ਸੁਲਤਾਨਪੁਰ ਲੋਧੀ(ਧੀਰ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜਿਆਂ ’ਚ ਵੀ 12ਵੀਂ ਦੇ ਨਤੀਜਿਆਂ ਵਾਂਗ ਬਾਕੀ ਵਿਸ਼ਿਆਂ ਨਾਲੋਂ ਪੰਜਾਬੀ ਵਿਸ਼ੇ ’ਚ ਜ਼ਿਆਦਾ ਵਿਦਿਆਰਥੀ ਫੇਲ੍ਹ ਹੋਣ ’ਤੇ ਜਿੱਥੇ ਪੰਜਾਬੀ ਵਿਸ਼ੇ ਦੀ ਹੋਂਦ ਤੇ ਆਪਣੇ ਹੀ ਸੂਬੇ ’ਚ ਮਾਤ ਭਾਸ਼ਾ ਨੂੰ ਵਿਸਾਰਿਆ ਜਾ ਰਿਹਾ ਹੈ, ਉੱਥੋ ਵਿਭਾਗ ਤੇ ਸਰਕਾਰ ਦੇ ਦਾਅਵਿਆਂ ਦੀ ਵੀ ਫੂਕ ਨਿਕਲਦੀ ਵਿਖਾਈ ਦੇ ਰਹੀ ਹੈ। ਦਫ਼ਤਰੀ ਕੰਮਾਂ ਨੂੰ ਪੰਜਾਬੀ ’ਚ ਕਰਨ ਦਾ ਹੁਕਮ ਤਾਂ ਸਰਕਾਰ ਜਾਰੀ ਕਰ ਦਿੰਦੀ ਹੈ ਪਰ ਅਸਲੀਅਤ ’ਚ ਕਮਜ਼ੋਰ ਹੋ ਰਹੀ ਇਸ ਦਿਨੋਂ-ਦਿਨ ਨੀਂਹ ਬਾਰੇ ਸਰਕਾਰ ਦਾ ਜ਼ਰਾ ਵੀ ਧਿਆਨ ਨਹੀਂ ਹੈ ਜਾਂ ਫਿਰ ਅਫ਼ਸਰਸ਼ਾਹੀ ਸਰਕਾਰ ਨੂੰ ਹਨੇਰੇ ’ਚ ਰੱਖ ਰਹੀ ਹੈ।12ਵੀਂ ਵਾਂਗ ਜਦੋਂ 10ਵੀਂ ਜਮਾਤ ਦੇ ਨਤੀਜਿਆਂ ਦੀ ਘੋਖ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਭਾਵੇ ਫੇਲ੍ਹ ਹੋਣ ਵਾਲੇ ਵਿਦਿਆਰਥੀ ਦੀ ਗਿਣਤੀ ਘੱਟ ਹੈ ਪਰ ਫਿਰ ਵੀ ਲਾਜ਼ਮੀ ਪੰਜਾਬੀ ਵਿਸ਼ੇ ’ਚ ਹੋਰਾਂ ਵਿਸ਼ਿਆਂ ਨਾਲੋਂ ਵਿਦਿਆਰਥੀਆਂ ਦਾ ਜ਼ਿਆਦਾ ਫੇਲ੍ਹ ਹੋਣ ਨਾਲ ਸਵਾਲੀਆ ਨਿਸ਼ਾਨ ਲੱਗਦਾ ਹੈ।
ਇਹ ਵੀ ਪੜ੍ਹੋ- ਲਾਲ ਸੂਹੇ ਜੋੜੇ 'ਚ ਸਜੀ ਡਾ. ਗੁਰਪ੍ਰੀਤ ਕੌਰ ਨਾਲ ਲਾਵਾਂ 'ਤੇ ਬੈਠੇ CM ਭਗਵੰਤ ਮਾਨ
10ਵੀਂ ਜਮਾਤ ’ਚ ਪੰਜਾਬੀ ਵਿਸ਼ੇ ’ਚੋਂ 772 ਵਿਦਿਆਰਥੀ ਫੇਲ ਹੋਏ ਹਨ। ਇਸ ਵਿਸ਼ੇ ’ਚੋਂ 3,11,504 ਵਿਦਿਆਰਥੀਆਂ ਨੇ ਪੰਜਾਬੀ ਦੀ ਪ੍ਰੀਖਿਆ ਦਿੱਤੀ ਹੈ। ਪੰਜਾਬੀ ਭਾਸ਼ਾ ਸਾਂਝੀ ਆਮ ਬੋਲ-ਚਾਲ ਵਾਲੀ ਭਾਸ਼ਾ ਹੈ ਪਰ ਫਿਰ ਪੰਜਾਬੀ ਵਿਸ਼ੇ ’ਚ ਵਿਦਿਆਰਥੀਆਂ ਦਾ ਹੱਥ ਤੰਗ ਹੀ ਰਿਹਾ ਹੈ। ਗੌਰਤਲਬ ਇਹ ਹੈ ਕਿ 12ਵੀਂ ਦੇ ਬੋਰਡ ਵੱਲੋਂ ਐਲਾਨੇ ਨਤੀਜਿਆਂ ’ਚ ਵੀ 4,510 ਵਿਦਿਆਰਥੀ ਫੇਲ੍ਹ ਹੋਏ ਸਨ। ਜਿਸ ਸਬੰਧੀ ‘ਜਗ ਬਾਣੀ’ ਨੇ ਵੇਰਵਿਆਂ ਸਬੰਧੀ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਪੰਜਾਬ ’ਚ ਪੰਜਾਬੀ ਭਾਸ਼ਾ ’ਚੋਂ ਵੀ ਵਿਦਿਆਰਥੀਆਂ ਦਾ ਹੋਰਾਂ ਵਿਸ਼ਿਆਂ ਦੇ ਮੁਕਾਬਲੇ ਜ਼ਿਆਦਾ ਫੇਲ੍ਹ ਹੋਣਾ ਸਕੂਲਾਂ ਦੀ ਤਾਜ਼ੀ ਸਥਿਤੀ ਬਾਰੇ ਤਸਵੀਰ ਸਪੱਸ਼ਟ ਦੱਸ ਰਿਹਾ ਹੈ।
ਵੱਖ-ਵੱਖ ਵਿਸ਼ਿਆਂ ’ਚ ਫੇਲ੍ਹ ਹੋਏ ਵਿਦਿਆਰਥੀਆਂ ਦਾ ਵੇਰਵਾ
ਹੈਰਾਨੀ ਦੀ ਗੱਲ ਇਹ ਹੈ ਕਿ ਵਿਦਿਆਰਥੀਆਂ ਲਈ ਔਖੇ ਮੰਨੇ ਜਾਣ ਵਾਲੇ ਅੰਗਰੇਜ਼ੀ ਅਤੇ ਗਣਿਤ ਦੇ ਵਿਸ਼ੇ ਵਿਚ ਪੰਜਾਬੀ ਨਾਲੋਂ ਘੱਟ ਵਿਦਿਆਰਥੀ ਫੇਲ੍ਹ ਹੋਏ ਹਨ।
-ਗਣਿਤ ਵਿਸ਼ੇ ’ਚ 3,11,469 ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਅਤੇ ਇਸ ’ਚੋਂ 386 ਵਿਦਿਆਰਥੀ ਫੇਲ੍ਹ ਹੋਏ ਹਨ।
-ਅੰਗਰੇਜ਼ੀ ਵਿਸ਼ੇ ਵਿਚ 599 ਵਿਦਿਆਰਥੀ ਫੇਲ੍ਹ ਹੋਏ ਹਨ, ਜਦਕਿ ਇਸ ਵਿਸ਼ੇ ਵਿਚ 3,11,538 ਵਿਦਿਆਰਥੀਆਂ ਬੈਠੇ ਸਨ ਅਤੇ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 3,10,939 ਹੈ।
-ਹਿੰਦੀ ਵਿਸ਼ੇ ’ਚ 3,11,015 ਵਿਦਿਆਰਥੀਆਂ ’ਚ 517 ਫੇਲ੍ਹ ਹੋਏ ਹਨ।
-ਸਮਾਜਿਕ ਸਿੱਖਿਆ ਵਿਚ 3,11,486 ’ਚੋਂ 418 ਵਿਦਿਆਰਥੀ ਹੋਏ।
-ਸਇੰਸ ਵਿਸ਼ੇ ਵਿਚ 3,11,468 ਵਿਦਿਆਰਥੀਆਂ ਵਿਚੋਂ 612 ਵਿਦਿਆਰਥੀ ਫੇਲ੍ਹ ਹੋਏ।
ਪੰਜਾਬੀ ਵਿਸ਼ੇ ਦੀ ਤਰਸਯੋਗ ਹਾਲਤ ਲਈ ਵਿਭਾਗ ਤੇ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ : ਸਿੱਖਿਆ ਮਾਹਿਰ
ਪੰਜਾਬੀ ਵਿਸ਼ੇ ’ਚ ਗਿਆਨੀ ਰਿਟਾਇਰਡ ਮਾਹਿਰ ਅਧਿਆਪਕ ਪਿਆਰਾ ਸਿੰਘ ਮੇਵਾ ਸਿੰਘ ਵਾਲਾ, ਜਗੀਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਪੰਜਾਬੀ ਵਿਸ਼ੇ ਦੀ ਤਰਸਯੋਗ ਹਾਲਤ ਲਈ ਵਿਭਾਗ ਤੇ ਸਰਕਾਰ ਦੋਵਾਂ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪੰਜਾਬੀ ਵਿਸ਼ੇ ਨੂੰ ਹਮੇਸ਼ਾ ਹਲਕੇ ’ਚ ਲਿਆ ਜਾਂਦਾ ਰਿਹਾ ਹੈ। ਲੰਮੇ ਸਮੇਂ ਤੋਂ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਹੀ ਨਹੀਂ ਹੋ ਰਹੀ ਹੈ, ਜਦਕਿ ਵੱਡੀ ਗਿਣਤੀ ’ਚ ਅਧਿਆਪਕ ਰਿਟਾਇਰ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕਈ ਸਕੂਲਾਂ ’ਚ ਤਾਂ ਪੰਜਾਬੀ ਵਿਸ਼ੇ ਦਾ ਅਧਿਆਪਕ ਹੀ ਨਹੀਂ ਤੇ ਹੋਰਨਾਂ ਵਿਸ਼ਿਆਂ ਵਾਲੇ ਅਧਿਆਪਕਾਂ ਕੋਲੋਂ ਪੰਜਾਬੀ ਵਿਸ਼ਾ ਪਡ਼੍ਹਾ ਕੇ ਵਿਭਾਗ ਆਪਣਾ ਡੰਗ ਟਪਾ ਰਿਹਾ ਹੈ। ਸਰਕਾਰ ਵੱਲੋਂ ਅਧਿਆਪਕਾਂ ਦੇ ਟ੍ਰੇਨਿੰਗ ਇੰਸਟੀਚਿਊਟ ਹੀ ਕਮਜ਼ੋਰ ਕਰ ਦਿੱਤੇ ਗਏ ਹਨ ਤੇ ਇਨਸਰਵਿਸ ਸੈਂਟਰ ਬੰਦ ਕਰ ਦਿੱਤੇ ਗਏ ਹਨ। ਪਹਿਲਾਂ ਡਾਇਟ ਇਨਸਰਵਿਸ ਸੈਂਟਰਾਂ ਆਦਿ ਦੇ ਸੀਨੀਅਰ ਅਧਿਆਪਕ ਹੋਰਨਾਂ ਅਧਿਆਪਕਾਂ ਨੂੰ ਟ੍ਰੇਨਿੰਗ ਦਿੰਦੇ ਸਨ ਪਰ ਹੁਣ ਅਧਿਆਪਕ ਹੀ ਅਧਿਆਪਕ ਨੂੰ ਟ੍ਰੇਨਿੰਗ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿਸ ਵਿਦਿਆਰਥੀ ਦੀ ਬੁਨਿਆਦ ਹੀ ਕਮਜ਼ੋਰ ਰੱਖੀ ਗਈ ਤਾਂ ਨਤੀਜੇ ਤਾਂ ਉਸੇ ਤਰ੍ਹਾਂ ਦੇ ਹੀ ਸਾਹਮਣੇ ਆਉਣਗੇ। ਸਿੱਖਿਆ ਮਾਹਿਰਾਂ ਨੇ ਕਿਹਾ ਕਿ ਜੇ ਪੰਜਾਬੀ ਵਿਸ਼ੇ ਦੀ ਹੋਂਦ ਨੂੰ ਬਚਾਉਣਾ ਹੈ ਤਾਂ ਮਾਨ ਸਰਕਾਰ ਨੂੰ ਇਸ ਸਬੰਧੀ ਕੋਈ ਪਹਿਲਕਦਮੀ ਕਰਨੀ ਹੋਵੇਗੀ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰਕੇ ਦਿਓ ਜਵਾਬ।
CM ਭਗਵੰਤ ਮਾਨ ਦਾ ਡਾ. ਗੁਰਪ੍ਰੀਤ ਕੌਰ ਨਾਲ ਹੋਇਆ ਵਿਆਹ, ਦੇਖੋ ਖੁਸ਼ੀ ਦੇ ਪਲ ਬਿਆਨ ਕਰਦੀਆਂ ਤਸਵੀਰਾਂ
NEXT STORY