ਅੰਮ੍ਰਿਤਸਰ (ਕਮਲ) : ਜਲਿਆਂਵਾਲਾ ਬਾਗ 'ਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਭਾਜਪਾ ਪੰਜਾਬ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਦੀਆਂ ਕੋਸ਼ਿਸ਼ਾਂ ਸਦਕਾ 20 ਕਰੋੜ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਦਾ ਜਿਥੇ ਸ਼ਵੇਤ ਮਲਿਕ ਨੇ ਜਾਇਜ਼ਾ ਲਿਆ, ਉਥੇ ਹੀ ਇਸ ਇਤਿਹਾਸਕ ਸਥਾਨ 'ਚ ਵਿਕਾਸ ਦੌਰਾਨ ਹੋਣ ਵਾਲੇ ਸੁੰਦਰੀਕਰਨ ਦੀ ਪ੍ਰੈਜ਼ੈਂਟੇਸ਼ਨ ਵੀ ਪੱਤਰਕਾਰਾਂ ਦੇ ਸਾਹਮਣੇ ਰੱਖੀ। ਇਹ ਸਾਰਾ ਵਿਕਾਸ ਕਾਰਜ ਹੁਣ ਜਲਿਆਂਵਾਲਾ ਬਾਗ ਟਰੱਸਟ ਅਧੀਨ ਹੋਵੇਗਾ, ਜਿਸ ਦਾ ਪ੍ਰਧਾਨ ਮੰਤਰੀ ਨੇ ਮਲਿਕ ਨੂੰ ਟਰੱਸਟੀ ਨਿਯੁਕਤ ਕੀਤਾ ਹੈ।
ਮਲਿਕ ਨੇ ਕਿਹਾ ਕਿ ਜਲਿਆਂਵਾਲਾ ਬਾਗ ਨੂੰ ਜਿਥੇ ਦੇਸ਼ ਦਾ ਹਰ ਵਿਅਕਤੀ ਨਮਨ ਕਰਦਾ ਹੈ, ਉਥੇ ਹੀ ਵਿਦੇਸ਼ਾਂ ਤੋਂ ਲੋਕ ਇਥੇ ਸਜਦਾ ਕਰਨ ਆਉਂਦੇ ਹਨ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਸੁੰਦਰੀਕਰਨ ਕੀਤੇ ਜਾਣ 'ਤੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਹਰਦੀਪ ਪੁਰੀ ਦਾ ਧੰਨਵਾਦ ਕੀਤਾ। ਮਲਿਕ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜਲਿਆਂਵਾਲਾ ਬਾਗ ਦੇ ਪਹਿਲੇ ਟਰੱਸਟੀ ਵੀ ਸਨ, ਦੇਸ਼ ਦੀ ਆਜ਼ਾਦੀ ਤੋਂ ਲੈ ਕੇ 70 ਸਾਲ ਤੱਕ ਚੱਲੀ ਕਾਂਗਰਸ ਸਰਕਾਰ 'ਚ ਲੰਬੇ ਸਮੇਂ ਤੋਂ ਜਲਿਆਂਵਾਲਾ ਬਾਗ ਦੀ ਸਥਿਤੀ ਬਹੁਤ ਹੀ ਤਰਸਯੋਗ ਬਣੀ ਹੋਈ ਸੀ ਅਤੇ ਸੈਲਾਨੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਉਨ੍ਹਾਂ ਦੱਸਿਆ ਕਿ ਸੈਲਾਨੀਆਂ ਨੂੰ ਇਸ ਦੇ ਇਤਿਹਾਸ ਨਾਲ ਰੂ-ਬ-ਰੂ ਕਰਵਾਉਣ ਲਈ ਲਾਈਟ ਐਂਡ ਸ਼ੋਅ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ, ਜੋ ਕਿ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿਚ 15 ਮਿੰਟਾਂ ਦਾ ਹੋਵੇਗਾ। ਇਥੇ ਸੈਲਾਨੀਆਂ ਲਈ ਵਿਜ਼ਿਟਰ ਗੈਲਰੀ ਵੀ ਬਣਾਈ ਜਾਵੇਗੀ, ਜਿਸ ਵਿਚ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਹੋਣਗੀਆਂ ਤਾਂ ਕਿ ਸਾਰਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ। ਇਥੇ ਸਥਿਤ ਇਤਿਹਾਸਕ ਚਿੰਨ੍ਹਾਂ ਜਿਵੇਂ ਸ਼ਹੀਦੀ ਖੂਹ, ਗੋਲੀਆਂ ਦੇ ਨਿਸ਼ਾਨ ਅਤੇ ਹੋਰ ਸਥਾਨਾਂ ਨੂੰ ਵਿਗਿਆਨਕ ਤਰੀਕਿਆਂ ਨਾਲ ਸੁਰੱਖਿਅਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਸ਼੍ਰੀ ਦੀਪਤਾਨੰਦ ਅਵਧੂਤ ਆਸ਼ਰਮ 'ਚ ਦਾਖਲ ਹੋਏ 4 ਨਕਾਬਪੋਸ਼, ਫੁਟੇਜ਼ ਜਾਰੀ
NEXT STORY