ਪਟਿਆਲਾ/ਬਾਰਨ (ਇੰਦਰ) : ਜਿੱਥੇ ਪੂਰਾ ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ, ਉੱਥੇ ਹੀ ਸੂਬੇ ਅੰਦਰ ਨਾਜਾਇਜ਼ ਸ਼ਰਾਬ ਦੇ ਧੰਦੇ ਨੇ ਵੀ ਜ਼ੋਰ ਫੜ੍ਹ ਲਿਆ ਹੈ। ਪੰਜਾਬ ’ਚ ਚੰਡੀਗੜ੍ਹ ਅਤੇ ਨਾਲ ਲੱਗਦੇ ਦੂਜੇ ਸੂਬਿਆਂ ਦੀ ਸ਼ਰਾਬ ਪੰਜਾਬੀਆਂ ’ਤੇ ਭਾਰੂ ਪੈ ਗਈ ਹੈ। ਪੰਜਾਬ ਨਾਲੋਂ ਸਸਤੀ ਇਹ ਸ਼ਰਾਬ ਜਿੱਥੇ ਸੂਬਾ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਗਾ ਰਹੀ ਹੈ, ਉੱਥੇ ਹੀ ਨਾਜਾਇਜ਼ ਧੰਦੇ ਨੂੰ ਬੜ੍ਹਾਵਾ ਦੇ ਰਹੀ ਹੈ। ਇਸ ਧੰਦੇ ’ਚ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ’ਚ ਲੱਗੇ ਹੋਏ ਹਨ, ਜੋ ਰੁਜ਼ਗਾਰ ਨਾ ਮਿਲਣ ਕਾਰਨ ਥੋੜੇ ਸਮੇਂ ’ਚ ਵੱਧ ਪੈਸਾ ਕਮਾਉਣ ਦੇ ਚੱਕਰ ’ਚ ਨਾਜਾਇਜ਼ ਸ਼ਰਾਬ ਵੇਚਣ ਦੇ ਧੰਦੇ ਨੂੰ ਅਪਣਾ ਰਹੇ ਹਨ।
ਇਹ ਵੀ ਪੜ੍ਹੋ : ਦਿੱਲੀ ਪਹੁੰਚੇ 'ਪੰਜਾਬ ਕਾਂਗਰਸ' ਦੇ ਆਗੂ, ਅੱਜ ਕਮੇਟੀ ਸੁਣੇਗੀ ਗਿਲੇ-ਸ਼ਿਕਵੇ
ਭਾਵੇਂ ਐਕਸਾਈਜ਼ ਵਿਭਾਗ ਵੱਲੋਂ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਬਾਹਰਲੇ ਸੂਬਿਆਂ ਦੀ ਦਾਰੂ ਦੀ ਵਿਕਰੀ ਰੋਕਣ ਲਈ ਯਤਨ ਤਾਂ ਸਮੇਂ-ਸਮੇਂ ’ਤੇ ਕੀਤੇ ਜਾਂਦੇ ਹਨ ਪਰ ਸ਼ਰਾਬ ਮਾਫ਼ੀਆ ਦੀ ਲੁਕਣਮੀਚੀ ਅੱਗੇ ਸਭ ਕੁੱਝ ਫੇਲ੍ਹ ਹੋ ਜਾਂਦਾ ਹੈ। ਬਿਨਾਂ ਐਕਸਾਈਜ਼ ਡਿਊਟੀ ਤੋਂ ਪੰਜਾਬ ਨਾਲੋਂ ਕਿਤੇ ਸਸਤੀ ਇਹ ਸ਼ਰਾਬ ਸੂਬੇ ਭਰ ’ਚ ਪੈਰ ਪਸਾਰ ਰਹੀ ਹੈ, ਜਿਸ ਤੋਂ ਠੇਕੇਦਾਰ ਵੀ ਕਾਫੀ ਪਰੇਸ਼ਾਨ ਹਨ। ਨਾਜਾਇਜ਼ ਸ਼ਰਾਬ ਦੇ ਧੰਦੇ ਪਿੱਛੇ ਸਿਆਸੀ ਤੇ ਸਰਕਾਰ ਦੇ ਵੱਡੇ ਅਧਿਕਾਰੀਆਂ ਦਾ ਹੱਥ ਹੋਣ ਦੀ ਸ਼ੰਕਾ ਹਮੇਸ਼ਾ ਹੀ ਪ੍ਰਗਟਾਈ ਜਾਂਦੀ ਰਹੀ ਹੈ। ਇਹ ਵੀ ਸੁਣਨ ’ਚ ਆਇਆ ਹੈ ਕਿ ਸ਼ਰਾਬ ਦੇ ਇਸ ਨਾਜਾਇਜ਼ ਗੋਰਖਧੰਦੇ ਨੂੰ ਚਲਾਉਣ ਲਈ ਸੱਤਾਧਾਰੀ ਪਾਰਟੀ ਦੇ ਆਗੂ ਅਤੇ ਪੁਲਸ ਅਧਿਕਾਰੀਆਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਇਲਾਕੇ ’ਚ ਇਕ ਬੋਤਲ ਤੱਕ ਨਹੀਂ ਵਿਕ ਸਕਦੀ। ਇਹ ਆਮ ਸੁਣਨ ਨੂੰ ਮਿਲਦਾ ਹੈ ਕਿ ਬਹੁਤੇ ਪਿੰਡਾਂ ’ਚ ਸ਼ਰਾਬ ਦੇ ਆਦੀ ਲੋਕ ਹੀ ਸ਼ਰਾਬ ਵੇਚਣ ਦਾ ਧੰਦਾ ਚਲਾ ਰਹੇ ਹਨ। ਇਸ ਦੀ ਵਿਕਰੀ ਕਈ ਕਰਿਆਨੇ ਦੀਆਂ ਛੋਟੀਆਂ ਦੁਕਾਨਾਂ ਤੋਂ ਲੈ ਕੇ ਚਾਹ ਦੀਆਂ ਦੁਕਾਨਾਂ ’ਤੇ ਵੀ ਹੋਣ ਲੱਗ ਪਈ ਹੈ।
ਇਹ ਵੀ ਪੜ੍ਹੋ : ਭਾਖੜਾ ਤੇ ਪੌਂਗ ਡੈਮਾਂ 'ਚੋਂ ਪਾਣੀ ਲੈਣ ਵਾਲੇ ਸੂਬਿਆਂ ਲਈ ਅਹਿਮ ਖ਼ਬਰ, ਖੜ੍ਹੀ ਹੋ ਸਕਦੀ ਹੈ ਮੁਸੀਬਤ
ਦੁਕਾਨਦਾਰ ਆਪਣੇ ਕਾਰੋਬਾਰ ਦੇ ਮੰਦੇ ਦੀ ਕਸਰ ਕੱਢਣ ਲਈ ਇਸ ਦੋ ਨੰਬਰ ਦੀ ਸ਼ਰਾਬ ਦਾ ਸਹਾਰਾ ਲੈ ਰਹੇ ਹਨ। ਪਿੰਡਾਂ ’ਚ ਰਹਿੰਦੇ ਜਾਂ ਕੰਮ ਕਰਦੇ ਮਜ਼ਦੂਰ ਤਬਕੇ ਦੇ ਲੋਕ ਜਾਂ ਫਿਰ ਪ੍ਰਵਾਸੀ ਮਜ਼ਦੂਰ ਦਾਰੂ ਦੀ ਬੋਤਲ ਖਰੀਦਣ ਦੀ ਹਿੰਮਤ ਤਾਂ ਨਹੀਂ ਰੱਖਦੇ। ਪੈੱਗ ਦੇ ਰੂਪ ’ਚ ਸ਼ਰਾਬ ਖ਼ਰੀਦ ਕੇ ਪੀ ਲੈਂਦੇ ਹਨ। ਮਾਫ਼ੀਆ ਸ਼ਰਾਬ ਤਿਆਰ ਕਰ ਕੇ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਿਹਾ ਹੈ। ਸ਼ਰਾਬ ਵੇਚਣ ਦੇ ਇਸ ਧੰਦੇ ਨਾਲ ਜਿੱਥੇ ਪਿੰਡਾਂ ’ਚ ਛੋਟੇ ਬੱਚਿਆਂ ’ਤੇ ਮਾਰੂ ਅਸਰ ਪੈ ਰਿਹਾ ਹੈ, ਉਥੇ ਹੀ ਨੌਜਵਾਨ ਪੀੜ੍ਹੀ ਵੀ ਸ਼ਰਾਬ ਦੇ ਸੇਵਨ ਵੱਲ ਖਿੱਚੀ ਜਾ ਰਹੀ ਹੈ। ਕਾਨੂੰਨ ’ਚ ਸ਼ਕਤੀ ਦੀ ਘਾਟ ਕਾਰਨ ਜਿੱਥੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਫੜ੍ਹੇ ਜਾਣ ’ਤੇ ਦੋਸ਼ੀ ਤੁਰੰਤ ਆਪਣੀ ਜ਼ਮਾਨਤ ਕਰਵਾ ਲੈਂਦਾ ਹੈ, ਉੱਥੇ ਹੀ ਦੂਜੇ ਸੂਬਿਆਂ ਦੀ ਸ਼ਰਾਬ ਨੂੰ ਕਾਬੂ ਕਰਨ ਲਈ ਪੁਲਸ ਪ੍ਰਸ਼ਾਸਨ ਤੇ ਐਕਸਾਈਜ਼ ਵਿਭਾਗ ਫੂਕ-ਫੂਕ ਕੇ ਕਦਮ ਰੱਖਦਾ ਹੈ। ਲੋਕਾਂ ਵੱਲੋਂ ਘਰਾਂ ’ਚ ਸ਼ਰਾਬ ਦਾ ਧੰਦਾ ਕੀਤੇ ਜਾਣ ਦੀ ਖ਼ਬਰ ਮਿਲਣ ਤੇ ਪੁਲਸ ਤੇ ਐਕਸਾਈਜ਼ ਮਹਿਕਮਾ ਕਿਸੇ ਦੇ ਘਰ ’ਚ ਦਾਖ਼ਲ ਹੋਣ ਤੋਂ ਕੰਨੀ ਕਤਰਾਉਂਦਾ ਹੈ, ਜਿਸ ਕਾਰਨ ਲੋਕਾਂ ਵੱਲੋਂ ਘਰਾਂ ਦੀ ਆੜ ’ਚ ਸ਼ਰਾਬ ਵੇਚਣ ਦਾ ਵੀ ਸਿਲਸਿਲਾ ਜ਼ਿਆਦਾ ਭਾਰੂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਲੁਧਿਆਣਾ ਵਾਸੀਆਂ ਨੂੰ ਅੱਜ ਤੋਂ ਕਰਫ਼ਿਊ 'ਚ ਵੱਡੀ ਰਾਹਤ, ਜਾਣੋ ਕੀ ਹਨ ਨਵੇਂ ਹੁਕਮ
NEXT STORY