ਭਗਤੀ ਮਾਰਗ ਦਾ ਸਾਧਕ, ਸਾਧਨਾ 'ਚ ਬੈਠਦਾ ਹੈ, ਧਿਆਨ ਗੁਫਾ 'ਚ ਪ੍ਰਵੇਸ਼ ਦਾ ਉਪਰਾਲਾ ਕਰਦਾ ਹੈ। ਗੁਫਾ ਦਵਾਰ 'ਤੇ ਮਨ ਖੜ੍ਹਾ ਹੈ। ਪੰਜਵੇਂ ਪਾਤਸ਼ਾਹ ਇਸ ਮਨ ਨੂੰ ਕੋਤਵਾਲ ਕਹਿੰਦੇ ਹਨ। ਗੁਫਾ ਅੰਦਰ ਜੋਤ ਹੈ.... ਪ੍ਰਾਣੀ ਦਾ ਪਿਰ ਹੈ, ਪ੍ਰੀਤਮ ਹੈ, ਮਨ, ਕੋਤਵਾਲ ਕਈ ਪ੍ਰਪੰਚ ਕਰਕੇ ਸੁਰਤਿ-ਸਾਧਕ ਨੂੰ ਫੇਰ ਸੰਸਾਰ ਪਾਸੇ ਮੋੜ ਦਿੰਦਾ ਹੈ। ਸੰਸਾਰਕ ਭੋਗ ਵਿਲਾਸ, ਪੁੱਤਰ ਕਲੱਤਰ, ਵਪਾਰ, ਪਰਿਵਾਰ ਅਤੇ ਨਿਰੋਗ ਸਰੀਰ ਦੀ ਪ੍ਰਾਰਥਨਾ ਲਈ ਪ੍ਰੇਰਨਾ ਦਿੰਦਾ ਹੈ। ਇਹ ਸਾਰੀ ਸਮੱਗਰੀ ਸੰਸਾਰਕ ਹੈ। ਮੋਇਆਂ ਸਾਥ ਨਹੀਂ ਜਾਂਦੀ ਅਤੇ ਸਾਧਕ ਦੀ ਸਾਰੇ ਜੀਵਨ ਦੀ ਘਾਲਣਾ ਵਿਅਰਥ ਹੋ ਜਾਂਦੀ ਹੈ। ਪੰਜਵੇਂ ਪਾਤਸ਼ਾਹ ਇਸ ਮਨੋਦਸ਼ਾ ਨੂੰ ਬੜੇ ਖੂਬਸੂਰਤ ਢੰਗ ਨਾਲ ਵਿਅਕਤ ਕਰਦੇ ਹਨ।
ਵਿਚ ਮਨ ਕੋਟਵਰੀਆ। ਨਿਜ ਅੰਦਰ ਪਿਰੀਆ। ਤਹ ਆਨਦ ਦਿਰੀਆ।
ਨਹ ਮਰੀਆ। ਨਹ ਜਰੀਆ। ਨਾਨਕ ਗੁਰ ਮਿਰਿਆ। ਬਹੁਰਿ ਨ ਫਿਰੀਆ।।
ਮਨੁੱਖ ਦਾ ਸਰੀਰ ਇਕ ਕਿਲੇ ਦੇ ਸਮਾਨ ਹੈ, ਇਸਦੇ ਅੰਦਰ ਪ੍ਰਮਾਤਮਾ ਦੀ ਅਖੰਡ ਜੋਤ ਜਲ ਰਹੀ ਹੈ ਪਰ ਕਿਲੇ ਦੇ ਦਵਾਰ 'ਤੇ ਕੋਤਵਾਲ ਖੜ੍ਹਾ ਹੈ, ''ਵਿਚ ਮਨ ਕੋਟਵਰੀਆ''। ਕੋਟ ਦਾ ਅਰਥ ਹੈ ਕਿਲਾ ਤੇ ਵਾਰ ਦਾ ਅਰਥ ਹੈ ਰੱਖਿਅਕ। ਇਸੇ ਕੋਟਵਾਰ ਸ਼ਬਦ ਤੋਂ ਕੋਤਵਾਲ ਬਣਿਆ ਹੈ, ਇਹ ਮਨ ਥਾਣੇਦਾਰ ਕਿਲੇ ਦੇ ਦਵਾਰ 'ਤੇ ਖੜ੍ਹਾ ਹੈ। ਹੁਣ ਜਾਂ ਤਾਂ ਇਸ ਨੂੰ ਮਾਰ ਕੇ ਅੰਦਰ ਪ੍ਰਵੇਸ਼ ਕਰੀਏ ਜਾਂ ਇਸਨੂੰ ਸੁਮਤਿ ਨਾਲ, ਗੁਰਮਤਿ ਨਾਲ ਅਨੁਸ਼ਾਸਿਤ ਕਰ ਲਈਏ। ਪੰਜਵੇਂ ਪਾਤਸ਼ਾਹ ਕਹਿੰਦੇ ਹਨ :
ਜਿੰਨੀ ਮੈਡਾ ਲਾਲੁ ਰੀਝਾਇਆ। ਹਉ ਤਿਸੁ ਆਗੈ ਮਨੁ ਡੇਂਹੀਆ।। (ਪੰ-703)
ਕੋਈ ਵਿਦਿਆਰਥੀ ਜਿਸ ਵਿਸ਼ੇ 'ਚ ਗਿਆਨ ਪ੍ਰਾਪਤ ਕਰਨਾ ਚਾਹੁੰਦੈ, ਉਹ ਉਸ ਵਿਸ਼ੇ 'ਚ ਮਾਸਟਰੀ ਕੀਤੇ, ਉਸ ਵਿਸ਼ੇ 'ਚ ਪੂਰਨ ਸਿੱਖਿਆ ਹਾਸਲ ਕੀਤੇ ਸਿੱਖਿਅਕ ਦੀ ਭਾਲ ਕਰਦੈ। ਉਸ ਸਿੱਖਿਅਕ ਨੇ ਵੀ ਮੇਰੀਆਂ ਅੱਜ ਦੀਆਂ ਸਮੱਸਿਆਵਾਂ, ਪ੍ਰੇਸ਼ਾਨੀਆਂ 'ਚੋਂ ਲੰਘ ਕੇ ਇਸ ਸਿੱਖਿਆ 'ਚ ਪੂਰਨਤਾ ਪ੍ਰਾਪਤ ਕੀਤੀ ਹੈ। ਤਾਂ ਪੰਜਵੇਂ ਪਾਤਸ਼ਾਹ ਕਿਸੇ ਵਿਦਿਆਰਥੀ ਦੀ ਮਨੋਦਸ਼ਾ 'ਚ ਰਹਿ ਕੇ ਭਾਵ ਵਿਅਕਤ ਕਰਦੇ ਹਨ-ਜਿਸਨੇ ਸਾਰੀਆਂ ਔਕੜਾਂ, ਰੁਕਾਵਟਾਂ ਨੂੰ ਦਰਕਿਨਾਰ ਕਰਕੇ ਅੰਦਰ ਦੇ ਲਾਲ ਨੂੰ ਰਿਝਾ ਲਿਆ ਹੋਵੇ, ਮੈਂ ਉਸ ਅੱਗੇ ਮਨ ਅਰਪਿਤ ਕਰਾਂ। ਆਪਣੇ ਬੱਚੇ ਦਾ ਪਤਾ ਹੁੰਦੈ। ਸ਼ਰਾਰਤੀ ਬੱਚਾ। ਚੰਚਲ ਮਨ... ਕਿਸ ਸਕੂਲ ਵਿਚ, ਕਿਸ ਆਚਾਰਿਆ, ਕਿਸ ਗੁਰੂ ਕੋਲ, ਸਮਰਪਿਤ ਕਰਾਂ, ਜਿਹੜਾ ਇਸ ਮਨ ਨੂੰ-ਪੂਰੀ ਤਰ੍ਹਾਂ ਅਨੁਸ਼ਾਸਿਤ ਕਰਦੈ, ਵਿੱਦਿਆ ਵਿਚ ਮਾਹਿਰ ਕਰਦੈ। ਅੰਮ੍ਰਿਤਸਰ ਜ਼ਿਲੇ ਦੇ 'ਮੁਹਾਵੇ ਪਿੰਡ' ਦਾ ਬਾਲਕ ਕੇਸਰ ਸਿੰਘ। 1867 ਵਿਚ ਸਤਿਗੁਰੂ ਰਾਮ ਸਿੰਘ ਦੇ ਅੰਮ੍ਰਿਤਸਰ ਦੌਰੇ ਸਮੇਂ ਵਿੱਦਿਆ ਗੁਰੂ ਪ੍ਰੇਮ ਸਿੰਘ ਤੋਂ-ਸਤਿਗੁਰੂ ਜੀ ਦੇ ਜਾਹੋ-ਜਲਾਲ ਦੀ ਚਰਚਾ ਸੁਣ ਅੰਦਰ ਲਲਕ ਉੱਠੀ। ਆਪਣੇ ਪਿਤਾ ਬਾਬਾ ਚੰਦਾ ਸਿੰਘ ਨਾਲ ਨਾਮਧਾਰੀ ਸੰਗਤ ਦੀ ਇਕੱਤਰਤਾ ਵਿਚ ਇਲਾਕੇ ਦੇ ਸੂਬੇ ਬ੍ਰਹਿਮਾ ਸਿੰਘ ਤੋਂ ਭਜਨ ਲੈ ਲਿਆ। ਪਰ ਸੂਬਾ ਜੀ ਨੇ ਬਚਨ ਕੀਤਾ, ਭਜਨ ਤੇ-ਮੈਂ ਦੇ ਦਿੱਤਾ ਹੈ, ਸਤਿਗੁਰਾਂ ਤੋਂ ਮੋਹਰ ਲਵਾ ਲਈਂ। ਕੁਝ ਸਮੇਂ ਬਾਅਦ ਸਤਿਗੁਰ ਜੀ ਦੇ 'ਲੋਪੋਕਿਆਂ' ਦੌਰੇ ਸਮੇਂ ਦੀਵਾਨ ਵਿਚ ਪੁੱਜੇ। ਸੂਬਾ ਬ੍ਰਹਿਮਾ ਸਿੰਘ ਦੇ ਬਚਨ ਅਨੁਸਾਰ, ਭਜਨ 'ਤੇ ਮੋਹਰ ਲਾਉਣ ਦੀ ਅਰਜ਼ ਕੀਤੀ। ਸਤਿਗੁਰਾਂ ਗਹੁ ਨਾਲ ਵੇਖਿਆ, ਵਿਦਿਆਰਥੀ ਮਨ ਦੀ ਸ਼ਨਾਖਤ ਕੀਤੀ ਤੇ ਮੁਸਕਰਾ ਕੇ ਭਜਨ ਦੇਣ ਲੱਗੇ। ਆਪ ਬਾਬਾ ਕੇਸਰ ਸਿੰਘ ਜੀ ਦੱਸਦੇ ਸਨ ਕਿ ਪੰਜ-ਪੰਜ ਵਾਰ ਦੁਹਾਂ ਕੰੰਨਾਂ ਵਿਚ ਭਜਨ ਦੇਣ ਦੀ ਮਰਿਆਦਾ ਹੈ। ਮੈਨੂੰ ਤਿੰਨ ਵਾਰ ਤਕ ਹੋਸ਼ ਰਹੀ। ਫਿਰ ਹੋਸ਼ ਨਾ ਰਹੀ... ਬੁੱਧ ਨਾ ਰਹੀ। ਨਾਮ ਦੀ ਰੰਗਣਾ ਵਿਚ ਰੰਗੇ ਗਏ। ਨਾਮ ਦੀ ਮਸਤੀ, ਇਕ ਗੈਬੀ ਸ਼ਕਤੀ ਰੂਪ ਸਵਾਰ ਹੋ ਗਈ। ਜਦੋਂ ਰੰਗ ਵਿਚ ਆਉਂਦੇ ਤਾਂ ਵਾਹਿਗੁਰੂ ਕੇਸਰ। ਕੇਸਰ ਵਾਹਿਗੁਰੂ। ਕੇਸਰ ਵਿਚ ਵਾਹਿਗੁਰੂ... ਵਾਹਿਗੁਰੂ ਵਿਚ ਕੇਸਰ, ਕਹਿੰਦੇ ਦੌੜ ਜਾਂਦੇ। ਵਾਹਦਤ ਦੀ ਇਸੇ ਅਵਸਥਾ ਵਿਚ ਬਾਦਸ਼ਾਹੀ ਮਸਜਿਦ ਲਾਹੌਰ ਚਲੇ ਗਏ। ਅੱਲ੍ਹਾ, ਅੱਲ੍ਹਾ, ਅੱਲ੍ਹਾ! ਮੈਂ ਅੱਲ੍ਹਾ.....ਮੈਂ ਅੱਲ੍ਹਾ! ਵੱਡੇ-ਵੱਡੇ ਆਲਿਮ ਤੇ ਮੌਲਵੀਆਂ ਨੇ ਸੰਤਾਂ ਦੀ ਰੂਹਾਨੀ ਰੰਗਤ ਵੇਖ ਕੇ ਅਦਬ ਨਾਲ ਸਿਰ ਝੁਕਾ ਲਏ।
ਸੰਨ 1896 ਵਿਚ ਯੁਵਕ ਸੋਹਣ ਸਿੰਘ ਦੀ ਮਾਤਾ ਆਈ। ਅੱਖਾਂ ਵਿਚ ਹੰਝੂਆਂ ਨਾਲ, ਬਾਬਾ ਜੀ ਅੱਗੇ ਬੇਨਤੀ ਕੀਤੀ, ''ਮੇਰਾ ਪੁੱਤਰ ਨਸ਼ਿਆਂ ਵਿਚ ਪੈ ਗਿਆ ਹੈ। ਵੈਸ਼ਯਾਗਾਮੀ ਵੀ ਹੈ। ਇਸ ਦੀਆਂ ਮਾੜੀਆਂ ਆਦਤਾਂ ਛੁਡਾਓ। ਸੰਤ ਜੀ ਸੋਹਣ ਸਿੰਘ ਕੋਲ ਗਏ। ਪਿਆਰ ਪੁਚਕਾਰ ਕੇ ਨਾਲ ਰੱਖਿਆ। 1896 ਤੋਂ 1905 ਤਕ ਦਸ ਸਾਲ ਸੋਹਣ ਸਿੰਘ ਸੰਤਾਂ ਦੇ ਸੰਪਰਕ ਵਿਚ ਰਹੇ। ਉਹ ਸੋਹਣ ਸਿੰਘ ਹੁਣ ਗਦਰ ਪਾਰਟੀ ਦੇ ਬਾਨੀ ਸ. ਸੋਹਣ ਸਿੰਘ 'ਭਕਨਾ' ਬਣ ਗਏ ਸਨ। ਸੰਤਾਂ ਨੇ ਗੁਰੂ ਰਾਮ ਸਿੰਘ ਦੀ ਸਿੱਖਿਆ ਘੁਟੀ ਪਿਆ ਕੇ ਸੋਹਣ ਸਿੰਘ ਵਿਚ ਰਾਸ਼ਟਰੀ ਚੇਨਤਾ ਜਾਗ੍ਰਿਤ ਕਰ ਦਿੱਤੀ। ਇਕ ਵਾਰ ਸੋਹਣ ਸਿੰਘ ਦੀ ਮਾਤਾ ਫਿਰ ਸੰਤਾਂ ਕੋਲ ਆਈ। ਅਰਜ਼ ਕੀਤੀ, ਸੋਹਣੇ ਵਿਚ ਹੋਰ ਤਾਂ ਕੋਈ ਐਬ ਨਹੀਂ ਰਿਹਾ, ਇਕ ਪੱਟੀ ਵਾਲੀ ਵੇਸਵਾ ਦਾ ਸਾਥ ਨਹੀਂ ਛੱਡਦਾ। ਸੰਤ ਦੂਜੇ ਦਿਨ ਚੁੱਪ-ਚੁਪੀਤੇ, ਪੱਟੀ, ਵੇਸਵਾ ਕੋਲ ਪੁੱਜ ਗਏ। ਸਾਜ਼ਿੰਦਿਆਂ ਦੇ ਹੱਥ ਰੁਕ ਗਏ...ਨ੍ਰਤਕੀ ਦੇ ਪੈਰ ਸਹਿਮ ਗਏ। ਮਹਾਪੁਰਖ ਨੂੰ ਵੇਖ ਨ੍ਰਤਕੀ ਨੇ ਪੁੱਛਿਆ, ਅੱਜ ਨਾਚੀਜ਼ ਦੇ ਕੋਠੇ ਕਿਵੇਂ? 'ਮੈਨੂੰ ਸੋਹਣਾ ਦੇ ਦੇ'-ਸੰਤਾਂ ਨੇ ਕਿਹਾ। ਫੱਕੜ ਸੰਤ ਦੀ ਨਿਰਭੀਕ ਸਪੱਸ਼ਟ ਵਾਦਿਤਾ ਅੱਗੇ ਵੇਸਵਾ ਨੇ ਸਿਰ ਝੁਕਾ ਕੇ ਅਭਿਵਾਦਨ ਕੀਤਾ ਤੇ ਕਿਹਾ, ''ਅੱਜ ਤੋਂ ਹੀ ਦਿੱਤਾ।'' ਕੁਝ ਦਿਨਾਂ ਬਾਅਦ ਸ. ਸੋਹਣ ਸਿੰਘ ਵੇਸਵਾ ਕੋਲ ਗਏ ਤਾਂ ਵਚਨਬੱਧ ਵੇਸਵਾ ਨੇ ਕਿਹਾ, ਬਸ ਸਰਦਾਰ ਜੀ! ਮੈਂ ਸੰਤਾਂ ਨੂੰ ਵਚਨ ਦਿੱਤਾ ਹੈ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਹਨ-ਜਿਸ ਸੂਰਮੇ ਨੇ ਸੰਸਾਰ ਦੇ ਸਾਰੇ ਵਿਕਾਰਾਂ ਨੂੰ ਵੱਸ ਕਰ ਲਿਆ ਹੋਵੇ... ਸਰੀਰ ਦੇ ਕਿਲੇ ਵਿਚ, ਸਤਿਚਿਤ ਆਨੰਦ ਵਿਚ ਆਹਲਾਦਿਤ, ਆਤਮਾ ਨੂੰ ਰਿਝਾ ਲਿਆ ਹੋਵੇ-ਹਉ ਤਿਸ ਆਗੈ ਮਨ ਡੇਹੀਆ।
- ਗੁਰੂਬਚਨ ਸਿੰਘ ਨਾਮਧਾਰੀ
ਕੀ ਤੁਸੀਂ ਵੀ ਰੱਬ 'ਤੇ ਹੱਸਦੇ ਹੋ?
NEXT STORY