ਸਕੂਲ ਵਿਚ ਜਦ ਪੜ੍ਹਦੇ ਸੀ ਤਾਂ ਹੌਲੀ-ਹੌਲੀ ਖ਼ੁਦ ਦੇ ਬਚਪਨ ਤੋਂ ਬਾਹਰਲੀ ਦੁਨੀਆ ਦਾ ਪਤਾ ਲੱਗਣ ਲੱਗਾ ਤਾਂ ਲੋਕ ਤੇ ਹਰ ਸ਼ਹਿਰ ਤੇ ਹਰ ਦੇਸ਼ ਬਹੁਤ ਪਿਆਰਾ ਤੇ ਬਹੁਤ ਆਪਣਾ ਲੱਗਦਾ ਹੁੰਦਾ ਸੀ, ਲੱਗਦਾ ਹੁੰਦਾ ਸੀ ਕਿ ਵੱਡੇ ਹੋ ਕੇ ਅਸੀਂ ਦੂਜਿਆਂ ਲਈ ਇਹ ਕਰਾਂਗੇ, ਉਹ ਕਰਾਂਗੇ ਤੇ ਆਪਣੇ ਆਪ 'ਤੇ ਪੂਰਾ ਯਕੀਨ ਹੁੰਦਾ ਸੀ ਕਿ ਇੰਝ ਹੀ ਹੋਵੇਗਾ।
ਆਖਿਰ ਇਸ ਵਿਚ ਭਲਾ ਕੀ ਰੁਕਾਵਟ ਹੋ ਸਕਦੀ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਦੀ ਦੁਨੀਆ ਲਈ ਕੁਝ ਕਰਨਾ ਚਾਹੋ ਪਰ ਕੋਈ ਕਰਨ ਨਾ ਦੇਵੇ। ਘੱਟੋ-ਘੱਟ ਇਹੋ ਜਿਹੇ ਸੁਪਨੇ ਮੈਂ ਜ਼ਰੂਰ ਦੇਖੇ ਨੇ, ਕਦੀ-ਕਦੀ ਆਪਣਾ ਆਪ ਇੰਝ ਵੀ ਲੱਗਦਾ ਸੀ ਕਿ ਰੱਬ ਨੇ ਮੈਨੂੰ ਕੁਝ ਚੰਗਾ ਕਰਨ ਲਈ ਹੀ ਭੇਜਿਆ ਹੈ, ਫਿਰ ਵਕਤ ਦੀ ਚਾਲ ਨਾਲ ਜਿਵੇਂ ਸਾਰੇ ਸੁਪਨੇ, ਸਾਰੇ ਖਿਆਲ ਰੇਤ ਵਾਂਗ ਹੱਥੋਂ ਕਿਰ ਗਏ। ਹਾਲਾਤ ਇਥੋਂ ਤਕ ਆ ਗਏ ਕਿ ਫਿਰ ਆਪਣੇ ਆਪ ਲਈ ਵੀ ਕੋਈ ਕੁਝ ਕਰਨਾ ਔਖਾ ਲੱਗਿਆ।
ਫਿਰ ਹੌਲੀ-ਹੌਲੀ ਇਸ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੱਤਾ ਕਿ ਸਮੇਂ ਦੀ ਆਪਣੀ ਚਾਲ ਹੁੰਦੀ ਹੈ ਤੇ ਇਸ ਲਈ ਕੋਈ ਵੀ ਕੁਝ ਨਹੀਂ ਕਰ ਸਕਦਾ। ਕਿਤੇ ਇੰਝ ਨਹੀਂ ਕਿ ਮੈਂ ਹੀ ਹਾਰ ਚੱਲੀ ਸੀ, ਸਾਰੇ ਹੀ ਹਾਰੇ ਹੋਏ ਮਜਬੂਰ ਤੇ ਬੇਆਸ ਲੱਗ ਰਹੇ ਸਨ। ਆਲੇ-ਦੁਆਲੇ ਦੀਆਂ ਕਦਰਾਂ-ਕੀਮਤਾਂ ਖ਼ੁਦ ਦੀਆਂ ਕੀਮਤਾਂ ਨਾਲੋਂ ਬਿਲਕੁਲ ਹੀ ਵੱਖਰੀਆਂ ਲੱਗਣ ਲੱਗ ਪਈਆਂ ਤੇ ਸਿਆਸੀ ਲੋਕ ਕਿਰਦਾਰ ਪੱਖੋਂ ਇੰਨੇ ਗਿਰੇ ਲੱਗਦੇ ਕਿ ਯਕੀਨ ਨਾ ਆਉਂਦਾ ਤੇ ਲੋਕ ਵੀ ਉਨ੍ਹਾਂ ਤੋਂ ਕੰਮ ਲੈਣ ਲਈ ਇੰਝ ਡਿੱਗਣ ਲੱਗੇ, ਜਿਵੇਂ ਆਪਣੇ ਵਿਚ ਕੋਈ ਅਣਖ ਹੀ ਨਾ ਹੋਵੇ। ਆਪਣੇ ਆਪ ਨੂੰ ਇਸ ਤਰ੍ਹਾਂ ਤਸੱਲੀ ਦੇਣ ਵਿਚ ਧੋਖਾ ਦੇਣਾ ਸਿੱਖ ਲਿਆ ਕਿ ਬੁਰੇ ਵੇਲੇ ਆ ਗਏ ਨੇ, ਵੱਡਿਆਂ ਦੇ ਆਖਣ ਵਾਂਗ ਕਲਯੁੱਗ ਆ ਗਿਆ ਹੈ। ਜੋ ਦਿਲ ਬਚਪਨ ਵਿਚ ਉਮੀਦਾਂ 'ਤੇ ਕੁਝ ਕਰ ਸਕਣ ਦੀ ਹਿੰਮਤ ਨਾਲ ਭਰਿਆ ਹੁੰਦਾ ਸੀ, ਹੁਣ ਉਹੀ ਦਿਲ ਘੁੱਪ ਕਾਲੇ ਹਨੇਰੇ ਨਾਲ ਭਰਿਆ ਜਾਪਦਾ। ਫਿਰ ਹੌਲੀ-ਹੌਲੀ ਸਮਾਜ ਦੀਆਂ ਤੇ ਲੋਕਾਂ ਦੀਆਂ ਸਾਰੀਆਂ ਬੁਰਾਈਆਂ ਇਕ ਨਾਰਮਲ ਗੱਲ ਵਾਂਗ ਲੱਗਣ ਲੱਗ ਪਈਆਂ।
ਇਕ ਵਾਰ ਕਿਸੇ ਨੇ ਅੰਗਰੇਜ਼ੀ ਦੇ ਮਸ਼ਹੂਰ ਲਿਖਾਰੀ ਬਰਨਾਰਡ ਸ਼ਾਅ ਨੂੰ ਪੁੱਛਿਆ ਖ਼ਬਰ ਤੋਂ ਕੀ ਮਤਲਬ ਹੈ ਤਾਂ ਉਸ ਨੇ ਜੁਆਬ ਦਿੱਤਾ ਕੇ ਜੇ ਕੋਈ ਕੁੱਤਾ ਆਦਮੀ ਨੂੰ ਵੱਢ ਲਵੇ ਤਾਂ ਉਹ ਖ਼ਬਰ ਨਹੀਂ ਪਰ ਜੇ ਕੋਈ ਆਦਮੀ ਕਿਸੇ ਕੁੱਤੇ ਨੂੰ ਵੱਢ ਦੇਵੇ ਤਾਂ ਉਹ ਖ਼ਬਰ ਹੁੰਦੀ ਹੈ। ਜ਼ਾਹਿਰ ਹੈ ਕਿ ਅਖਬਾਰ ਦੀਆਂ ਸਾਰੀਆਂ ਖ਼ਬਰਾਂ ਜੇ ਨਹੀਂ ਤਾਂ ਘੱਟੋ-ਘੱਟ ਅੱਧੀਆਂ ਖ਼ਬਰਾਂ ਤਾਂ ਜ਼ਰੂਰ ਇਹੋ ਜਿਹੀਆਂ ਗੱਲਾਂ ਦੀਆਂ ਹੁੰਦੀਆਂ ਹਨ, ਜੋ ਸਾਡੇ ਸਮਾਜ ਵਿਚ ਨਹੀਂ ਹੋਣੀਆਂ ਚਾਹੀਦੀਆਂ। ਕਿਤੇ ਕੋਈ ਕਤਲ, ਬਲਾਤਕਾਰ, ਚੋਰੀ, ਠੱਗੀ, ਧੋਖਾ-ਧੜੀ ਹੁੰਦੀ ਹੈ ਤਾਂ ਅਸੀਂ ਇਹੋ ਜਿਹੇ ਹਾਦਸੇ ਇਕ ਖ਼ਬਰ ਵਾਂਗ ਪੜ੍ਹ ਕੇ ਅਖ਼ਬਾਰ ਨੂੰ ਇੰਝ ਪਾਸੇ ਰੱਖ ਦਿੰਦੇ ਹਾਂ ਜਿਵੇਂ ਇਹ ਕੋਈ ਨਾਰਮਲ ਗੱਲ ਹੋਵੇ। ਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਹੁਣ ਇਹੋ ਜਿਹੀਆਂ ਖ਼ਬਰਾਂ ਦੇ ਇੰਨੇ ਆਦੀ ਹੋ ਚੁੱਕੇ ਹਾਂ ਕਿ ਕੋਈ ਹੈਰਾਨੀ ਨਹੀਂ ਹੁੰਦੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਜੇ ਇਹੀ ਕਤਲ, ਬਲਾਤਕਾਰ ਜਾਂ ਚੋਰੀ ਬਿਲਕੁਲ ਸਾਡੇ ਸ਼ਹਿਰ ਵਿਚ ਜਾਂ ਕਿਸੇ ਜਾਣ-ਪਛਾਣ ਵਾਲੇ ਜਾਂ ਮਿੱਤਰ-ਪਿਆਰੇ ਨਾਲ ਹੋ ਜਾਵੇ ਤਾਂ ਫਿਰ ਅਸੀਂ ਜ਼ਰੂਰ ਘਬਰਾ ਜਾਂਦੇ ਹਾਂ ਤੇ ਉਹ ਖ਼ਬਰ ਸਾਡੇ ਮਨਾਂ 'ਤੇ ਅਸਰ ਕਰਦੀ ਹੈ ਤੇ ਹਾਦਸੇ ਤੋਂ ਕਈ ਦਿਨਾਂ ਤਕ ਉਹ ਗੱਲ ਸਾਡੇ ਮਨਾਂ ਵਿਚ ਆਉਂਦੀ ਰਹਿੰਦੀ ਹੈ ਤੇ ਫਿਰ ਅਕਸਰ ਇਹੀ ਸੁਣਨ ਨੂੰ ਮਿਲਦਾ ਹੈ, ''ਘੋਰ ਕਲਯੁੱਗ ਆ ਗਿਆ ਹੈ! ਆਦਿ-ਆਦਿ!!''
ਅਸੀਂ ਇਕਦਮ ਹੀ ਸਮਾਜ ਦੀਆਂ ਸਾਰੀਆਂ ਬੁਰੀਆਂ ਹੋਣੀਆਂ ਨੂੰ ਕਲਯੁੱਗ ਦੇ ਮੋਢਿਆਂ 'ਤੇ ਲੱਦ ਕੇ ਸੁਰਖੁਰੂ ਹੋ ਜਾਂਦੇ ਹਾਂ- ਇਕ ਮਿੰਟ ਲਈ ਵੀ ਅਸੀਂ ਇਹ ਸੋਚਣਾ ਪਸੰਦ ਨਹੀਂ ਕਰਦੇ ਕਿ ਅਸੀਂ ਵੀ ਇਸ ਸਮਾਜ ਦਾ ਇਕ ਹਿੱਸਾ ਹਾਂ ਤੇ ਸਾਡੀ ਕੋਈ ਜ਼ਿੰਮੇਵਾਰੀ ਹੈ। ਕਦੀ ਖਿਆਲ ਨਹੀਂ ਆਉਂਦਾ ਕਿ ਸਾਡੇ ਹੁੰਦਿਆਂ ਇੰਝ ਨਹੀਂ ਸੀ ਹੋਣਾ ਚਾਹੀਦਾ। ਪਰ ਸੋਚਣ ਦੀ ਗੱਲ ਹੈ ਕਿ ਬੁਰਾ ਕਦ ਨਹੀਂ ਸੀ ਹੁੰਦਾ? ਚੰਗੇਜ਼ ਖਾਂ, ਤੈਮੂਰ, ਨਾਦਿਰ ਸ਼ਾਹ, ਹਿਟਲਰ ਤੇ ਹੋਰ ਅਜਿਹੇ ਕਈ ਲੋਕ ਜੋ ਜਿਥੇ ਵੀ ਗਏ ਜਾਂ ਰਹੇ, ਤਬਾਹੀ ਦਾ ਇਤਿਹਾਸ ਹੀ ਰਚਦੇ ਗਏ।
ਪਿਛਲੇ ਕੁਝ ਦਿਨਾਂ ਵਿਚ ਕੁਝ ਕਿਤਾਬਾਂ ਪੜ੍ਹ ਰਹੀ ਸੀ। ਗੌਤਮ ਬੁੱਧ ਜਦ ਆਪਣਾ ਰਾਜ ਮਹਿਲ ਛੱਡ ਜੰਗਲਾਂ 'ਚ ਚਲੇ ਗਏ ਤਾਂ ਉਨ੍ਹਾਂ ਦਾ ਟੀਚਾ ਜ਼ਿੰਦਗੀ ਦੇ ਸਹੀ ਅਰਥਾਂ ਨੂੰ ਸਮਝਣ ਦਾ ਸੀ ਪਰ ਜਦ ਉਨ੍ਹਾਂ ਨੂੰ ਗਿਆਨ ਦਾ ਚਾਨਣ ਹੋਇਆ ਤਾਂ ਉਨ੍ਹਾਂ ਲੋਕਾਂ ਨਾਲ ਰੱਬ, ਭਗਤੀ ਤੇ ਗਿਆਨ ਦੀ ਗੱਲ ਨਹੀਂ ਕੀਤੀ। ਉਨ੍ਹਾਂ ਤਾਂ ਹਰ ਪਿੰਡ ਵਿਚ ਇਹ ਪਹਿਲੋਂ ਹੀ ਅਖਵਾਣਾ ਸ਼ੁਰੂ ਕਰ ਦਿੱਤਾ ਸੀ ਕਿ ਰੱਬ ਜਾਂ ਗਿਆਨ ਬਾਰੇ ਕੁਝ ਪੁੱਛਣਾ ਹੀ ਨਾ! ਬਲਕਿ ਉਹ ਜਦ ਵੀ ਬੋਲਦੇ ਤਾਂ ਇਕ ਸਹੀ ਜ਼ਿੰਦਗੀ ਜਿਉਣ ਲਈ ਹੀ ਬੋਲਦੇ¸ਉਹ ਕੋਈ ਦੋ ਹਜ਼ਾਰ ਸਾਲ ਪਹਿਲਾਂ ਹੋਏ ਹਨ ਤੇ ਗਿਆਨ ਪ੍ਰਾਪਤੀ ਤੋਂ ਬਾਅਦ 40 ਸਾਲ ਤਕ ਉਹ ਲੋਕਾਂ ਨੂੰ ਕੁਰੀਤੀਆਂ ਤੋਂ ਦੂਰ ਰਹਿਣ ਲਈ ਹੀ ਆਖਦੇ ਰਹੇ। ਇਸੇ ਤਰ੍ਹਾਂ ਹੀ ਭਗਵਾਨ ਮਹਾਵੀਰ ਨੇ ਲੋਕਾਂ ਨੂੰ ਇਕ ਸੱਚਾ-ਸੁੱਚਾ ਜੀਵਨ ਬਿਤਾਉਣ ਲਈ ਕਿਹਾ। ਇਸ ਤੋਂ ਹੋਰ ਪਹਿਲਾਂ ਦੂਰ ਜਾਈਏ ਤਾਂ ਵੇਦਾਂ ਦੇ ਜ਼ਮਾਨਿਆਂ ਵਿਚ ਵੀ ਉਸ ਵੇਲੇ ਦੇ ਰਿਸ਼ੀ-ਮੁਨੀ ਲੋਕਾਂ ਨੂੰ ਇਹੀ ਕੁਝ ਸਮਝਾ ਰਹੇ ਸਨ। ਰਾਮ, ਕ੍ਰਿਸ਼ਨ ਦੇ ਸਮੇਂ ਜਾਂ ਉਹ ਵੇਲੇ, ਜੋ ਉਨ੍ਹਾਂ ਦੇ ਹੋਣ ਕਰਕੇ ਚੰਗੇ ਵੇਲੇ ਹੀ ਹੋਣੇ ਚਾਹੀਦੇ ਸਨ ਪਰ ਉਨ੍ਹਾਂ ਦੇ ਨਾਲ-ਨਾਲ ਹੀ ਰਾਵਣ ਤੇ ਕੰਸ ਅਤੇ ਦ੍ਰੋਪਦੀ ਨੂੰ ਨੰਗਾ ਕਰਨ ਵਾਲੇ ਕੌਰਵ ਵੀ ਉਨ੍ਹਾਂ ਸਮਿਆਂ ਵਿਚ ਹੀ ਹੋਏ ਹਨ। ਕੀ ਇਹ ਰਾਵਣ ਤੇ ਕੰਸ ਕਲਯੁੱਗ ਦੇ ਹੀ ਕਿਰਦਾਰ ਨਹੀਂ ਲੱਗਦੇ? ਤਾਂ ਫਿਰ ਬੁਰੇ ੇਵੇਲੇ ਕਦ ਨਹੀਂ ਸਨ। ਸਮਾਜ ਤੇ ਦੁਨੀਆ ਵਿਚ ਬੁਰਾਈਆਂ ਹਮੇਸ਼ਾ ਹੀ ਰਹੀਆਂ ਹਨ। ਸੱਚ ਤਾਂ ਇਹ ਹੈ ਕਿ ਜੇ ਦੁਨੀਆ ਤੇ ਜ਼ਿੰਦਗੀ ਵਿਚ ਬੁਰਾਈਆਂ ਤੇ ਕਲਯੁੱਗ ਦੇ ਪਲ ਹਰ ਯੁੱਗ ਵਿਚ ਨਾ ਰਹੇ ਹੁੰਦੇ ਤਾਂ ਨਾ ਹੀ ਗੌਤਮ ਬੁੱਧ, ਮਹਾਵੀਰ, ਗੁਰੂ ਨਾਨਕ ਵਰਗੀਆਂ ਜਾਗ੍ਰਿਤ ਰੂਹਾਂ ਇਸ ਦੁਨੀਆ ਵਿਚ ਹੁੰਦੀਆਂ ਤੇ ਨਾ ਹੀ ਗੀਤਾ, ਕੁਰਾਨ, ਬਾਈਬਲ ਤੇ ਗ੍ਰੰਥ ਸਾਹਿਬ ਵਰਗੀਆਂ ਸਿੱਖਿਆਵਾਂ ਤੇ ਪਾਕ ਕਿਤਾਬਾਂ ਮਨੁੱਖਤਾ ਨੂੰ ਮਿਲਦੀਆਂ।
ਇਨ੍ਹਾਂ ਪਾਕ ਕਿਤਾਬਾਂ ਦਾ ਹੋਣਾ ਤੇ ਇਨ੍ਹਾਂ ਗੁਰੂਆਂ, ਰਿਸ਼ੀਆਂ ਤੇ ਬੁੱਧ ਵਰਗੇ ਲੋਕਾਂ ਦਾ ਮਤਲਬ ਵੀ ਇਹੀ ਹੈ ਕਿ ਕਲਯੁੱਗ ਹਮੇਸ਼ਾ ਤੋਂ ਹੀ ਹਰ ਯੁੱਗ ਦੇ ਨਾਲ-ਨਾਲ ਹੀ ਰਿਹਾ ਹੈ। ਇਹ ਕੋਈ ਵੱਖਰੇ ਯੁੱਗ ਨਹੀਂ, ਬਲਕਿ ਇਨਸਾਨ ਦੇ ਅੰਦਰ ਹੀ ਵਸਦੇ ਨੇ। ਅਸੀਂ ਆਪਣੇ-ਆਪਣੇ ਕਰਮਾਂ ਤੇ ਸੋਚਣੀ ਨਾਲ ਹੀ ਆਪਣੇ ਅੰਦਰ ਸਤਿਗੁਰੂ ਤੇ ਕਲਯੁੱਗ ਪੈਦਾ ਕਰ ਲੈਂਦੇ ਹਾਂ। ਉਂਝ ਤਾਂ ਵੇਦ ਹੀ ਸਭ ਤੋਂ ਪੁਰਾਣੀਆਂ ਕਿਤਾਬਾਂ ਮੰਨੀਆਂ ਜਾਂਦੀਆਂ ਹਨ ਪਰ ਕਹਿੰਦੇ ਨੇ ਕਿ ਚੀਨ ਵਿਚ ਵੇਦਾਂ ਤੋਂ ਵੀ ਪੁਰਾਣੀਆਂ ਤੇ ਪਹਿਲਾਂ ਦੇ ਲਿਖੇ ਹੋਏ ਕੁਝ ਖਰੜੇ ਮਿਲੇ ਹਨ। ਕਿਸੇ ਜਾਨਵਰ ਦੀ ਚਮੜੀ 'ਤੇ ਲਿਖਿਆ ਹੋਇਆ ਇਕ ਦਸਤਾਵੇਜ਼ ਮਿਲਿਆ ਹੈ, ਜੋ ਕੋਈ ਛੇ ਹਜ਼ਾਰ ਸਾਲ ਪੁਰਾਣਾ ਮੰਨਿਆ ਗਿਆ ਹੈ ਤੇ ਜੇ ਤੁਸੀਂ ਉਸ ਚਮੜੇ ਦੇ ਟੁਕੜੇ 'ਤੇ ਲਿਖੇ ਹੋਏ ਮਜ਼ਬੂਨ ਨੂੰ ਪੜ੍ਹੋ ਤਾਂ ਉਹ ਮਜ਼ਬੂਨ ਜਿਵੇਂ ਅਜੋਕੇ ਵੇਲਿਆਂ ਦੀ ਹੀ ਕੋਈ ਗੱਲ ਹੋਵੇ, ਬਿਲਕੁਲ ਹੀ ਜਿਵੇਂ ਹੁਣ 'ਤੇ ਲਾਗੂ ਹੁੰਦੀ ਹੋਵੇ, ਜਿਵੇਂ ਕਿਸੇ ਸੋਸ਼ਿਓਲੋਜੀ ਦੇ ਪ੍ਰੋਫੈਸਰ ਨੇ ਲਿਖਿਆ ਹੋਵੇ¸ਅੱਜਕਲ ਦੇ ਪੁੱਤਰ ਆਪਣੇ ਬਾਪ ਦੀ ਇੱਜ਼ਤ ਕਰਨੋਂ ਹਟ ਗਏ ਹਨ। ਉਹ ਰੋਜ਼-ਰੋਜ਼ ਆਪਣੇ ਮਾਪਿਆਂ ਦੇ ਵਿਰੁੱਧ ਹੋ ਰਹੇ ਹਨ, ਪਤਨੀਆਂ ਬੇਵਫ਼ਾ ਹੁੰਦੀਆਂ ਜਾਂਦੀਆਂ ਹਨ (ਅੱਜ ਵਾਂਗ ਉਦੋਂ ਵੀ ਮਰਦ ਪ੍ਰਧਾਨ ਸਮਾਜ ਦੀ ਸੋਚਣੀ), ਹੁਣ ਜ਼ਮਾਨਾ ਕਿੰਨਾ ਬਦਲ ਗਿਆ ਹੈ ਤੇ ਕਦਰਾਂ-ਕੀਮਤਾਂ ਕਿਵੇਂ ਗਿਰ ਰਹੀਆਂ ਹਨ।
ਅੱਜਕਲ ਦੇ ਸ਼ਿਸ਼ ਆਪਣੇ ਗੁਰੂਆਂ ਨੂੰ ਸਤਿਕਾਰ ਨਹੀਂ ਦਿੰਦੇ¸ਉਨ੍ਹਾਂ ਕੋਲ ਉਹ ਪੁਰਾਣੀ ਸ਼ਰਧਾ ਹੀ ਨਹੀਂ ਰਹੀ।'' ਤੇ ਮਜ਼ੇ ਦੀ ਗੱਲ ਇਹ ਹੈ ਕਿ ਲਿਖਾਰੀ ਸਾਡੇ ਵਾਂਗ ਹੀ ਆਖਦਾ ਹੈ, ''ਰੱਬਾ! ਉਹ ਪੁਰਾਣੇ ਦਿਨ ਕਿੱਥੇ ਗਏ? ਇਹ ਤੂੰ ਕਿਹੜੇ ਜਨਮਾਂ ਦਾ ਸਾਡੇ ਕੋਲੋਂ ਬਦਲਾ ਲੈ ਰਿਹਾ ਹੈ?'' ਛੇ ਹਜ਼ਾਰ ਸਾਲ ਪਹਿਲਾਂ ਦੇ ਇਸ ਆਦਮੀ ਦੀ ਸ਼ਿਕਾਇਤ ਅੱਜ ਦੇ ਆਦਮੀ ਨਾਲੋਂ ਕਿਤੇ ਵੀ ਵੱਖਰੀ ਨਹੀਂ, ਕਿਤੋਂ ਵੀ ਵੱਖਰੀ ਨਹੀਂ। ਉਦੋਂ ਵੀ ਅੱਜਕਲ ਵਾਂਗ ਹੀ ਦੁੱਖ ਸਨ, ਤਕਲੀਫਾਂ ਸਨ, ਇਹੀ ਫਸਾਦ ਤੇ ਇਹੀ ਕਲਯੁੱਗ।
ਸੋ ਕਲਯੁੱਗ ਤੇ ਸਤਯੁਗ ਹਮੇਸ਼ਾ ਨਾਲ-ਨਾਲ ਹੀ ਰਹਿੰਦੇ ਹਨ। ਅਸੀਂ ਖ਼ੁਦ ਹੀ ਸਤਯੁਗ ਹਾਂ ਤੇ ਖ਼ੁਦ ਹੀ ਅਸੀਂ ਕਲਯੁੱਗ ਹਾਂ। ਆਓ, ਇੰਨੀ ਹਿੰਮਤ ਰੱਖਣੀ ਸਿੱਖੀਏ ਕਿ ਆਖ ਸਕੀਏ ਕਿ ਜੋ ਕੁਝ ਸਮਾਜ ਵਿਚ ਬੁਰਾ ਹੋ ਰਿਹਾ ਹੈ, ਉਸ ਲਈ ਮੈਂ ਵੀ ਬਹੁਤ ਹੱਦ ਤਕ ਜ਼ਿੰਮੇਵਾਰ ਹਾਂ। ਕਲਯੁੱਗ ਦੀ ਜਦ ਅਸੀਂ ਗੱਲ ਕਰਦੇ ਹਾਂ ਤਾਂ ਸਹੀ ਅਰਥਾਂ ਵਿਚ ਅਸੀਂ ਆਪਣੇ ਆਪ ਨੂੰ ਚੰਗਾ ਬਣਨ ਦੀ ਜ਼ਿੰਮੇਵਾਰੀ ਤੋਂ ਬਚਾ ਕੇ ਕਲਯੁੱਗ ਦੇ ਸਿਰ ਮੜ੍ਹ ਦਿੰਦੇ ਹਾਂ। ਅਸੀਂ ਬਾਜ਼ੀ ਨੂੰ ਜਿੱਤਣ ਜਾਂ ਕੁਝ ਚੰਗਾ ਕਰਨ ਲਈ ਸੋਚਦੇ ਹੀ ਨਹੀਂ। ਕਿਉਂ ਨਹੀਂ ਅਸੀਂ ਮੰਨਦੇ ਕਿ ਸਾਡੇ ਵਿਚ ਉਹ ਦਲੇਰੀਆਂ ਨਹੀਂ।
ਜ਼ਰਾ ਸੋਚੋ, ਜੇ ਸਾਰੇ ਬੁੱਧ, ਪੈਗੰਬਰ, ਮਹਾਵੀਰ ਤੇ ਭਗਤ ਇੰਝ ਹੀ ਚੁੱਪ ਕਰ ਜਾਂਦੇ ਤਾਂ ਅਸੀਂ ਕਿੰਨੇ ਸੁਹੱਪਣ ਤੋਂ ਤੇ ਕਿੰਨੀ ਰੌਸ਼ਨੀ ਤੋਂ ਵਾਂਝੇ ਰਹਿ ਜਾਂਦੇ। ਹਰ ਯੁੱਗ ਤੇ ਹਰ ਵੇਲੇ ਤੇ ਸਾਰੇ ਸਮਿਆਂ ਵਿਚ ਜੋ ਕੁਝ ਚੰਗੇ ਲੋਕ ਹੋਏ ਹਨ, ਜੇ ਉਹ ਨਾ ਹੋਏ ਹੁੰਦੇ ਤਾਂ ਹਾਲਾਤ ਹੋਰ ਵੀ ਖਰਾਬ, ਹੋਰ ਵੀ ਬੱਦਤਰ ਹੁੰਦੇ! ਬਹੁਤ ਜ਼ਰੂਰੀ ਹੈ ਉਸ ਰੋਸ਼ਨੀ ਨਾਲ, ਉਸ ਹਿੰਮਤ ਤੇ ਬਹਾਦਰੀ ਨਾਲ ਅਸੀਂ ਆਪਣੇ ਜੀਵਨ ਨੂੰ ਨੂਰੋ-ਨੂਰ ਕਰੀਏ।
ਵਿਛੜੇ ਪਰਿਵਾਰਾਂ ਦਾ ਇਤਿਹਾਸ
NEXT STORY