ਜਲੰਧਰ (ਸੁਧੀਰ)– ਪੰਜਾਬ ’ਚ ਕੈਨੇਡਾ ਭੇਜਣ ਦੇ ਨਾਂ ’ਤੇ ਹੁਸੀਨ ਸੁਫ਼ਨੇ ਵਿਖਾਉਣਾ ਨਵੀਂ ਗੱਲ ਨਹੀਂ ਹੈ ਪਰ ਹੁਣ ਕੈਨੇਡਾ ਦੇ ਕਿਊਬਿਕ ਅਤੇ ਮਾਂਟਰੀਅਲ ਦੇ 10 ਕਾਲਜ ਵਿਵਾਦਾਂ ਵਿਚ ਘਿਰ ਗਏ ਹਨ, ਜਿਸ ਨਾਲ ਪੰਜਾਬੀ ਵਿਦਿਆਰਥੀਆਂ ਵੱਲੋਂ ਫ਼ੀਸ ਵਜੋਂ ਜਮ੍ਹਾ ਕਰਵਾਏ ਗਏ ਲਗਭਗ 14 ਕਰੋੜ ਡਾਲਰ ਫਸ ਗਏ ਹਨ। ਇਕ ਅੰਦਾਜ਼ੇ ਮੁਤਾਬਕ ਇਨ੍ਹਾਂ ਵਿਵਾਦਿਤ ਕਾਲਜਾਂ ’ਚ ਪੰਜਾਬ ਦੇ ਲਗਭਗ 20 ਹਜ਼ਾਰ ਵਿਦਿਆਰਥੀਆਂ ਨੂੰ ਦਾਖ਼ਲਾ ਦਿਵਾਇਆ ਗਿਆ ਹੈ ਪਰ ਹੁਣ ਵੀਜ਼ੇ ਆਉਣੇ ਰੁਕ ਗਏ ਹਨ। ਕਿਊਬਿਕ ’ਚ ਔਸਤ ਫ਼ੀਸ 7 ਹਜ਼ਾਰ ਡਾਲਰ ਪ੍ਰਤੀ ਵਿਦਿਆਰਥੀ ਹੈ ਅਤੇ ਇਸ ਹਿਸਾਬ ਨਾਲ ਇਹ ਅੰਕੜਾ 14 ਕਰੋੜ ਡਾਲਰ ਬੈਠਦਾ ਹੈ। ਇਸ ਸਮੇਂ ਇਕ ਕੈਨੇਡੀਅਨ ਡਾਲਰ 60 ਰੁਪਏ ਦਾ ਹੈ ਅਤੇ ਇਸ ਹਿਸਾਬ ਨਾਲ 60 ਨੂੰ 14 ਕਰੋੜ ਡਾਲਰ ਨਾਲ ਗੁਣਾ ਕੀਤਾ ਜਾਵੇ ਤਾਂ 840 ਕਰੋੜ ਭਾਰਤੀ ਰੁਪਏ ਬਣਦੇ ਹਨ। ਜੇਕਰ ਜਾਂਚ ’ਚ ਇਹ 10 ਕਾਲਜ ਫਰਜ਼ੀ ਸਾਬਿਤ ਹੁੰਦੇ ਹਨ ਤਾਂ ਇਨ੍ਹਾਂ ’ਤੇ ਬੈਂਕਰਪਸੀ ਦਾ ਖਤਰਾ ਮੰਡਰਾਅ ਰਿਹਾ ਹੈ। ਜੇਕਰ ਅਜਿਹਾ ਹੋਇਆ ਤਾਂ ਪੰਜਾਬੀਆਂ ਦਾ ਇਹ ਸਾਰਾ ਪੈਸਾ ਡੁੱਬ ਜਾਵੇਗਾ।
ਦੂਜੇ ਪਾਸੇ ਕੈਨੇਡਾ ਦੇ ਪ੍ਰਾਈਵੇਟ ਕਾਲਜਾਂ ’ਚ ਫਰਜ਼ੀਵਾੜਾ ਸਾਹਮਣੇ ਆਉਣ ’ਤੇ ਕੈਨੇਡਾ ਸਰਕਾਰ ਵੱਲੋਂ ਮਾਂਟਰੀਅਲ ਅਤੇ ਕਿਊਬਿਕ ਦੇ ਲਗਭਗ 10 ਪ੍ਰਾਈਵੇਟ ਕਾਲਜਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਗੱਲ ਦੀ ਸੂਚਨਾ ਮਿਲਦੇ ਹੀ ਪੰਜਾਬ ਦੇ ਟਰੈਵਲ ਕਾਰੋਬਾਰੀਆਂ ’ਚ ਤਰਥੱਲੀ ਮਚ ਗਈ ਹੈ। ਕੈਨੇਡਾ ਦੇ ਪ੍ਰਾਈਵੇਟ ਕਾਲਜਾਂ ਤੋਂ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਵਾਪਸ ਨਾ ਆਉਣ ’ਤੇ ਕਈ ਵਿਦਿਆਰਥੀ ਟਰੈਵਲ ਕਾਰੋਬਾਰੀਆਂ ਵਿਰੁੱਧ ਪੁਲਸ ਕੋਲ ਮਾਮਲੇ ਵੀ ਦਰਜ ਕਰਵਾ ਸਕਦੇ ਹਨ। ਜ਼ਿਆਦਾ ਕਮੀਸ਼ਨ ਦੇ ਲਾਲਚ ’ਚ ਏਜੰਟਾਂ ਨੇ ਅਜਿਹੇ ਕਾਲਜਾਂ ’ਚ ਵਿਦਿਆਰਥੀਆਂ ਨੂੰ ਦਾਖ਼ਲਾ ਦਿਵਾ ਦਿੱਤਾ, ਜਿੱਥੇ ਤੈਅ ਹੱਦ ਤੋਂ ਵੱਧ ਦੀ ਇਜਾਜ਼ਤ ਨਹੀਂ ਸੀ।
ਇਹ ਵੀ ਪੜ੍ਹੋ: 'ਲਵ ਮੈਰਿਜ' ਕਰਵਾਉਣ ਦੀ ਭਰਾ ਨੇ ਦਿੱਤੀ ਖ਼ੌਫ਼ਨਾਕ ਸਜ਼ਾ, ਦੋਸਤ ਨਾਲ ਮਿਲ ਕੇ ਗੋਲ਼ੀਆਂ ਮਾਰ ਕੀਤਾ ਭੈਣ ਦਾ ਕਤਲ
ਇਸ ਸੂਰਤ ’ਚ ਜਦੋਂ ਮਾਮਲਾ ਇਮੀਗ੍ਰੇਸ਼ਨ ਮਹਿਕਮੇ ਦੇ ਧਿਆਨ ’ਚ ਆਇਆ ਤਾਂ ਤੁਰੰਤ ਪ੍ਰਭਾਵ ਨਾਲ ਉਨ੍ਹਾਂ 10 ਕਾਲਜਾਂ ਵਿਰੁੱਧ ਜਾਂਚ ਖੋਲ੍ਹ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਤਾਲਾਬੰਦੀ ਚੱਲ ਰਹੀ ਹੈ ਅਤੇ ਏਜੰਟਾਂ ਦੇ ਦਫ਼ਤਰ ਬੰਦ ਹਨ। ਇਸ ਦੌਰਾਨ ਇਕ ਵੀਡੀਓ ਵਾਇਰਲ ਹੋਈ, ਜਿਸ ’ਚ ਕੈਨੇਡਾ ’ਚ ਪਹਿਲਾਂ ਤੋਂ ਹੀ ਬੈਂਕਰਪਟ ਹੋ ਚੁੱਕੀਆਂ ਕੁਝ ਸਿੱਖਿਆ ਸੰਸਥਾਵਾਂ ਦੀ ਉਦਾਹਰਣ ਦਿੱਤੀ ਗਈ ਸੀ, ਜਿਸ ਤੋਂ ਬਾਅਦ ਏਜੰਟ ਇਸ ਸਵਾਲ ਤੋਂ ਬਚਣ ਲੱਗੇ ਅਤੇ ਕਈਆਂ ਨੇ ਤਾਂ ਫੋਨ ਤਕ ਚੁੱਕਣੇ ਬੰਦ ਕਰ ਦਿੱਤੇ।
ਪਰ ਸੋਸ਼ਲ ਮੀਡੀਆ ਦਾ ਦਬਾਅ ਬਣਨ ਤੋਂ ਬਾਅਦ ਏਜੰਟਾਂ ਕੋਲੋਂ ਸਵਾਲ ਪੁੱਛਿਆ ਗਿਆ ਕਿ ਜੇਕਰ ਕਾਲਜ ਫੀਸ ਵਾਪਸ ਨਹੀਂ ਦਿੰਦੇ ਤਾਂ ਕੀ ਏਜੰਟ ਕੋਲੋਂ ਫੀਸ ਭਰਨਗੇ? ਇਸ ਕਾਰਨ ਏਜੰਟਾਂ ਨੇ ਹੁਣ ਡੀ. ਐੱਲ. ਆਈ. ਬਦਲਣੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਡੀ. ਐੱਲ. ਆਈ. ਨਾ ਬਦਲਿਆ, ਵੀਜ਼ਾ ਨਾ ਆਇਆ ਅਤੇ ਉੱਪਰੋਂ ਕਾਲਜ ਦੀ ਬੈਂਕਰਪਸੀ ਹੋ ਗਈ ਤਾਂ ਵਿਦਿਆਰਥੀਆਂ ਦਾ ਪੈਸਾ ਡੁੱਬੇਗਾ ਅਤੇ ਉਹ ਟਰੈਵਲ ਏਜੰਟਾਂ ’ਤੇ ਕਾਰਵਾਈ ਕਰਵਾ ਸਕਦੇ ਹਨ।
ਕਿਵੇਂ ਬਚ ਸਕਦੇ ਹਨ ਵਿਦਿਆਰਥੀਆਂ ਦੇ ਪੈਸੇ
ਇਸ ਸਮੇਂ ਵਿਦਿਆਰਥੀਆਂ ਕੋਲ ਆਪਣੇ ਪੈਸੇ ਸੇਵ ਕਰਨ ਦਾ ਇਕ ਮੌਕਾ ਹੈ। ਜੇਕਰ ਉਹ ਆਪਣਾ ਡੀ. ਐੱਲ. ਆਈ. ਬਦਲ ਕੇ ਫ਼ੀਸ ਕਿਸੇ ਸਰਕਾਰੀ ਕਾਲਜ ’ਚ ਟਰਾਂਸਫਰ ਕਰਵਾ ਲੈਂਦੇ ਹਨ ਤਾਂ ਉਨ੍ਹਾਂ ਦੇ ਪੈਸੇ ਡੁੱਬਣੋਂ ਬਚ ਜਾਣਗੇ। ਜੇਕਰ ਵਿਵਾਦਿਤ ਕਾਲਜ ਦੋਸ਼ੀ ਪਾਏ ਜਾਣ ਤੋਂ ਬਾਅਦ ਖੁਦ ਨੂੰ ਦੀਵਾਲੀਆ ਐਲਾਨ ਕਰ ਵੀ ਦਿੰਦੇ ਹਨ ਤਾਂ ਵਿਦਿਆਰਥੀਆਂ ਦਾ ਪੈਸਾ ਪਹਿਲਾਂ ਹੀ ਕਿਸੇ ਦੂਜੇ ਕਾਲਜ ’ਚ ਜਾ ਚੁੱਕਾ ਹੋਵੇਗਾ ਅਤੇ ਇਸ ਨਾਲ ਉਹ ਲੁੱਟ ਹੋਣ ਤੋਂ ਬਚ ਸਕਦੇ ਹਨ। ਜੇਕਰ ਕੋਈ ਵਿਦਿਆਰਥੀ ਫਿਰ ਵੀ ਡੀ. ਐੱਲ. ਆਈ. ਚੇਂਜ ਨਹੀਂ ਕਰਨਾ ਚਾਹੁੰਦਾ ਅਤੇ ਵੀਜ਼ਾ ਰਿਜ਼ਲਟ ਦੀ ਉਡੀਕ ਕਰਨੀ ਚਾਹੁੰਦਾ ਹੈ ਤਾਂ ਉਹ ਹਾਈ ਰਿਸਕ ’ਤੇ ਹੋਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਦਾ ਸ਼ਿਕਾਰ ਹੋਏ 20 ਦਿਨਾਂ ਦੇ ਬੱਚੇ ਨੂੰ ਇੰਝ ਮਿਲੀ ਨਵੀਂ ਜ਼ਿੰਦਗੀ
ਏਜੰਟ ਰੀਫੰਡ ਰੁਕਵਾਉਣ ਲਈ ਕਾਲਜਾਂ ਕੋਲੋਂ ਕਰਵਾ ਰਹੇ ਗੁੰਮਰਾਹ ਕਰਨ ਵਾਲੀਆਂ ਈਮੇਲਜ਼
ਕੈਨੇਡਾ ਸਰਕਾਰ ਨੇ ਸਤੰਬਰ ਇਨਟੇਕ ’ਚ ਫਾਈਲ ਲੁਆਉਣ ਵਾਲਿਆਂ ਨੂੰ ਆਖਰੀ ਮਿਤੀ 15 ਮਈ ਦਿੱਤੀ ਹੈ ਅਤੇ ਕਿਹਾ ਕਿ ਜੇਕਰ ਕੋਈ ਇਸ ਮਿਤੀ ਤੋਂ ਪਹਿਲਾਂ ਆਪਣੀ ਫਾਈਲ ਜਮ੍ਹਾ ਕਰਵਾਉਂਦਾ ਹੈ ਤਾਂ ਉਸ ਨੂੰ 6 ਅਗਸਤ ਤਕ ਵੀਜ਼ਾ ਰਿਜ਼ਲਟ ਦੇ ਦਿੱਤਾ ਜਾਵੇਗਾ ਪਰ ਇਸ ’ਚ ਪੁਰਾਣੇ ਵਿਦਿਆਰਥੀਆਂ ਦਾ ਕੋਈ ਜ਼ਿਕਰ ਨਹੀਂ ਹੈ। ਅਜਿਹੇ ਹਾਲਾਤ ’ਚ ਏਜੰਟਾਂ ਦਾ ਦਬਾਅ ਬਣਨ ’ਤੇ ਕਾਲਜਾਂ ਨੇ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਵਾਲੀਆਂ ਈਮੇਲਜ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਨ੍ਹਾਂ ਈਮੇਲਜ਼ ’ਚ 15 ਮਈ ਤਕ ਉਡੀਕ ਕਰਨ ਨੂੰ ਕਿਹਾ ਗਿਆ ਹੈ, ਜਦਕਿ ਅਸਲੀਅਤ ’ਚ ਪੁਰਾਣੀਆਂ ਫਾਈਲਾਂ ਦਾ ਕੋਈ ਵੀ ਜ਼ਿਕਰ ਅਜੇ ਨਹੀਂ ਕੀਤਾ ਗਿਆ ਹੈ। ਇਸ ਨਾਲ ਜੇਕਰ 15 ਮਈ ਨਿਕਲ ਗਈ ਤਾਂ ਸ਼ਾਇਦ ਵਿਦਿਆਰਥੀਆਂ ਨੂੰ 2021 ਤਕ ਕੋਈ ਵੀ ਸਮੈਸਟਰ ਨਹੀਂ ਮਿਲੇਗਾ ਅਤੇ ਉਨ੍ਹਾਂ ਨੂੰ ਮਜਬੂਰਨ ਪੁਰਾਣੇ ਕਾਲਜਾਂ ਦੇ ਨਾਲ ਰਿਜ਼ਲਟ ਦੀ ਉਡੀਕ ਕਰਨੀ ਪਵੇਗੀ।
ਫ਼ੀਸ ਰੀਫੰਡ ਦੀ ਈਮੇਲ ਕਰਨ ’ਤੇ 6 ਤੋਂ 8 ਹਫ਼ਤਿਆਂ ਤਕ ਮਿਲਦਾ ਹੈ ਵੇਟਿੰਗ ਟਾਈਮ
ਸੂਤਰਾਂ ਮੁਤਾਬਕ ਜਾਂਚ ਅਧੀਨ ਆਏ ਪ੍ਰਾਈਵੇਟ ਕਾਲਜਾਂ ਕੋਲੋਂ ਆਪਣੀ ਫੀਸ ਰੀਫੰਡ ਕਰਵਾਉਣ ਲਈ ਜੇਕਰ ਕੋਈ ਵਿਦਿਆਰਥੀ ਟਰੈਵਲ ਕਾਰੋਬਾਰੀ ਦੇ ਦਫ਼ਤਰ ’ਚ ਜਾਂਦਾ ਹੈ ਤਾਂ ਉਹ ਵਿਦਿਆਰਥੀ ਨੂੰ ਪ੍ਰਾਈਵੇਟ ਕਾਲਜਾਂ ਦੀ ਈਮੇਲ ਆਈ. ਡੀਜ਼. ਦੇ ਕੇ ਸਿੱਧਾ ਕਾਲਜਾਂ ਨੂੰ ਈਮੇਲ ਕਰ ਕੇ ਆਪਣੀ ਫ਼ੀਸ ਰੀਫੰਡ ਕਰਵਾਉਣ ਲਈ ਕਹਿ ਰਹੇ ਹਨ। ਕਾਲਜਾਂ ਨੂੰ ਸਿੱਧੀ ਈਮੇਲ ਭੇਜਣ ’ਤੇ ਵਿਦਿਆਰਥੀਆਂ ਨੂੰ 6 ਤੋਂ 8 ਹਫ਼ਤਿਆਂ ਵੇਟਿੰਗ ਟਾਈਮ ਦਿੱਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕਈ ਕਾਲਜਾਂ ਵੱਲੋਂ ਵਿਦਿਆਰਥੀਆਂ ਨੂੰ ਫਰਜ਼ੀ ਈਮੇਲਜ਼ ਵੀ ਭੇਜੀਆਂ ਜਾ ਰਹੀਆਂ ਹਨ ਤਾਂ ਕਿ ਵਿਦਿਆਰਥੀ ਕਿਸੇ ਤਰ੍ਹਾਂ ਚੁੱਪ ਕਰ ਕੇ ਬੈਠ ਜਾਣ। ਦੂਜੇ ਪਾਸੇ ਜੇਕਰ ਆਉਣ ਵਾਲੇ ਸਮੇਂ ’ਚ ਕੁਝ ਪ੍ਰਾਈਵੇਟ ਕਾਲਜ ਬੈਂਕਰਪਟ ਹੋ ਗਏ ਤਾਂ ਭਾਰਤੀ ਵਿਦਿਆਰਥੀਆਂ ਦੇ ਪ੍ਰਾਈਵੇਟ ਕਾਲਜਾਂ ’ਚ ਕਰੋੜਾਂ ਰੁਪਏ ਡੁੱਬ ਸਕਦੇ ਹਨ।
ਇਹ ਵੀ ਪੜ੍ਹੋ: ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ
ਏਜੰਟਾਂ ਨੂੰ ਖੁਸ਼ ਕਰਨ ਲਈ ਪ੍ਰਾਈਵੇਟ ਕਾਲਜਾਂ ਨੇ ਖਾਤਿਆਂ ’ਚ ਭੇਜੀ ਲੱਖਾਂ ਡਾਲਰ ਕਮੀਸ਼ਨ
ਸੂਤਰਾਂ ਮੁਤਾਬਕ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀ ਪ੍ਰਾਈਵੇਟ ਕਾਲਜਾਂ ਕੋਲੋਂ ਆਪਣੀ ਫੀਸ ਰੀਫੰਡ ਕਰਵਾਉਣ ਲਈ ਟਰੈਵਲ ਕਾਰੋਬਾਰੀਆਂ ਦੇ ਦਫ਼ਤਰਾਂ ਵਿਚ ਜਾ ਕੇ ਹੰਗਾਮਾ ਕਰ ਰਹੇ ਹਨ। ਟਰੈਵਲ ਕਾਰੋਬਾਰੀ ਵੀ ਵਾਰ-ਵਾਰ ਪ੍ਰਾਈਵੇਟ ਕਾਲਜਾਂ ਦੇ ਮਾਲਕਾਂ ਕੋਲੋਂ ਵਿਦਿਆਰਥੀਆਂ ਦੀ ਫ਼ੀਸ ਰੀਫੰਡ ਕਰਨ ਲਈ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ ਤਾਂ ਕਿ ਕਿਤੇ ਵਿਦਿਆਰਥੀ ਉਨ੍ਹਾਂ ਵਿਰੁੱਧ ਪੁਲਸ ਕੋਲ ਸ਼ਿਕਾਇਤ ਨਾ ਦਰਜ ਕਰਵਾ ਦੇਣ। ਸੂਤਰਾਂ ਮੁਤਾਬਕ ਕੁਝ ਪ੍ਰਾਈਵੇਟ ਕਾਲਜਾਂ ਨੇ ਟਰੈਵਲ ਕਾਰੋਬਾਰੀਆਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਖਾਤਿਆਂ ’ਚ ਲੱਖਾਂ ਡਾਲਰ ਕਮੀਸ਼ਨ ਤਕ ਪਾ ਦਿੱਤੀ ਹੈ ਤਾਂਕਿ ਕਿਸੇ ਤਰ੍ਹਾਂ ਟਰੈਵਲ ਕਾਰੋਬਾਰੀ ਵਿਦਿਆਰਥੀਆਂ ਨੂੰ ਮਿਲਣ ਤੋਂ ਬਾਅਦ ਫ਼ੀਸ ਰੀਫੰਡ ਆਉਣ ਦਾ ਦਿਲਾਸਾ ਦੇ ਸਕਣ।
ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਖ਼ੂਨ ਦੇ ਰਿਸ਼ਤੇ ’ਚ ਪੈਦਾ ਕੀਤੀਆਂ ਦੂਰੀਆਂ, ਸ਼ਮਸ਼ਾਨਘਾਟਾਂ 'ਚੋਂ ਸਾਹਮਣੇ ਆ ਰਹੀਆਂ ਦਰਦਨਾਕ ਤਸਵੀਰਾਂ
ਪ੍ਰਾਈਵੇਟ ਕਾਲਜਾਂ ਅਤੇ ਟਰੈਵਲ ਕਾਰੋਬਾਰੀਆਂ ’ਚ ਹੋਈ ਸੀ 50-50 ਦੀ ਡੀਲ
ਸੂਤਰਾਂ ਮੁਤਾਬਕ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਤੌਰ ’ਤੇ ਵਿਦੇਸ਼ ਭੇਜਣ ਲਈ ਪੰਜਾਬ ਦੇ ਕਈ ਟਰੈਵਲ ਕਾਰੋਬਾਰੀਆਂ ਨੇ ਆਪਣੀਆਂ ਜੇਬਾਂ ਗਰਮ ਕਰਨ ਲਈ ਵਿਦੇਸ਼ ਦੇ ਕਈ ਪ੍ਰਾਈਵੇਟ ਕਾਲਜਾਂ ਨਾਲ ਹੱਥ ਮਿਲਾਇਆ ਹੈ। ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਨੂੰ ਦਾਖ਼ਲਾ ਦਿਵਾਉਣ ’ਤੇ ਟਰੈਵਲ ਕਾਰੋਬਾਰੀਆਂ ਨੂੰ ਸਿਰਫ਼ 10 ਤੋਂ 15 ਫੀਸਦੀ ਤਕ ਕਮੀਸ਼ਨ ਮਿਲਦੀ ਹੈ, ਜਿਸ ਕਾਰਨ ਟਰੈਵਲ ਕਾਰੋਬਾਰੀ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਵਿਦਿਆਰਥੀਆਂ ਨੂੰ ਘੱਟ ਦਾਖਲਾ ਦਿਵਾਉਂਦੇ ਹਨ। ਓਧਰ ਦੂਜੇ ਪਾਸੇ ਕਈ ਪ੍ਰਾਈਵੇਟ ਕਾਲਜਾਂ ’ਚ ਟਰੈਵਲ ਕਾਰੋਬਾਰੀਆਂ ਨੂੰ ਭਾਰੀ ਗਿਣਤੀ ’ਚ ਵਿਦਿਆਰਥੀਆਂ ਨੂੰ ਦਾਖ਼ਲਾ ਦਿਵਾਉਣ ਲਈ 30 ਤੋਂ 50 ਫ਼ੀਸਦੀ ਤਕ ਕਮੀਸ਼ਨ ਆ ਰਹੀ ਹੈ, ਜਿਸ ਕਾਰਨ ਪੰਜਾਬ ਦੇ ਕਈ ਟਰੈਵਲ ਕਾਰੋਬਾਰੀ ਵਿਦਿਆਰਥੀਆਂ ਨੂੰ ਮਾਂਟਰੀਅਲ ਅਤੇ ਕਿਊਬਿਕ ’ਚ ਜਲਦੀ ਪੀ. ਆਰ. ਹੋਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਪ੍ਰਾਈਵੇਟ ਕਾਲਜਾਂ ’ਚ ਦਾਖਲਾ ਦਿਵਾ ਕੇ ਆਪਣੀਆਂ ਜੇਬਾਂ ਗਰਮ ਕਰਨ ਦੇ ਨਾਲ-ਨਾਲ ਭਾਰਤੀ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ।
ਇਹ ਵੀ ਪੜ੍ਹੋ: ਕਪੂਰਥਲਾ ਤੋਂ ਜਲੰਧਰ ਆਉਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਕੁਝ ਅਜਿਹਾ
ਪੰਜਾਬ ਦੇ ਵੱਡੇ ਟਰੈਵਲ ਕਾਰੋਬਾਰੀਆਂ ਦੇ ਚਿਹਰਿਆਂ ’ਤੇ ਆਈ ਰੌਣਕ
ਮਾਂਟਰੀਅਲ ਅਤੇ ਕਿਊਬਿਕ ਦੇ ਪ੍ਰਾਈਵੇਟ ਕਾਲਜਾਂ ’ਚ ਕਥਿਤ ਏਜੰਟਾਂ ਦੀ ਮਿਲੀਭੁਗਤ ਨਾਲ ਹੋਏ ਫਰਜ਼ੀਵਾੜੇ ਤੋਂ ਬਾਅਦ ਪੰਜਾਬ ਦੇ ਵੱਡੇ ਟਰੈਵਲ ਕਾਰੋਬਾਰੀਆਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਵਿਦਿਆਰਥੀਆਂ ਦਾ ਵੀਜ਼ਾ ਲਵਾਉਣ ਤੋਂ ਬਾਅਦ ਹੀ ਸਾਰੇ ਪੈਸੇ ਲੈਂਦੇ ਹਨ, ਜਿਸ ’ਚ ਕਾਲਜ ਦੀ ਫ਼ੀਸ ਵੀ ਵੀਜ਼ਾ ਲੱਗਣ ਤੋਂ ਬਾਅਦ ਹੀ ਲਈ ਜਾਂਦੀ ਹੈ, ਜਦਕਿ ਪੰਜਾਬ ਦੇ ਕਈ ਟਰੈਵਲ ਕਾਰੋਬਾਰੀ ਆਪਣੀਆਂ ਜੇਬਾਂ ਗਰਮ ਕਰਨ ਲਈ ਵਿਦਿਆਰਥੀਆਂ ਕੋਲੋਂ ਐਡਵਾਂਸ ’ਚ ਹੀ ਰੁਪਏ ਲੈ ਕੇ ਉਨ੍ਹਾਂ ਨਾਲ ਖਿਲਵਾੜ ਕਰ ਰਹੇ ਹਨ। ਵੱਡੇ ਕਾਰੋਬਾਰੀਆਂ ਨੂੰ ਹੁਣ ਉਮੀਦ ਹੈ ਕਿ ਛੋਟੇ ਟਰੈਵਲ ਕਾਰੋਬਾਰੀਆਂ ਦੇ ਹੱਥੇ ਚੜ੍ਹ ਕੇ ਫਸੇ ਵਿਦਿਆਰਥੀ ਹੁਣ ਉਨ੍ਹਾਂ ਕੋਲ ਆਉਣਗੇ, ਜਿਸ ਕਾਰਨ ਉਨ੍ਹਾਂ ਨੂੰ ਵੀ ਹੁਣ ਵਿਦਿਆਰਥੀਆਂ ਤੋਂ ਮੋਟੀ ਕਮਾਈ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਕੋਰੋਨਾ ਮਰੀਜ਼ ਨੂੰ ਮਕਾਨ ਮਾਲਕ ਨੇ ਘਰੋਂ ਕੱਢਿਆ, ਸਿਵਲ ਹਸਪਤਾਲ ਨੇ ਵੀ ਕੀਤਾ ਦਾਖ਼ਲ ਕਰਨ ਤੋਂ ਇਨਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
'ਕੋਰੋਨਾ' ਆਫ਼ਤ ਦੌਰਾਨ 'ਬੁੜੈਲ ਜੇਲ੍ਹ' ਦੇ ਕੈਦੀਆਂ ਲਈ ਆਇਆ ਵੱਡਾ ਫ਼ੈਸਲਾ, ਜਾਰੀ ਹੋਏ ਹੁਕਮ
NEXT STORY