ਜਲੰਧਰ, (ਅਮਿਤ)– ਜ਼ਿਲੇ ਦੇ ਇਕ ਅਧਿਕਾਰੀ ਵੱਲੋਂ ਆਪਣੇ ਆਰਾਮ ਕਰਨ ਵਾਲੇ ਕਮਰੇ 'ਚ ਕਿਸੇ ਔਰਤ ਨਾਲ ਕਾਫੀ ਸਮਾਂ ਬਿਤਾਉਣ ਦੀ ਗੱਲ ਪੂਰੇ ਸ਼ਹਿਰ ਵਿਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੇ ਕਥਿਤ ਔਰਤ, ਜੋ ਉਕਤ ਅਧਿਕਾਰੀ ਦੇ ਦਫਤਰ ਦਾ ਸਟਾਫ ਵੀ ਨਹੀਂ ਹੈ, ਲਗਾਤਾਰ ਦੋ ਦਿਨ ਤੱਕ ਉਕਤ ਅਧਿਕਾਰੀ ਦੇ ਆਰਾਮ ਕਰਨ ਵਾਲੇ ਕਮਰੇ ਵਿਚ ਲਗਭਗ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਰਹੀ ਅਤੇ ਇਸ ਦੌਰਾਨ ਅਧਿਕਾਰੀ ਦੇ ਗੰਨਮੈਨ, ਡਰਾਈਵਰ ਅਤੇ ਸੇਵਾਦਾਰ ਬਾਹਰ ਪੂਰੀ ਮੁਸਤੈਦੀ ਨਾਲ ਪਹਿਰਾ ਦਿੰਦੇ ਰਹੇ। ਆਪਣੇ ਕਿਸੇ ਕੰਮ ਦੇ ਸਿਲਸਿਲੇ ਵਿਚ ਅਧਿਕਾਰੀ ਨੂੰ ਮਿਲਣ ਆਏ ਕੁੱਝ ਲੋਕਾਂ ਨੇ ਆਪਣੀ ਪਛਾਣ ਲੁਕਾਉਣ ਦੀ ਸ਼ਰਤ 'ਤੇ ਦੱਸਿਆ ਕਿ ਉਹ ਜਦੋਂ ਅਧਿਕਾਰੀ ਦੇ ਦਫਤਰ ਵਿਚ ਗਏ ਤੇ ਪੁੱਛਿਆ ਕਿ ਸਾਹਿਬ ਕਿੱਥੇ ਹਨ ਤਾਂ ਬਾਹਰ ਬੈਠੇ ਸੇਵਾਦਾਰ ਨੇ ਕਿਹਾ ਕਿ ਉਹ ਅੰਦਰ ਕਿਸੇ ਦੇ ਨਾਲ ਮੀਟਿੰਗ ਵਿਚ ਰੁੱਝੇ ਹਨ।
ਆਪਣਾ ਕੰਮ ਕਰਵਾਉਣ ਆਏ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਆਰਾਮ ਕਰਨ ਵਾਲੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅੰਦਰੋਂ ਬੰਦ ਪਿਆ ਸੀ। ਕਾਫੀ ਦੇਰ ਬਾਅਦ ਜਦੋਂ ਦੁਬਾਰਾ ਅਧਿਕਾਰੀ ਦੇ ਦਫਤਰ ਗਏ ਤਾਂ ਸੇਵਾਦਾਰ ਨੇ ਕਿਹਾ ਅਜੇ ਮੀਟਿੰਗ ਚੱਲ ਰਹੀ ਹੈ। ਜ਼ਰੂਰੀ ਕੰਮ ਦੀ ਵਜ੍ਹਾ ਨਾਲ ਉਨ੍ਹਾਂ ਉਥੇ ਹੀ ਬੈਠ ਕੇ ਇੰਤਜ਼ਾਰ ਕਰਨ ਦਾ ਫੈਸਲਾ ਲਿਆ। ਥੋੜ੍ਹੀ ਦੇਰ ਬਾਅਦ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਤਾਂ ਇਕ ਔਰਤ ਅੰਦਰੋਂ ਬਾਹਰ ਆਈ। ਜਿਵੇਂ ਹੀ ਔਰਤ ਬਾਹਰ ਆਈ, ਸੇਵਾਦਾਰ ਨੇ ਕਿਹਾ ਹੁਣ ਤੁਸੀਂ ਅੰਦਰ ਜਾ ਸਕਦੇ ਹੋ। ਇਹ ਸਿਲਸਿਲਾ ਲਗਾਤਾਰ ਦੋ ਦਿਨ ਤੱਕ ਚੱਲਿਆ ਅਤੇ ਪੂਰੇ ਦਫਤਰ ਵਿਚ ਅਧਿਕਾਰੀ ਵੱਲੋਂ ਬੰਦ ਦਰਵਾਜ਼ੇ ਦੇ ਪਿੱਛੇ ਮੀਟਿੰਗ ਕਰਨ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਅਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਉਠਣ ਲੱਗੇ। ਕੁੱਝ ਲੋਕਾਂ ਵਿਚ ਇਸ ਗੱਲ ਦੀ ਚਰਚਾ ਹੈ ਕਿ ਉਕਤ ਅਧਿਕਾਰੀ ਕਾਫੀ ਰੰਗੀਨ ਤਬੀਅਤ ਦਾ ਹੈ ਅਤੇ ਅਕਸਰ ਕਿਸੇ ਨਾ ਕਿਸੇ ਔਰਤ ਦੇ ਨਾਲ ਆਪਣੇ ਆਰਾਮ ਕਰਨ ਵਾਲੇ ਕਮਰੇ ਵਿਚ ਲੰਬੇ ਸਮੇਂ ਤੱਕ ਬੈਠਾ ਰਹਿੰਦਾ ਹੈ। ਇੰਨਾ ਹੀ ਨਹੀਂ ਕੁੱਝ ਸਮਾਂ ਪਹਿਲਾਂ ਇਕ ਔਰਤ ਕਰਮਚਾਰੀ ਨੇ ਇਸੇ ਅਧਿਕਾਰੀ ਉਪਰ ਗੰਭੀਰ ਦੋਸ਼ ਲਾਉਂਦੇ ਹੋਏ ਇਕ ਸੀਨੀਅਰ ਅਧਿਕਾਰੀ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਮਾਮਲੇ ਦੀ ਸੱਚਾਈ ਨੂੰ ਲੈ ਕੇ ਕਿਸੇ ਕੋਲ ਕੋਈ ਸਬੂਤ ਤਾਂ ਨਹੀਂ ਹੈ ਪਰ ਪਿਛਲੇ ਦੋ-ਤਿੰਨ ਦਿਨਾਂ ਤੋਂ ਪੂਰੇ ਦਫਤਰ ਵਿਚ ਅਧਿਕਾਰੀ ਅਤੇ ਔਰਤ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਕਾਫੀ ਗਰਮ ਹੈ। ਵੀਰਵਾਰ ਤਾਂ ਉਕਤ ਅਧਿਕਾਰੀ ਸਬੰਧੀ ਕੁੱਝ ਹੋਰ ਅਧਿਕਾਰੀ ਵੀ ਆਪਸ ਵਿਚ ਗੱਲਬਾਤ ਕਰਦੇ ਹੋਏ ਦੇਖੇ ਗਏ। ਹਰ ਕਿਸੇ ਦਾ ਇਹੀ ਕਹਿਣਾ ਸੀ ਕਿ ਵੈਸੇ ਤਾਂ ਮਾਮਲੇ ਵਿਚ ਕੋਈ ਸੱਚਾਈ ਨਹੀਂ ਹੈ ਪਰ ਆਰਾਮ ਕਰਨ ਵਾਲੇ ਕਮਰੇ ਦੇ ਅੰਦਰ ਲੰਬੇ ਸਮੇਂ ਤੱਕ ਕਿਸੇ ਔਰਤ ਨਾਲ ਮੀਟਿੰਗ ਕਰਨਾ ਵੀ ਪੂਰੀ ਤਰ੍ਹਾਂ ਨਾਲ ਸਹੀ ਨਹੀਂ ਹੈ ਕਿਉਂਕਿ ਅਧਿਕਾਰੀ ਆਮ ਜਨਤਾ ਵਿਚ ਇਕ ਰੋਲ ਮਾਡਲ ਹੁੰਦੇ ਹਨ ਅਤੇ ਜੇਕਰ ਜਾਣੇ-ਅਣਜਾਣੇ ਕਿਸੇ ਅਧਿਕਾਰੀ ਉਪਰ ਇਸ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲੱਗਦੇ ਹਨ ਤਾਂ ਇਸ ਨਾਲ ਪੂਰੇ ਦਫਤਰ ਦਾ ਅਕਸ ਖਰਾਬ ਹੁੰਦਾ ਹੈ।ਮਾਮਲਾ ਸਹੀ ਹੈ ਜਾਂ ਗਲਤ, ਇਸ ਨੂੰ ਲੈ ਕੇ 'ਜਗ ਬਾਣੀ' ਵਲੋਂ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਪਰ ਜਿਸ ਤਰ੍ਹਾਂ ਪਿਛਲੇ 2-3 ਦਿਨ ਤੋਂ ਇਕ ਅਧਿਕਾਰੀ ਨੂੰ ਲੈ ਕੇ ਗਲਤ ਚਰਚਾ ਚੱਲ ਰਹੀ ਹੈ ਉਸ ਨਾਲ ਪੂਰੇ ਦਫਤਰ ਦੀ ਕਿਰਕਿਰੀ ਜ਼ਰੂਰ ਹੋ ਰਹੀ ਹੈ।
ਮਹਿੰਦਰ ਸਿੰਘ ਗਿਲਜੀਆਂ ਕਰਨਾਟਕ 'ਚ ਕਰ ਰਹੇ ਹਨ ਧੂੰਆਂਧਾਰ ਪ੍ਰਚਾਰ
NEXT STORY