ਹਰ ਸਾਲ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਐਲਾਨ ਕੀਤਾ ਜਾਂਦਾ ਹੈ ਤਾਂ ਕੁਝ ਕੁ ਸਰਕਾਰੀ ਸਕੂਲਾਂ ਨੂੰ ਛੱਡ ਕੇ ਬਾਕੀਆਂ ਦੇ ਨਤੀਜੇ ਗਰੀਬੀ ਦਾਅਵੇ ਵਾਲੇ ਹੀ ਹੁੰਦੇ ਹਨ। ਚੋਣਵੇਂ ਜਿਹੇ ਸਰਕਾਰੀ ਸਕੂਲਾਂ ਦੇ ਨਾਮ ਹੀ ਪੜ੍ਹਨ ਨੂੰ ਮਿਲਦੇ ਹਨ, ਜਿਨ੍ਹਾਂ ਦੇ ਤਾਲਿਬਇਲਮ ਕੋਈ ਉਚੇਰੀਆਂ ਅਤੇ ਵਡੇਰੀਆਂ ਮੱਲਾਂ ਮਾਰਦੇ ਹਨ ਬਾਕੀ ਸਕੂਲਾਂ ਦੇ ਬੱਚੇ ਤਾਂ ਪਾਸ ਹੋਣ ਲਈ ਨਿਰਧਾਰਿਤ ਅੰਕਾਂ ਤੱਕ ਵੀ ਔਖਿਆਲੇ ਹੀ ਪਹੁੰਚਦੇ ਹਨ। ਇਨ੍ਹਾਂ 'ਚੋਂ ਕਈ ਤਾਂ ਅਜਿਹੇ ਵੀ ਹਨ ਜਿਹੜੇ ਪ੍ਰਮੁੱਖ ਵਿਸ਼ਿਆਂ 'ਚੋਂ ਲਟਕ ਕੇ ਕੰਪਾਰਟਮੈਂਟ ਦੇ ਰੂਪ 'ਚ ਰਹਿ ਜਾਂਦੇ ਹਨ ਅਤੇ ਆਪਣੇ ਕਾਫ਼ਲੇ (ਜਮਾਤੀਆਂ) ਨਾਲੋਂ ਪੱਛੜ ਜਾਂਦੇ ਹਨ। ਇਸ ਪਛੜੇਵੇਂ ਵਾਲੇ ਮਜ਼ਮੂਨਾਂ ਵਿਚ ਅੰਗਰੇਜ਼ੀ ਦਾ ਨਾਮ ਪ੍ਰਮੁੱਖ ਰੂਪ ਵਿਚ ਲਿਆ ਜਾਂਦਾ ਹੈ। ਓਪਰੀ ਭਾਸ਼ਾ ਹੋਣ ਕਰਕੇ ਬਹੁਤੇ ਵਿਦਿਆਰਥੀ ਅੰਗਰੇਜ਼ੀ ਦੀ ਪੜ੍ਹਾਈ 'ਚ ਜ਼ਿਆਦਾ ਅਮੀਰ ਨਹੀਂ ਹੁੰਦੇ ਅਤੇ ਇਸ 'ਚ ਆਪਣਾ ਹੱਥ ਤੰਗ ਹੀ ਮਹਿਸੂਸ ਕਰਦੇ ਹਨ। ਇਹ ਤੰਗੀ ਉਨ੍ਹਾਂ ਦੇ ਨਤੀਜੇ 'ਤੇ ਵੀ ਪੂਰੀ ਤਰ੍ਹਾਂ ਅਸਰ ਅੰਦਾਜ਼ ਹੁੰਦੀ ਹੈ ਅਤੇ ਨਤੀਜਾ-ਕਾਰਡ ਦਾ ਅੰਗਰੇਜ਼ੀ ਵਾਲਾ ਖਾਨਾ ਉਨ੍ਹਾਂ ਦਾ ਮੂੰਹ ਚਿੜਾ ਰਿਹਾ ਹੁੰਦਾ ਹੈ। ਬੋਰਡ ਵੱਲੋਂ ਇਸ ਵਾਰ ਦੇ ਐਲਾਨੇ ਗਏ ਨਤੀਜੇ 'ਚ ਜਿਥੇ ਮਾਤ-ਭਾਸ਼ਾ 'ਚੋਂ ਨਾਕਾਮਯਾਬ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ ਕਾਫੀ ਵੱਡੀ ਹੈ ਉਥੇ ਅੰਗਰੇਜ਼ੀ 'ਚੋਂ ਫੇਲ੍ਹ ਹੋਣ ਵਾਲਿਆਂ ਦਾ ਸ਼ੁਮਾਰ ਵੀ ਪੌਣੇ ਲੱਖ ਤੋਂ ਵਧੇਰੇ ਦੱਸਿਆ ਜਾ ਰਿਹਾ ਹੈ। ਇਨ੍ਹਾਂ ਭਾਸ਼ਾਵਾਂ ਦੇ ਨਿਰਸ਼ਾਜਨਕ ਨਤੀਜੇ ਨੂੰ ਲੈ ਕੇ ਸਾਡੇ ਮਾਣਯੋਗ ਵਜ਼ੀਰ-ਏ-ਤਲ਼ੀਮ ਵੀ ਕਾਫ਼ੀ ਚਿੰਤਤ ਨਜ਼ਰ ਆਏ ਹਨ।
ਅਖ਼ਬਾਰੀ ਬਿਆਨਾਂ 'ਚ ਜਿੱਥੇ ਉਨ੍ਹਾਂ ਨੇ ਆਪਣੀ ਇਸ ਚਿੰਤਾ ਦਾ ਇਜ਼ਹਾਰ ਕੀਤਾ ਹੈ ਉਥੇ ਨਾਲ ਹੀ ਰਾਜਧਾਨੀ ਵਿਚ ਅਧਿਆਪਕਾਂ ਦਾ ਇਕ ਇਕੱਠ ਕਰਕੇ ਇਨ੍ਹਾਂ ਵਿਸ਼ਿਆਂ( ਵਿਸ਼ੇਸ਼ ਕਰਕੇ ਅੰਗਰੇਜ਼ੀ) ਦੇ ਕਮਜ਼ੋਰ ਨਤੀਜਿਆਂ ਦੇ ਕਾਰਨ ਲੱਭਣ ਦਾ ਉਪਰਾਲਾ ਵੀ ਕੀਤਾ ਹੈ। ਮੰਤਰੀ ਸਾਹਿਬ ਦੀ ਇਸ ਨਿਵੇਕਲੀ ਅਤੇ ਸਹਿਯੋਗੀ ਪਹੁੰਚ ਦਾ ਸਵਾਗਤ ਕਰਨਾ ਬਣਦਾ ਹੈ ਪਰ ਮੰਤਰੀ ਸਾਹਿਬ ਦੀ ਇਸ ਪਹੁੰਚ ਨੇ ਵਿਭਾਗੀ/ਪ੍ਰਬੰਧਕੀ ਘਾਟਾਂ ਨੂੰ ਅਣਡਿੱਠ ਕਰਕੇ ਘਟੀਆ ਨਤੀਜੇ ਦਾ ਭਾਂਡਾ ਅਧਿਆਪਕਾਂ ਦੇ ਸਿਰ ਹੀ ਭੰਨ ਦਿੱਤਾ ਹੈ।ਅੰਗਰੇਜ਼ੀ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਗਿਆਨ, ਧਿਆਨ ਅਤੇ ਬਿਆਨ ਪੱਖੋਂ ਕਮਜ਼ੋਰ ਮੰਨਦੇ ਹੋਏ ਇਨ੍ਹਾਂ ਲਈ ਵਿਸ਼ੇਸ਼ ਸੈਮੀਨਾਰ ਲਗਾਉਣ ਦਾ ਲੋਕ ਲਭਾਊ/ਕੰਮ ਚਲਾਊ ਬਿਆਨ ਵੀ ਜਾਰੀ ਕਰ ਦਿੱਤਾ ਹੈ । ਸਾਡੇ ਮਾਣਯੋਗ ਸਿੱਖਿਆ ਮੰਤਰੀ ਜੀ ਨੇ ਸਰਕਾਰੀ ਰਿਵਾਇਤ ਨੂੰ ਕਾਇਮ ਰੱਖਦਿਆਂ ਹੋਇਆਂ ਜਿੱਥੇ ਮਾੜੇ ਨਤੀਜਿਆਂ ਲਈ ਅਧਿਆਪਕਾਂ ਨੂੰ ਕਟਿਹਰੇ ਵਿਚ ਖੜ੍ਹਾ ਕੀਤਾ ਹੈ ਉਥੇ ਪ੍ਰਬੰਧਕੀ-ਪੀੜ੍ਹੀ ਹੇਠ ਸੋਟਾ ਨਾ ਫੇਰ ਕੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਜਾਣ ਵਾਲੀ ਅੰਗਰਜ਼ੀ ਨਾਲ ਜੁੜੇ ਕੁੱਝ ਨਾਕਾਰਾਤਮਿਕ ਪੱਖਾਂ 'ਤੇ ਵੀ ਪਰਦਾ ਹੀ ਪਿਆ ਰਹਿਣ ਦਿੱਤਾ ਹੈ। ਆਉ! ਇਸ ਪਰਦੇ ਨੂੰ ਚੱਕ ਕੇ ਦੇਖਿਏ ਕਿ ਇਸ 'ਪਰਦੇ ਦੇ ਪਿੱਛੇ ਕੀ ਹੈ।''
ਜੇਕਰ ਸਰਕਾਰੀ ਸਕੂਲਾਂ 'ਚ ਪੜ੍ਹਾਏ ਜਾਂਦੇ ਵਿਸ਼ਿਆਂ ਦੀ ਗੱਲ ਕਰੀਏ ਤਾਂ ਵੱਖ-ਵੱਖ ਵਿਸ਼ਿਆਂ ਨੂੰ ਪੜ੍ਹਾਉਣ ਲਈ ਵੱਖਰੇ-ਵੱਖਰੇ ਵਿਸ਼ਾ ਮਾਹਿਰ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਪੰਜਾਬੀ ਨੂੰ ਪੜ੍ਹਾਉਣ ਲਈ ਪੰਜਾਬੀ ਅਧਿਆਪਕ,ਹਿੰਦੀ ਨੂੰ ਪੜ੍ਹਾਉਣ ਲਈ ਹਿੰਦੀ ਅਧਿਆਪਕ,ਗਣਿਤ ਨੂੰ ਪੜ੍ਹਾਉਣ ਲਈ ਗਣਿਤ ਅਧਿਆਪਕ ਅਤੇ ਵਿਗਿਆਨ ਨੂੰ ਪੜ੍ਹਾਉਣ ਲਈ ਵਿਗਿਆਨ ਅਧਿਆਪਕ ਅਦਿ ਰੱਖੇ ਜਾਂਦੇ ਹਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਰਕਾਰੀ ਸਕੂਲਾਂ 'ਚ ਚਿਰ ਕਾਲ ਤੋਂ ਅੰਗਰੇਜ਼ੀ (ਅੰਤਰ ਰਾਸ਼ਟਰੀ ਪੱਧਰ ਦਾ ਮਹੱਤਵ ਰੱਖਣ ਦੇ ਬਾਵਜੂਦ) ਨੂੰ ਪੜ੍ਹਾਉਣ ਲਈ ਅੰਗਰੇਜ਼ੀ ਦੇ ਅਧਿਆਪਕ ਹੀ ਨਹੀਂ ਰੱਖੇ ਜਾ ਰਹੇ। ਲੰਮੇ ਸਮੇਂ ਤੋਂ ਅੰਗਰੇਜ਼ੀ ਪੜ੍ਹਾਉਣ ਦਾ ਅਹਿਮ ਕਾਰਜ ਸਮਾਜਿਕ ਸਿੱਖਿਆ ਦੇ ਅਧਿਆਪਕਾਂ ਤੋਂ ਹੀ ਕਰਵਾਇਆ ਜਾ ਰਿਹਾ ਹੈ। ਇਸ ਤਰ੍ਹਾਂ ਕਰਕੇ ਸਰਕਾਰ/ਵਿਭਾਗ ਵਲੋਂ ਨਾ ਸਿਰਫ ਅੰਗਰੇਜ਼ੀ ਦੇ ਮਹੱਤਵ ਨੂੰ ਹੀ ਛੁੱਟਿਆਇਆ ਜਾ ਰਿਹਾ ਹੈ ਸਗੋਂ ਸਮਾਜਿਕ ਸਿੱਖਿਆ ਨੂੰ ਪੜ੍ਹਾਉਣ ਵਾਲੇ ਮਾਸਟਰ-ਮਾਸਟਰਣੀਆਂ ਨਾਲ ਵੀ ਸਰਕਾਰੀ ਧੱਕਾ ਕੀਤਾ ਜਾ ਰਿਹਾ ਹੈ। ਜੇਕਰ ਸਮਾਜਿਕ ਸਿੱਖਿਆ ਦੇ ਅਧਿਆਪਕਾਂ ਦੇ ਦੁਖਾਂਤ ਦੀ ਗੱਲ ਕਰੀਏ ਤਾਂ ਇਨ੍ਹਾਂ ਵਿਚਾਰਿਆਂ ਨੂੰ ਤਾਂ ਪਹਿਲਾਂ ਹੀ ਚਾਰ ਅਜਿਹੇ ਵਿਸ਼ੇ(ਭੂਗੋਲ,ਇਤਿਹਾਸ,ਅਰਥ ਸ਼ਾਸਤਰ ਅਤੇ ਨਾਗਰਿਕ ਸ਼ਾਸਤਰ) ਪੜ੍ਹਾਉਣੇ ਪੈਂਦੇ ਹਨ ਜਿਹੜੇ ਆਪਣੀ ਆਜ਼ਾਦ ਹੋਂਦ ਰੱਖਦੇ ਹਨ।ਸਕੂਲਾਂ ਅਤੇ ਕਾਲਜਾਂ 'ਚ ਇਨ੍ਹਾਂ ਵਿਸ਼ਿਆਂ ਦੇ ਨਾਲ ਸਬੰਧਤ ਸੁਤੰਤਰ ਵਿਭਾਗ ਸਥਾਪਿਤ ਕੀਤੇ ਜਾਂਦੇ ਹਨ ਜਿਨ੍ਹਾਂ ਨਾਲ ਜੁੜ ਕੇ ਵਿਦਿਆਰਥੀ/ਖੋਜਾਰਥੀ ਆਪਣੇ ਵਿਦਿਅਕ/ਖੋਜ ਕਾਰਜਾਂ ਨੂੰ ਨੇਪਰੇ ਚਾੜ੍ਹਦੇ ਹਨ।ਸਕੂਲ ਦੇ ਸੀਨੀਅਰ ਸੈਕੰਡਰੀ(10+2) ਵਿਭਾਗ 'ਚ ਵੀ ਇਨ੍ਹਾਂ ਮਜ਼ਮੂਨਾਂ ਦੇ ਵੱਖ-ਵੱਖ ਲੈਕਚਰਾਰ ਨਿਯੁਕਤ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਤਨਖਾਹ-ਸਕੇਲ ਵੀ ਉੱਚੇ ਰੱਖੇ ਜਾਂਦੇ ਹਨ ਪਰ ਹਾਈ ਸਕੂਲ ਤੱਕ ਦੇ ਅਧਿਆਪਕਾਂ ਕੋਲੋਂ ਆਪਣੀ ਬਣਦੀ ਤਨਖਾਹ 'ਚ ਹੀ ਇਹ ਪੰਜ ਵਿਸ਼ੇ ਪੜ੍ਹਵਾਏ ਜਾਂਦੇ ਹਨ। ਬੇਸ਼ੱਕ ਇਕ ਸਾਬਕਾ ਸਕੂਲ ਸਿੱਖਿਆ ਡਾਇਰੈਕਟਰ ਨੇ ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਦੀ ਬੁੱਤਾ-ਸਾਰ ਪੜ੍ਹਾਈ ਨੂੰ ਦੇਖਦਿਆਂ ਹੋਇਆ ਕੁਝ ਕੁ ਚੌਣਵੇਂ ਸਕੂਲਾਂ 'ਚ ਨਿਰੋਲ ਅੰਗਰਜ਼ੀ ਅਧਿਆਪਕਾਂ ਦੀ ਆਸਾਮੀਆਂ ਕਾਇਮ ਕੀਤੀਆਂ ਹਨ ਅਤੇ ਉਨ੍ਹਾਂ ਉਪਰ ਅੰਗਰੇਜ਼ੀ ਨੂੰ ਚੌਣਵੇਂ ਵਿਸ਼ੇ ਵੱਜੋਂ ਪੜ੍ਹਨ ਵਾਲੇ ਅਧਿਆਪਕਾਂ ਨੂੰ ਨਿਯੁਕਤ ਕੀਤਾ ਹੋਇਆ ਹੈ ਪਰ ਇਨ੍ਹਾਂ ਅਧਿਆਪਕਾਂ ਦੀ ਗਿਣਤੀ 'ਆਟੇ ਵਿਚ ਲੂਣ' ਦੇ ਬਰਾਬਰ ਹੈ।ਇਸ ਤਰ੍ਹਾਂ ਸਮਾਜਿਕ ਸਿੱਖਿਆ ਦੇ ਅਧਿਆਪਕ ਆਪਣੇ ਚਾਰ ਵਿਸ਼ਿਆਂ ਤੋਂ ਇਲਾਵਾ ਅੰਗਰੇਜ਼ੀ ਦੇ ਵਿਸ਼ੇ ਦਾ ਬੋਝ ਵੀ ਉਠਾਉਂਦੇ ਹਨ ਅਤੇ ਮਾੜੇ ਨਤੀਜਿਆਂ ਦੀ ਵਿਭਾਗੀ ਮਾਰ ਵੀ ਸਹਿੰਦੇ ਹਨ।ਅੰਗਰੇਜ਼ੀ ਪੜ੍ਹਾਉਣ ਵਾਲੇ ਇਨ੍ਹਾਂ ਸ.ਸ ਅਧਿਆਪਕਾਂ ਵਿਚ ਵੱਡੀ ਤਦਾਦ 'ਚ ਉਹ ਅਧਿਆਪਕ ਸ਼ਾਮਿਲ ਹਨ, ਜਿਨ੍ਹਾਂ ਨੇ ਗਰੈਜੂਏਟ ਪੱਧਰ ਤੱਕ ਅੰਗਰੇਜ਼ੀ ਨੂੰ ਸ਼ੌਂਕੀਆ (ਚੌਣਵੇਂ) ਵਿਸ਼ੇ ਵਜੋਂ ਨਾ ਪੜ੍ਹ ਕੇ ਸਿਰਫ਼ ਮਜ਼ਬੂਰੀ (ਲਾਜ਼ਮੀ) ਦੇ ਮਜ਼ਮੂਨ ਵਜੋਂ ਹੀ ਪੜ੍ਹਿਆ ਹੁੰਦਾ ਹੈ।ਮਜ਼ਬੂਰੀ ਵਿਚ ਪੜ੍ਹੇ ਵਿਸ਼ੇ ਦੀ ਪੜ੍ਹਾਈ ਵੀ ਮਜ਼ਬੂਰੀ ਵਿਚ ਹੀ ਕਰਵਾਉਣੀ ਪੈਂਦੀ ਹੈ।ਤੇ ਮਜ਼ਬੂਰੀ ਵਿਚ ਪੜ੍ਹਾਏ ਗਏ ਵਿਸ਼ੇ ਚੰਗੇ ਨਤੀਜੇ ਨਹੀਂ ਉਪਜਾ ਸਕਦੇ। ਇਹ ਹੀ ਕਾਰਨ ਹੈ ਕਿ ਬੋਰਡ ਦੇ ਨਤੀਜਿਆਂ ਵਿਚ ਅੰਗਰੇਜ਼ੀ ਦੇ ਵਿਸ਼ੇ ਵਿਚ ਵਿਦਿਆਰਥੀਆਂ ਦੇ 'ਤੋਤੇ' ਬਾਕੀ ਵਿਸ਼ਿਆਂ ਨਾਲੋਂ ਕੁਝ ਵਧੇਰੇ 'ਉੱਡਦੇ' ਹਨ ਅਤੇ ਨਮੋਸ਼ੀ ਵਿਦਿਆ-ਵਿਭਾਗ ਅਤੇ ਅਧਿਆਪਕ ਵਰਗ ਦੇ ਪੱਲੇ ਪੈਂਦੀ ਹੈ। ਮਾੜੇ ਨਤੀਜਿਆਂ ਦੀ ਨਮੋਸ਼ੀ ਤੋਂ ਬਚਣ ਲਈ ਸਰਕਾਰ/ਵਿਭਾਗ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਦੇ ਵਿਸ਼ੇ ਦੀਆਂ ਲੋੜੀਦੀਆਂ ਅਸਾਮੀਆਂ ਸਥਾਪਿਤ ਕਰੇ ਅਤੇ ਇਨ੍ਹਾਂ ਸਥਾਪਿਤ ਅਸਾਮੀਆਂ ਉਪਰ ਉਨ੍ਹਾਂ ਅਧਿਆਪਕਾਂ ਨੂੰ ਤੈਨਾਤ ਕਰੇ ਜਿਨ੍ਹਾਂ ਨੇ ਅੰਗਰੇਜ਼ੀ ਨੂੰ ਪੂਰੀ ਰੁਚੀ ਅਤੇ ਲਗਨ (ਚੋਣਵੇਂ ਵਿਸ਼ੇ ਵਜੋਂ) ਨਾਲ ਪੜ੍ਹ ਕੇ ਲੋੜੀਂਦੀ ਮੁਹਾਰਤ ਹਾਸਲ ਕੀਤੀ ਹੋਵੇ।ਇਹ ਮਾਹਿਰ ਅਧਿਆਪਕ ਹੀ ਸਹੀ ਅਰਥਾਂ ਵਿਚ ਸਰਕਾਰੀ ਸਕੂਲਾਂ ਦੇ ਤਾਲਿਬਇਲਮਾਂ ਦੀ ਅੰਗਰੇਜ਼ੀ ਦੀ ਤਲਬ ਨੂੰ ਪੂਰਾ ਕਰ ਸਕਦੇ ਹਨ ਅਤੇ ਅੰਗਰੇਜ਼ੀ ਦੇ ਨਿਰਾਸ਼ਾਜਨਕ ਨਤੀਜੇ ਨੂੰ ਆਸ਼ਾਜਨਕ ਲੀਹ 'ਤੇ ਲਿਆ ਸਕਦੇ ਹਨ।ਇਸ ਤਰ੍ਹਾਂ ਕਰਕੇ ਜਿਥੇ ਮਹਿਕਮਾ ਪੱਤਰਕਾਰ ਭਾਈਚਾਰੇ ਦੀ (ਤਿੱਖੀਆਂ ਪਰ ਸੱਚੀਆਂ) ਚੋਭਾਂ ਤੋਂ ਬੱਚ ਸਕਦਾ ਹੈ ਉਥੇ ਸਰਕਾਰੀ ਸਕੂਲਾਂ ਵਿਚ ਜਾ ਕੇ 'ਵਿਦਿਆ ਵੀਚਾਰਨ' ਵਾਲੇ ਵਿਦਿਅਰਥੀਆਂ ਨੂੰ ਸਮੇਂ ਦੇ ਹਾਣੀ ਵੀ ਬਣਾ ਸਕਦਾ ਹੈ।ਸਮੇਂ ਦੇ ਹਾਣ ਦੇ ਹੋ ਕਿ ਹੀ ਇਹ ਪਾੜ੍ਹੇ-ਪਾੜ੍ਹੀਆਂ 'ਮੇਕ ਇਨ ਇੰਡੀਆ' ਦੇ ਸੁਪਨੇ ਨੂੰ ਸਕਾਰ ਸਕਦੇ ਹਨ ਅਤੇ ਆਪਣੇ ਘਰ,ਪਰਿਵਾਰ ਤੇ ਦੇਸ਼ ਦਾ ਮਾਣ ਬਣ ਸਕਦੇ ਹਨ।
ਸੋ ਅੰਤ ਵਿਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਸਹੀ ਤੇ ਸਚਾਰੂ ਵਿਦਿਅਕ ਨੀਤੀਆਂ ਹੀ ਸਿੱਖਿਆ ਸੰਸਾਰ 'ਚ ਕਿਸੇ ਇਨਕਲਾਬ ਦਾ ਬਾਇਸ ਬਣ ਸਕਦੀਆਂ ਢੰਗ-ਟਪਾਊ ਤੇ ਗੋਂਗਲੂਆਂ ਤੋਂ ਮਿੱਟੀ ਝਾੜਨ (ਸੈਮੀਨਾਰ ਲਗਾ ਕੇ) ਵਾਲੀਆਂ ਨੀਤੀਆਂ ਦੇਸ਼ ਦੇ ਭਵਿੱਖ (ਬੱਚਿਆਂ) ਦਾ ਭਵਿੱਖ ਨਹੀਂ ਸੁਧਾਰ ਸਕਦੀਆਂ।
ਰਮੇਸ਼ ਬੱਗਾ ਚੋਹਲਾ
ੴ ਤੇ ਇਕ ਨਵੀਂ ਵੀਡੀਓ ਐਲਬਮ ਜਾਰੀ
NEXT STORY