂਪ ਵੱਖ-ਵੱਖ ਹੋ ਸਕਦੇ ਹਨ। ਸਾਡਾ ਸਮਾਜ ਸੇਵਾ ਅਤੇ ਪਰਉਪਕਾਰ ਤੋਂ ਬਿਨਾਂ ਹਿੰਸਾਤਮਿਕ ਬਣਦਾ ਜਾ ਰਿਹਾ ਹੈ । ਸਮਾਜਿਕ ਏਕਤਾ ਲਈ ਪਰਉਪਕਾਰੀ ਅਤੇ ਸੇਵਾ ਜ਼ਰੂਰੀ ਅੰਗ ਹਨ। ਜਿਸ ਨਾਲ ਭਾਈਚਾਰਕ ਏਕਤਾ ਅਤੇ ਸੱਭਿਅਤਾ ਦਾ ਵਿਕਾਸ ਹੁੰਦਾ ਹੈ । ਗੁਰਬਾਣੀ ਵਿੱਚ ਅੰਕਤ ਹੈ :-
“ ਸੇਵੁ ਕੀਤੀ ਸੰਤੋਖੀਈ ਜਿਨੀ ਸਚੋ ਸੱਚੁ ਧਿਆਇਆ “
ਪ੍ਰਚੀਨ ਸਮੇਂ ਵਿੱਚ ਸੇਵਾ ਅਤੇ ਪਰਉਪਕਾਰ ਕਰਨ ਦਾ ਜ਼ਜ਼ਬਾ ਬਲਵਾਨ ਸੀ । ਅਜੋਕੇ ਸਮੇਂ ਸਮਾਜ ਨੇ ਪ੍ਰਪੰਰਾਵਾਦੀ ਰੀਤੀ ਰਿਵਾਜ ਅਤੇ ਰਸਮਾਂ ਤਿਆਗ ਕੇ ਸੇਵਾ ਅਤੇ ਪਰਉਪਕਾਰ ਦੀ ਭਾਵਨਾ ਨੂੰ ਨਿਘਾਰ ਵੱਲ ਤੋਰਿਆਂ ਹੈ । ਸਾਡੇ ਪਿੰਡਾਂ ਦੇ ਸੱਭਿਆਚਾਰ ਨੂੰ ਗ੍ਰਹਿਣ ਲੱਗ ਗਿਆ ਹੈ । ਸ਼ਾਦੀ–ਗਮੀ ਅਤੇ ਪਿੰਡਾਂ ਦੇ ਸਾਂਝੇ ਕੰਮਾਂ ਲਈ ਪਰਉਪਕਾਰੀ ਬੰਦਿਆਂ ਦੀ ਬੇਹੱਦ ਲੋੜ ਹੁੰਦੀ ਹੈ। ਸਮੇਂ ਦੇ ਬਦਲਦੇ ਦੌਰ ਅਤੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਪ੍ਰਵਿਰਤੀ ਨੇ ਪਿੰਡਾਂ ਨੂੰ ਦਰੜ ਕੇ ਰੱਖ ਦਿੱਤਾ ਹੈ । ਹੁਣ ਸਮਾਜੀ ਕੰਮਾਂ ਲਈ ਮਨੁੱਖ ਕੰਨ ਕਤਰਾਉਂਦਾ ਹੈ।
ਪਿੰਡਾਂ ਦੀਆਂ ਰੀਤੀਆਂ, ਰਿਵਾਜ ਅਤੇ ਰਸਮਾਂ ਸਮੇਂ ਪਹਿਲੇ ਸਾਰਾ ਪਿੰਡ ਭਾਈਚਾਰਕ ਸਾਂਝ ਦਾ ਸਬੂਤ ਦਿੰਦਾ ਸੀ । ਫਿਰ ਹੋਲੇ ਹੋਲੇ ਘਟ ਕੇ ਸ਼ਰੀਕੇ ਤੱਕ ਸੀਮਤ ਹੋਇਆ । ਅੱਜ ਭਖਦਾ ਅਤੇ ਚਿੰਤਾ ਦਾ ਵਿਸ਼ਾ ਸਮਾਜ ਲਈ ਇਹ ਹੈ, ਕਿ ਕਿਤੇ ਸ਼ਾਦੀ ਗਮੀ ਸਮੇਂ ਪਰਿਵਾਰ ਇੱਕਲਾ ਹੀ ਨਾ ਰਹਿ ਜਾਵੇ । ਸਾਡੇ ਪਿੰਡ ਵਿੱਚ ਮ੍ਰਿਤਕ ਦਾ ਸੰਸਕਾਰ ਕਰਨ ਲਈ ਪਹਿਲੇ ਸਮੇਂ ਰਿਸ਼ਤੇਦਾਰ ਅਤੇ ਸਮੁੱਚਾ ਪਿੰਡ ਲੱਕੜ ਇੱਕਠੀ ਕਰਕੇ ਚਿਖਾ ਚਿਣਦੇ ਸਨ । ਹੌਲੀ-ਹੌਲੀ ਰਿਸ਼ਤੇਦਾਰਾਂ ਦੀ ਲੱਕੜ ਘਟੀ ਫਿਰ ਪਿੰਡ ਵਿੱਚ ਵੀ ਘਟੀ । ਸਾਡੇ ਪਿੰਡ ਵਿੱਚ ਦੋ ਪਰਉਪਕਾਰੀ ਬੰਦੇ ਹਨ । ਜਿਹਨਾਂ ਦੀ ਅੱਲ ਪਿੰਡ “ਰਣਜੀਤ ਸਿੰਘ ਬੜੀਵਾਲਿਆਂ ਦਾ ਅਤੇ ਭਾਈ ਜੀ ਦਾ ਤਾਰ “ਕਰਕੇ ਪਈ ਹੋਈ ਹੈ । ਇਹ ਦੋਵੇਂ ਪਰਉਪਕਾਰੀ ਸਾਰੇ ਸਮਾਜ ਲਈ ਮਾਰਗ ਦਰਸ਼ਕ ਹਨ। ਗਮੀ ਵਿੱਚ ਰਸਮਾਂ ਨਿਭਾਉਣ ਲਈ ਅਜੋਕੀ ਪੀੜ੍ਹੀ ਬਿਲਕੁਲ ਅਣਜਾਣ ਹੈ । ਜੇ ਇਹ ਸਮਾਜ ਦੇ ਦੋਵੇਂ ਪਾਤਰ ਪਿੰਡ ਵਿੱਚ ਮੌਜੂਦ ਨਾ ਹੋਣ ਤਾਂ ਸਭ ਇਕ ਦੂਜੇ ਵੱਲ ਤੱਕਣ ਲੱਗ ਪੈਂਦੇ ਹਨ।
ਜਦੋਂ ਵੀ ਪਿੰਡ ਵਿੱਚ ਕੋਈ ਚੱਲ ਵਸਦਾ ਹੈ , ਤਾਂ ਅਰਥੀ ਬਣਾਉਣ ਤੋਂ ਅਸਤ ਚੁਗਣ ਤੱਕ ਦਾ ਕੰਮ ਇਹੀ ਕਰਦੇ ਹਨ। ਪਰਿਵਾਰ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦੇ । ਅੱਜ ਆਮ ਬੰਦੇ ਨੂੰ ਨਾ ਅਰਥੀ ਦਾ, ਨਾ ਅਸਤ ਚੁਗਣ ਦਾ ਗਿਆਨ ਹੀ ਨਹੀਂ ਹੈ । ਇਹਨਾਂ ਰਸਮਾਂ ਦਾ ਗਿਆਨ ਘਟਣਾ ਸਮਾਜ ਲਈ ਅਸ਼ੁੱਭ ਹੈ । ਸਮਾਜ ਦਾ ਸਮਾਜੀਕਰਣ ਇਸ ਤਰ੍ਹਾਂ ਹੋ ਰਿਹਾ ਹੈ ਕਿ ਵਿਅਕਤੀ ਮਸਾਂ ਆਪਣੇ ਆਪ ਜੋਗਾ ਰਹਿ ਗਿਆ ਹੈ । ਪਰਉਪਕਾਰ ਅਤੇ ਸੇਵਾ ਦੂਰ ਰਹਿ ਗਈ । ਚਲ ਵਸੇ ਪ੍ਰਾਣੀ ਦੇ ਘਰਦਿਆਂ ਨੂੰ ਉਸਦੀਆਂ ਰਸਮਾਂ ਲਈ ਜੇ ਸਹਿਯੋਗ ਨਾ ਮਿਲੇ ਤਾਂ ਉਸ ਨਾਲ ਕੀ ਬੀਤੂ ?
ਸ਼ਾਦੀ ਤਾਂ ਸੋਧਿਆਂ ਸਾਹਾ ਹੁੰਦਾ ਹੈ ਇਸ ਵਿਚ ਪੈਸੇ ਨਾਲ ਪੈਲਸ ਵੀ ਬੁੱਕ ਕੀਤੇ ਜਾ ਸਕਦੇ ਹਨ। ਖੁਸ਼ੀ ਦੇ ਪਲਾਂ ਵਿੱਚ ਸੇਵਾ ਅਤੇ ਪਰਉਪਕਾਰੀ ਮਿਲ ਸਕਦੇ ਪਰ ਗਮੀ ਅਣਸੋਧਿਆਂ ਸਾਹਾ ਹੁੰਦਾ ਹੈ । ਗਾਹਕ ਵਾਂਗ ਕਦੋਂ ਆਏ ਇਸ ਸਮੇਂ ਪਰ
ਪਰਉਪਕਾਰੀ ਦੀ ਸੇਵਾ ਦੀ ਅਤੀ ਜ਼ਰੂਰਤ ਹੂੰਦੀ ਹੈ । ਮ੍ਰਿਤਕ ਦੇ ਪਰਿਵਾਰ ਨੂੰ ਹੱਥਾਂ ਪੈਰਾਂ ਪੈ ਜਾਦੀ ਹੈ । ਕੁਝ ਸੁੱਝਦਾ ਹੀ ਨਹੀਂ ਹੈ । ਇਸ ਸਮੇਂ ਪਿੰਡਾਂ ਦੇ ਪਰਉਪਕਾਰੀ ਬੰਦੇ ਹੀ ਕੰਮ ਆਉਂਦੇ ਹਨ । ਸੇਵਾ ਅਤੇ ਪਰਉਪਕਾਰੀ ਨੂੰ ਧਾਰਮਿਕਤਾ ਸਭ ਤੋਂ ਵੱਧ ਪ੍ਰਵਾਨ ਕਰਦੀ ਹੈ । ਸਮਾਜਿਕ ਭਾਈਚਾਰੇ ਲਈ ਪਰਉਪਕਾਰੀ ਹੋਣ ਸ਼ੁੱਭ ਸ਼ੰਦੇਸ਼ ਹੈ ।
ਅੱਜ ਲੋੜ ਹੈ , ਸਾਡੇ ਸਮਾਜ ਨੂੰ ਸੇਵਾ ਅਤੇ ਪਰਉਪਕਾਰੀ ਦਾ ਸਬਕ ਸਿੱਖਣ ਦੀ ਤਾਂ ਜੋ ਭਾਈਚਾਰਕ ਏਕਤਾ ਅਤੇ ਸਰਬ ਸਾਂਝੀਵਾਲਤਾ ਬਣੀ ਰਹੇ। ਸਮਾਜ ਸੇਵਾ ਅਤੇ ਪਰਉਪਕਾਰਤਾ ਕਰਨ ਨਾਲ ਸਮਾਜ ਵਿੱਚੋਂ ਅਮੀਰ–ਗਰੀਬ ਦਾ ਪਾੜਾ ਮਿੱਟਦਾ ਹੈ । ਅਮੀਰ ਦੇ ਘਰ ਦੋ ਬੰਦੇ ਚਲੇ ਜਾਂਦੇ ਹਨ ਪਰ ਗਰੀਬ ਦੇ ਜਾਣ ਤੋਂ ਕੰਨ ਕਤਰਾਉਂਦੇ ਹਨ । ਸਾਡੇ ਪਿੰਡ ਦੇ ਇਹਨਾਂ
ਪਰਉਪਕਾਰੀਆਂ ਵਰਗੇ ਸੁਭਾਅ ਹਰ ਬੰਦੇ ਦੇ ਹੋਣ ਤਾਂ ਜੋ ਸਮਾਜ ਦਾ ਸੰਤੁਲਿਨ ਬਣਨ ਦੇ ਨਾਲ-ਨਾਲ ਅਮੀਰ–ਗਰੀਬ ਦਾ ਪਾੜਾ ਮੇਟਣ ਨਾਲ ਸਮਾਜ ਨੂੰ ਸਥਿਰਤਾ ਅਤੇ ਸੇਧ ਮਿਲ ਸਕੇ । ਸਮਾਜ ਦੀ ਭਵਿੱਖੀ ਚਿੰਤਾ ਅਤੇ ਸਮਾਜ ਦੀਆਂ ਸਾਂਝਾ ਲਈ ਪਰਉਪਕਾਰ ਅਤੇ ਸੇਵਾ ਦਾ ਸੰਕਲਪ ਹਰ ਆਦਮੀ ਨੂੰ ਲੈਣ ਸਮੇਂ ਦੀ ਮੁੱਖ ਮੰਗ ਹੈ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਆਲਸ ਸਮਾਜ ਲਈ ਸ਼ਰਾਪ ਬਰਾਬਰ
NEXT STORY