ਮੇਹਟੀਆਣਾ, (ਸੰਜੀਵ)- ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਬਡਲਾ ਵਿਖੇ ਇਕ ਔਰਤ ਨੂੰ ਬੇਹੋਸ਼ ਕਰ ਕੇ ਘਰ 'ਚੋਂ ਚੋਰਾਂ ਵੱਲੋਂ ਨਕਦੀ ਅਤੇ ਗਹਿਣੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੈ। ਜਾਣਕਾਰੀ ਅਨੁਸਾਰ ਸ਼ੀਲਾ ਰਾਣੀ ਪਤਨੀ ਸੰਤੋਖ ਸਿੰਘ ਵਾਸੀ ਪਿੰਡ ਬਡਲਾ ਆਪਣੇ ਘਰ 'ਚ ਇਕੱਲੀ ਸੀ। ਦੁਪਹਿਰ ਇਕ ਵਜੇ 2 ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ, ਘਰ 'ਚ ਦਾਖਲ ਹੋਏ ਅਤੇ ਘਰ 'ਚ ਮੌਜੂਦ ਸ਼ੀਲਾ ਰਾਣੀ ਨੂੰ ਰੁਮਾਲ ਸੁੰਘਾ ਕੇ ਬੇਹੋਸ਼ ਕਰ ਦਿੱਤਾ।
ਇਸ ਦੌਰਾਨ ਚੋਰਾਂ ਨੇ ਘਰ ਦੇ ਸਟੋਰ 'ਚ ਰੱਖੀ ਅਲਮਾਰੀ ਤੇ ਪੇਟੀ 'ਚੋਂ 75 ਹਜ਼ਾਰ ਰੁਪਏ ਦੀ ਨਕਦੀ, ਇਕ ਜੋੜਾ ਸੋਨੇ ਦੀਆਂ ਵਾਲੀਆਂ ਤੇ ਹੋਰ ਛੋਟੇ-ਮੋਟੇ ਕੀਮਤੀ ਸਾਮਾਨ ਨੂੰ ਚੋਰੀ ਕਰ ਲਿਆ।
ਗੌਰਤਲਬ ਹੈ ਕਿ ਉਕਤ ਔਰਤ ਨੇ ਕੁਝ ਸਮੇਂ ਬਾਅਦ ਹੋਸ਼ 'ਚ ਆਉਣ 'ਤੇ ਸਾਮਾਨ ਇਧਰ-ਉਧਰ ਖਿੱਲਰਿਆ ਦੇਖ ਕੇ ਆਪਣੀ ਗੁਆਂਢਣ ਨੂੰ ਆਵਾਜ਼ ਦਿੱਤੀ। ਗੁਆਂਢਣ ਦੇ ਘਰ ਪਹੁੰਚਣ 'ਤੇ ਉਕਤ ਔਰਤ ਫ਼ਿਰ ਬੇਹੋਸ਼ ਹੋ ਗਈ। ਬੇਹੋਸ਼ੀ ਦੀ ਹਾਲਤ 'ਚ ਉਸ ਨੂੰ ਨਜ਼ਦੀਕੀ ਪਿੰਡ ਰਾਜਪੁਰ ਭਾਈਆਂ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮੇਹਟੀਆਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿਨ- ਦਿਹਾੜੇ ਹੋਈ ਇਸ ਵਾਰਦਾਤ ਦੀ ਚਰਚਾ ਪੂਰੇ ਇਲਾਕੇ 'ਚ ਅੱਗ ਵਾਂਗ ਫੈਲ ਗਈ।
ਵਿਆਹੁਤਾ ਨਾਲ ਜਬਰ-ਜ਼ਨਾਹ
NEXT STORY