ਜਲੰਧਰ (ਨਰੇਸ਼)- ਪਿਛਲੇ ਮਾਲੀ ਸਾਲ ਦੌਰਾਨ ਦੇਸ਼ ’ਚ ਹਾਇਰ ਐਜੂਕੇਸ਼ਨ ਦਾ ਬਜਟ 38,350 ਕਰੋੜ ਰੁਪਏ ਸੀ ਅਤੇ ਦੇਸ਼ ਦੇ ਵਿਦਿਆਰਥੀਆਂ ਨੇ ਵਿਦੇਸ਼ ’ਚ ਪੜ੍ਹਾਈ ’ਤੇ 64,211 ਕਰੋੜ ਰੁਪਏ ਖ਼ਰਚ ਕਰ ਦਿੱਤੇ। ਇਹ ਪੈਸਾ ਉਨ੍ਹਾਂ ਦੀ ਯੂਨੀਵਰਸਿਟੀ ਫ਼ੀਸ ਅਤੇ ਮੇਨਟੇਨੈਂਸ ਦੇ ਰੂਪ ’ਚ ਖ਼ਰਚ ਕੀਤਾ ਗਿਆ ਹੈ। ਬਟਾਲਾ ਦੇ ਐਡਵੋਕੇਟ ਸੁਧੀਰ ਬਾਂਸਲ ਵੱਲੋਂ ਰਿਜ਼ਰਵ ਬੈਂਕ ਆਫ਼ ਇੰਡੀਆ ਕੋਲੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ ’ਚ ਇਹ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। ਚਿੰਤਾ ਦੀ ਗੱਲ ਇਹ ਹੈ ਕਿ ਇਹ ਸਿਰਫ਼ ਇਕ ਸਾਲ ਦੀ ਗੱਲ ਨਹੀਂ, ਸਗੋਂ 2018 ਤੋਂ ਇਹ ਸਿਲਸਿਲਾ ਜਾਰੀ ਹੈ ਅਤੇ ਪਿਛਲੇ 5 ਸਾਲਾਂ ਦੌਰਾਨ ਦੇਸ਼ ਦੇ ਵਿੱਤ ਮੰਤਰੀ ਵੱਲੋਂ ਹਾਇਰ ਐਜੂਕੇਸ਼ਨ ਲਈ ਦਿੱਤੇ ਜਾ ਰਹੇ ਬਜਟ ਤੋਂ ਵੱਧ ਖ਼ਰਚਾ ਵਿਦੇਸ਼ ’ਚ ਪੜ੍ਹਾਈ ਕਰਨ ’ਤੇ ਹੋ ਰਿਹਾ ਹੈ। ਇਸ ਮਾਲੀ ਸਾਲ ਦੀ ਪਹਿਲੀ ਛਮਾਹੀ ’ਚ ਵੀ ਭਾਰਤੀ ਵਿਦਿਆਰਥੀਆਂ ਨੇ 1906 ਮਿਲੀਅਨ ਡਾਲਰ ਦੀ ਰਕਮ ਯੂਨੀਵਰਸਿਟੀ ਦੀ ਫ਼ੀਸ ਦੇ ਰੂਪ ’ਚ ਵਿਦੇਸ਼ ਵਿਚ ਭੇਜੀ ਹੈ ਅਤੇ ਜੇ ਭਾਰਤੀ ਰੁਪਿਆਂ ’ਚ ਇਸ ਦੀ ਗਿਣਤੀ ਕੀਤੀ ਜਾਵੇ ਤਾਂ ਇਹ ਰਕਮ ਲਗਭਗ 15,800 ਕਰੋੜ ਰੁਪਏ ਬਣਦੀ ਹੈ। ਇਸ ਸਾਲ ਨਵੰਬਰ ਤਕ 6,48,678 ਵਿਦਿਆਰਥੀਆਂ ਨੇ ਪੜ੍ਹਾਈ ਲਈ ਵਿਦੇਸ਼ ਯਾਤਰਾ ਕੀਤੀ ਹੈ। ਇਹ ਗਿਣਤੀ ਪਿਛਲੇ 5 ਸਾਲਾਂ ’ਚ ਸਭ ਤੋਂ ਵੱਧ ਹੈ।
ਦੇਸ਼ ’ਚ ਸਿੱਖਿਆ ਦਾ ਬੁਨਿਆਦੀ ਢਾਂਚਾ ਕਮਜ਼ੋਰ ਹੋਣਾ ਅਤੇ ਵਿਦਿਆਰਥੀਆਂ ਨੂੰ ਦਾਖ਼ਲਾ ਨਾ ਮਿਲ ਸਕਣਾ ਵਿਦਿਆਰਥੀਆਂ ਦੇ ਵਿਦੇਸ਼ ’ਚ ਪੜ੍ਹਾਈ ਕਰਨ ਲਈ ਜਾਣ ਪਿੱਛੇ ਵੱਡਾ ਕਾਰਨ ਹੈ। ਜੇ ਦੇਸ਼ ’ਚ ਇਕ ਮੈਡੀਕਲ ਕਾਲਜ ਜਾਂ ਕੋਈ ਵੱਡੀ ਸਿੱਖਿਆ ਸੰਸਥਾ ਖੋਲ੍ਹਣੀ ਹੋਵੇ ਤਾਂ ਇਸ ’ਤੇ 500 ਕਰੋੜ ਰੁਪਏ ਦਾ ਖ਼ਰਚਾ ਆਏਗਾ ਅਤੇ ਇਸ ਵਿਚ ਸੈਂਕੜੇ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾ ਸਕਦੀ ਹੈ, ਜਦਕਿ ਲਗਭਗ 750 ਕਰੋੜ ਰੁਪਏ ਖ਼ਰਚ ਕਰਕੇ ਮਾਡਰਨ ਯੂਨੀਵਰਸਿਟੀ ਬਣਾਈ ਜਾ ਸਕਦੀ ਹੈ, ਜਿਸ ਵਿਚ 4 ਹਜ਼ਾਰ ਵਿਦਿਆਰਥੀ ਸਿੱਖਿਆ ਹਾਸਲ ਕਰ ਸਕਦੇ ਹਨ। ਇਸ ਨਾਲ ਨਾ ਸਿਰਫ਼ ਦੇਸ਼ ’ਚੋਂ ਹੁਨਰਮੰਦ ਵਿਦਿਆਰਥੀਆਂ ਦੀ ਹਿਜਰਤ ਰੁਕੇਗੀ, ਸਗੋਂ ਅਸੀਂ ਫੋਰੈਕਸ ਰਿਜ਼ਰਵ ਦੀ ਵੀ ਬਚਤ ਕਰ ਸਕਾਂਗੇ। ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਇਸ ਦਿਸ਼ਾ ’ਚ ਕੰਮ ਕਰਨ ਦੀ ਲੋੜ ਹੈ।- ਸੁਧੀਰ ਬਾਂਸਲ ਆਰ. ਟੀ. ਆਈ. ਵਰਕਰ
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਫੜੇ ਗਏ ਦੋਸ਼ੀਆਂ ਨੂੰ ਲੈ ਕੇ ਪੰਜਾਬ DGP ਗੌਰਵ ਯਾਦਵ ਦਾ ਹੁਣ ਤੱਕ ਦਾ ਵੱਡਾ ਖ਼ੁਲਾਸਾ
ਵਿਦੇਸ਼ਾਂ ’ਚ 13 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ, ਸਭ ਤੋਂ ਵੱਧ ਅਮਰੀਕਾ ’ਚ
ਵਿਦੇਸ਼ ਮੰਤਰਾਲਾ ਦੇ ਅੰਕੜਿਆਂ ਮੁਤਾਬਕ 2022 ’ਚ ਵਿਦੇਸ਼ ’ਚ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 13,24,954 ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਧ 4,65,791 ਭਾਰਤੀ ਵਿਦਿਆਰਥੀ ਅਮਰੀਕਾ ’ਚ ਪੜ੍ਹਾਈ ਕਰ ਰਹੇ ਹਨ, ਜਦੋਂਕਿ ਇਸ ਤੋਂ ਬਾਅਦ ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 1,83,310 ਹੈ, ਤੀਜਾ ਨੰਬਰ ਯੂ. ਏ. ਈ. ਦਾ ਹੈ, ਜਿੱਥੇ 1,64,000 ਭਾਰਤੀ ਵਿਦਿਆਰਥੀ ਹਨ, ਜਦੋਂਕਿ ਆਸਟ੍ਰੇਲੀਆ ’ਚ ਇਕ ਲੱਖ ਅਤੇ ਸਾਊਦੀ ਅਰਬ ’ਚ 65 ਹਜ਼ਾਰ ਭਾਰਤੀ ਵਿਦਿਆਰਥੀ ਹਨ।
8 ਸਾਲ ’ਚ 3 ਲੱਖ ਕਰੋੜ ਰੁਪਏ ਕੀਤੇ ਗਏ ਖ਼ਰਚ
ਐਡਵੋਕੇਟ ਸੁਧੀਰ ਬਾਂਸਲ ਨੇ ਰਿਜ਼ਰਵ ਬੈਂਕ ਕੋਲੋਂ ਸਾਲ 2014-15 ਤੋਂ ਲੈ ਕੇ ਮਾਲੀ ਸਾਲ 2021-22 ਤਕ ਲਈ ਵਿਦੇਸ਼ ’ਚ ਪੜ੍ਹਾਈ ਅਤੇ ਵਿਦਿਆਰਥੀਆਂ ਦੀ ਮੇਨਟੇਨੈਂਸ ’ਤੇ ਹੋਏ ਖਰਚੇ ਦਾ ਵੇਰਵਾ ਮੰਗਿਆ ਸੀ। ਇਸ ਦੇ ਜਵਾਬ ’ਚ ਆਰ. ਬੀ. ਆਈ. ਨੇ ਜੋ ਜਾਣਕਾਰੀ ਦਿੱਤੀ ਹੈ, ਉਸ ਦੇ ਮੁਤਾਬਕ ਪਿਛਲੇ 8 ਸਾਲਾਂ ’ਚ ਭਾਰਤੀ ਵਿਦਿਆਰਥੀਆਂ ਨੇ ਵਿਦੇਸ਼ ’ਚ ਪੜ੍ਹਾਈ ਲਈ ਯੂਨੀਵਰਸਿਟੀ ਫੀਸ ਦੇ ਰੂਪ ’ਚ 22,595 ਮਿਲੀਅਨ ਡਾਲਰ ਦੀ ਰਕਮ ਭੇਜੀ ਹੈ ਜਦੋਂਕਿ ਵਿਦਿਆਰਥੀਆਂ ਨੂੰ ਮੇਨਟੇਨੈਂਸ ਲਈ 18,873 ਮਿਲੀਅਨ ਡਾਲਰ ਵਿਦੇਸ਼ ਭੇਜੇ ਗਏ ਹਨ। ਇਸ ਰਕਮ ਨੂੰ ਭਾਰਤੀ ਰੁਪਿਆਂ ’ਚ ਕਨਵਰਟ ਕਰਨ ਨਾਲ ਇਹ ਰਕਮ ਲਗਭਗ 3 ਲੱਖ ਕਰੋੜ ਰੁਪਏ ਬਣਦੀ ਹੈ।
ਉੱਚ ਸਿੱਖਿਆ ਬਜਟ/ਵਿਦੇਸ਼ ’ਚ ਪੜ੍ਹਾਈ ’ਤੇ ਖ਼ਰਚਾ
| ਮਾਲੀ ਸਾਲ |
ਉੱਚ ਸਿੱਖਿਆ ਬਜਟ |
ਵਿਦੇਸ਼ ’ਚ ਪੜ੍ਹਾਈ ’ਤੇ ਖ਼ਰਚਾ |
| 2017-18 |
33,330 |
32,331 |
| 2018-19 |
35,010 |
43,723 |
| 2019-20 |
38,317 |
63,543 |
| 2020-21 |
39,466 |
47,686 |
| 2021-22 |
38,350 |
64,211 |
–ਰਕਮ : ਕਰੋੜ ਰੁਪਏ ’ਚ, ਸਰੋਤ : ਵਿੱਤ ਮੰਤਰਾਲਾ ਤੇ ਆਰ. ਬੀ. ਆਈ.
ਇਹ ਵੀ ਪੜ੍ਹੋ : 26 ਜਨਵਰੀ ਨੂੰ ਜੇਲ੍ਹ 'ਚੋਂ ਬਾਹਰ ਆਉਣਗੇ ਨਵਜੋਤ ਸਿੱਧੂ, ਮੋਦੀ ਸਰਕਾਰ ਦੀ ਵਿਸ਼ੇਸ਼ ਗਾਈਡ ਲਾਈਨ ਬਣੇਗੀ ਮਦਦਗਾਰ
ਵਿਦੇਸ਼ ’ਚ ਪੜ੍ਹਾਈ ’ਤੇ ਖ਼ਰਚੇ ਦਾ ਪਿਛਲੇ 8 ਸਾਲਾਂ ਦਾ ਟਰੈਂਡ
| ਮਾਲੀ ਸਾਲ |
ਯੂਨੀਵਰਸਿਟੀ ਫ਼ੀਸ |
ਰਹਿਣ ਤੇ ਖਾਣ ਦਾ ਖ਼ਰਚਾ |
| 2014-15 |
1743.69 |
10915.69 |
| 2015-16 |
79596.66 |
91011.39 |
| 2016-17 |
99621.47 |
140670.38 |
| 2017-18 |
191518.48 |
131794.63 |
| 2018-19 |
245000.00 |
192225.76 |
| 2019-20 |
376176.95 |
259253.20 |
| 2020-21 |
280727.26 |
196129.71 |
| 2021-22 |
391686.97 |
250418.71 |
–ਰਕਮ : ਮਿਲੀਅਨ ਰੁਪਏ ’ਚ (ਡਾਲਰ ਦਾ ਕਨਵਰਸ਼ਨ ਰੇਟ ਮਾਲੀ ਸਾਲ ਮੁਤਾਬਕ)
ਇਹ ਵੀ ਪੜ੍ਹੋ : ਸਾਹਿਬਜ਼ਾਦਿਆਂ ਦੀ ਯਾਦ 'ਚ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ', ਕਰਵਾਏ ਜਾਣਗੇ ਕੁਇਜ਼ ਮੁਕਾਬਲੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਘਰੋਂ ਕਿਤਾਬ ਲੈਣ ਗਈ 10ਵੀਂ ਦੀ ਵਿਦਿਆਰਥਣ ਲਾਪਤਾ
NEXT STORY