ਹੁਸ਼ਿਆਰਪੁਰ (ਘੁੰਮਣ) - ਕਰਨਾਟਕ ਚੋਣਾਂ ਵਿਚ ਕਾਂਗਰਸ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਦਾ ਇਕ ਵਫ਼ਦ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਕਰਨਾਟਕ ਵਿਚ ਸਰਗਰਮ ਹੈ, ਜਿਨ੍ਹਾਂ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਕਰਨਾਟਕ ਵਿਚ ਓ. ਬੀ. ਸੀ. ਅਤੇ ਸਿੱਖ ਭਾਈਚਾਰੇ ਦੀ ਵੱਡੀ ਗਿਣਤੀ ਵਸੋਂ ਕਰ ਕੇ ਉਚੇਚੇ ਤੌਰ 'ਤੇ ਬੁਲਾਇਆ ਗਿਆ ਹੈ।
ਮਹਿੰਦਰ ਸਿੰਘ ਗਿਲਜੀਆਂ ਨੇ ਦੱਸਿਆ ਕਿ ਅਮਰੀਕਾ ਵਿਚ ਵਸਦੇ ਪ੍ਰਵਾਸੀਆਂ ਦਾ ਹਮੇਸ਼ਾ ਦੇਸ਼ ਦੀਆਂ ਚੋਣਾਂ 'ਤੇ ਅਸਰਦਾਰ ਪ੍ਰਭਾਵ ਰਿਹਾ ਹੈ। ਹਮੇਸ਼ਾ ਕਾਂਗਰਸ ਦੇ ਹੱਕ 'ਚ ਵੱਡੇ ਵਫ਼ਦ ਵਿਦੇਸ਼ਾਂ ਤੋਂ ਆ ਕੇ ਪ੍ਰਚਾਰ ਕਰਦੇ ਹਨ ਅਤੇ ਕਾਂਗਰਸ ਉਮੀਦਵਾਰਾਂ ਦੇ ਹੱਥ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 10 ਦਿਨਾਂ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਰਲਡ ਪ੍ਰਧਾਨ ਸੈਮ ਪੀਤਰੋਦਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਵਾਸੀਆਂ ਦੇ ਪਰਿਵਾਰਾਂ ਅਤੇ ਖਾਸਕਰ ਸਿੱਖ ਭਾਈਚਾਰੇ ਨੂੰ ਇਕ ਵਾਰ ਫਿਰ ਕਾਂਗਰਸ ਦੇ ਹੱਕ ਵਿਚ ਫਤਵਾ ਦੇਣ ਲਈ ਲਾਮਬੰਦ ਕਰ ਰਹੇ ਹਨ। ਸਿੱਖ ਭਾਈਚਾਰੇ ਨਾਲ ਸਾਂਝ ਪਾਉਣ ਅਤੇ ਗੁਰੂਘਰ ਦਾ ਆਸ਼ੀਰਵਾਦ ਹਾਸਲ ਕਰਨ ਲਈ ਮਹਿੰਦਰ ਗਿਲਜੀਆਂ ਦੇ ਸੱਦੇ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਤਿਹਾਸਕ ਗੁਰਦੁਆਰਾ ਸਾਹਿਬ ਨਾਨਕ ਝੀਰਾ ਸਾਹਿਬ ਨਤਮਸਤਕ ਹੋਏ। ਇਸ ਮੌਕੇ ਸਿੱਖ ਪ੍ਰੰਪਰਾਵਾਂ ਅਨੁਸਾਰ ਰਾਹੁਲ ਗਾਂਧੀ ਨੂੰ ਸਿਰੋਪਾਓ ਭੇਟ ਕੀਤਾ ਗਿਆ।
ਸ. ਗਿਲਜੀਆਂ ਅਤੇ ਗੁਰਦੁਆਰਾ ਨਾਨਕ ਝੀਰਾ ਸਾਹਿਬ ਟਰੱਸਟ ਬਿਦਰ ਦੇ ਪ੍ਰਧਾਨ ਬਲਬੀਰ ਸਿੰਘ ਨੇ ਰਾਹੁਲ ਗਾਂਧੀ ਨੂੰ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਕਈ ਵਾਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਸਨ। ਮਹਿੰਦਰ ਸਿੰਘ ਗਿਲਜੀਆਂ ਵੱਲੋਂ ਚੋਣ ਮੁਹਿੰਮ ਦੌਰਾਨ ਇਸ ਵਰਗ ਨੂੰ ਕਾਂਗਰਸ ਦੇ ਹੱਕ ਵਿਚ ਫਤਵਾ ਦੇਣ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਭਾਜਪਾ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਇਸ ਨੇ ਸੱਤਾ ਹਾਸਲ ਕਰਨ ਲਈ ਸਭ ਤੋਂ ਵੱਡਾ ਧੋਖਾ ਗਰੀਬਾਂ ਨਾਲ ਕੀਤਾ, ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਸਰਕਾਰ ਬਣਨ 'ਤੇ ਵਿਦੇਸ਼ਾਂ ਵਿਚੋਂ ਕਾਲਾ ਧਨ ਮੰਗਵਾ ਕੇ ਗਰੀਬਾਂ ਦੇ ਖਾਤਿਆਂ 'ਚ 15-15 ਲੱਖ ਰੁਪਏ ਪਾਏ ਜਾਣਗੇ। ਪ੍ਰੰਤੂ ਅੱਜ ਤੱਕ ਇਕ ਫੁੱਟੀ ਕੌਡੀ ਵੀ ਉਨ੍ਹਾਂ ਦੇ ਖਾਤੇ 'ਚ ਨਹੀਂ ਪਾਈ। ਉਨ੍ਹਾਂ ਕਿਹਾ ਕਿ ਨੌਕਰੀਆਂ ਦੇਣਾ, ਭ੍ਰਿਸ਼ਟਾਚਾਰ ਮੁਕਾਉਣਾ ਤੇ ਖੇਤੀਬਾੜੀ ਸੁਧਾਰ ਆਦਿ ਝੂਠ ਬੋਲ ਕੇ ਭਾਜਪਾ ਨੇ ਸੱਤਾ ਤਾਂ ਹਾਸਲ ਕਰ ਲਈ, ਪਰ ਸਰਕਾਰ ਬਣਨ ਉਪਰੰਤ ਕੀਤੇ ਵਾਅਦਿਆਂ ਤੋਂ ਭੱਜ ਗਏ। ਉਨ੍ਹਾਂ ਕਿਹਾ ਕਿ ਦੇਸ਼ ਵਾਸੀ ਭਾਜਪਾ ਦੇ ਝੂਠ ਨੂੰ ਸਮਝ ਚੁੱਕੇ ਹਨ ਤੇ ਹੁਣ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਛੁੱਟੀ ਤੈਅ ਹੈ। ਲੋਕ ਅੱਜ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਦੇਖਣਾ ਚਾਹੁੰਦੇ ਹਨ ਅਤੇ 2019 'ਚ ਕਾਂਗਰਸ ਦੀ ਸਰਕਾਰ ਸੱਤਾ 'ਤੇ ਕਾਬਜ਼ ਹੋਵੇਗੀ, ਜਿਸ ਨਾਲ ਦੇਸ਼ ਵਾਸੀਆਂ ਦੇ ਸੁਪਨੇ ਪੂਰੇ ਹੋਣਗੇ।
ਆਖਿਰ 3 ਦਿਨਾਂ ਬਾਅਦ ਤਹਿਸੀਲ ਅੰਮ੍ਰਿਤਸਰ 'ਚ ਸ਼ੁਰੂ ਹੋਇਆ ਕੰਮ
NEXT STORY