ਅੰਮ੍ਰਿਤਸਰ (ਨੀਰਜ) : ਇਕ ਪਾਸੇ ਜਿੱਥੇ ਬੀ. ਐੱਸ. ਐੱਫ. ਵੱਲੋਂ ਆਪਣਾ 55ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਬੀ. ਐੱਸ. ਐੱਫ. ਦੇ ਇਕ ਬਹਾਦਰ ਜਵਾਨ ਨੂੰ ਸ਼ਾਇਦ ਬੀ. ਐੱਸ. ਐੱਫ. ਭੁੱਲ ਹੀ ਚੁੱਕੀ ਹੈ। ਜਾਣਕਾਰੀ ਅਨੁਸਾਰ ਜਵਾਨ ਸੁਰਜੀਤ ਸਿੰਘ ਪਿਛਲੇ 49 ਸਾਲਾਂ ਤੋਂ ਪਾਕਿਸਤਾਨ ਦੀ ਕਿਸੇ ਜੇਲ ਵਿਚ ਕੈਦ ਹੈ। ਸੁਰਜੀਤ ਸਿੰਘ ਦਾ ਪਰਿਵਾਰ ਅੱਜ ਵੀ ਉਸ ਦੇ ਰਿਹਾਅ ਹੋਣ ਦੀ ਉਮੀਦ ਲਾਈ ਬੈਠਾ ਹੈ। ਉਸ ਦਿਨ ਦਾ ਇੰਤਜ਼ਾਰ ਕਰ ਰਿਹਾ ਹੈ, ਜਦੋਂ ਸੁਰਜੀਤ ਸਿੰਘ ਪਾਕਿਸਤਾਨ ਦੀ ਜੇਲ 'ਚੋਂ ਰਿਹਾਅ ਹੋ ਕੇ ਭਾਰਤ ਆਵੇਗਾ। ਇਕ ਵਾਰ ਤਾਂ ਪਰਿਵਾਰ ਨੂੰ ਸੁਰਜੀਤ ਸਿੰਘ ਦੇ ਰਿਹਾਅ ਹੋਣ ਦੀ ਉਮੀਦ ਜ਼ਰੂਰ ਜਾਗੀ ਸੀ ਪਰ ਜਿਸ ਕੈਦੀ ਨੂੰ ਪਾਕਿਸਤਾਨ ਨੇ ਰਿਹਾਅ ਕੀਤਾ, ਉਹ ਸੁਰਜੀਤ ਸਿੰਘ ਉਰਫ ਮੱਖਣ ਸਿੰਘ ਸੀ।
ਸੁਰਜੀਤ ਸਿੰਘ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਉਸ ਨੂੰ ਪਾਕਿਸਤਾਨ ਤੋਂ ਰਿਹਾਅ ਕਰਵਾਉਣ ਲਈ ਕੋਸ਼ਿਸ਼ ਕਰ ਰਿਹਾ ਹੈ। ਜੰਤਰ ਮੰਤਰ 'ਤੇ ਧਰਨਾ ਵੀ ਦੇ ਚੁੱਕਿਆ ਹੈ, ਫਿਰ ਵੀ ਸੁਰਜੀਤ ਦੀ ਰਿਹਾਈ ਨਹੀਂ ਹੋ ਰਹੀ ਹੈ। ਬੀ. ਐੱਸ. ਐੱਫ. ਦਾ ਨੌਜਵਾਨ ਸੁਰਜੀਤ ਸਿੰਘ ਪਿੰਡ ਟਨਹਾ ਫਰੀਦਕੋਟ ਦਾ ਰਹਿਣ ਵਾਲਾ ਹੈ। ਉਸ ਦਾ ਬੈਚ ਨੰਬਰ 66577672 ਹੈ ਅਤੇ ਉਹ ਬੀ. ਐੱਸ. ਐੱਫ. ਦੀ 57ਵੀਂ ਬਟਾਲੀਅਨ ਵਿਚ ਤਾਇਨਾਤ ਸੀ। ਸਾਲ 1971 ਵਿਚ ਜਦੋਂ ਉਹ ਸਾਂਬਾ ਸੈਕਟਰ ਵਿਚ ਡਿਊਟੀ ਕਰ ਰਿਹਾ ਸੀ ਤਾਂ ਉਸ ਸਮੇਂ ਭਾਰਤ-ਪਾਕਿ ਜੰਗ ਦੌਰਾਨ ਪਾਕਿਸਤਾਨੀ ਸੈਨਾ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅੱਜ ਤੱਕ ਉਸ ਨੂੰ ਨਾ ਤਾਂ ਰਿਹਾਅ ਕੀਤਾ ਅਤੇ ਨਾ ਹੀ ਉਸ ਦੇ ਪਾਕਿਸਤਾਨੀ ਜੇਲ ਵਿਚ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਹੈ।
ਸੁਰਜੀਤ ਸਿੰਘ ਦੇ ਬੇਟੇ ਅਮਰੀਕ ਸਿੰਘ ਨੂੰ ਆਪਣੇ ਪਿਤਾ ਦੇ ਜਿਊਂਦੇ ਹੋਣ ਦੀ ਖਬਰ ਉਦੋਂ ਮਿਲੀ ਜਦੋਂ 4 ਜੁਲਾਈ 1984 ਨੂੰ ਸਤੀਸ਼ ਕੁਮਾਰ ਮਰਵਾਹਾ ਨਿਵਾਸੀ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ ਭਾਰਤ ਆਇਆ। ਸਤੀਸ਼ ਨੇ ਦੱਸਿਆ ਸੀ ਕਿ ਸੁਰਜੀਤ ਸਿੰਘ ਸਾਲ 1973 ਤੋਂ ਲੈ ਕੇ 1984 ਤੱਕ ਉਸ ਦੇ ਨਾਲ ਹੀ ਪਾਕਿਸਤਾਨ ਦੀ ਕੋਟਲਖਪਤ ਜੇਲ ਵਿਚ ਕੈਦ ਸੀ। ਉਹ ਦੋਵੇਂ ਇੱਕਠੇ ਸਨ। ਸਤੀਸ਼ ਕੁਮਾਰ ਨੂੰ ਸੁਰਜੀਤ ਸਿੰਘ ਦੀ ਫੋਟੋ ਵੀ ਵਿਖਾਈ ਗਈ ਅਤੇ ਉਸ ਨੇ ਸੁਰਜੀਤ ਸਿੰਘ ਦੀ ਪਛਾਣ ਵੀ ਕਰ ਲਈ। ਇਸ ਤੋਂ ਬਾਅਦ ਸਾਲ 2004 ਵਿਚ ਭਾਰਤੀ ਕੈਦੀ ਖੁਸ਼ੀ ਮੁਹੰਮਦ ਨਿਵਾਸੀ ਮਾਲੇਰਕੋਟਲਾ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ ਭਾਰਤ ਆਇਆ ਤਾਂ ਉਸ ਨੇ ਵੀ ਸੁਰਜੀਤ ਸਿੰਘ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ।
ਸੈਨਿਕ ਮੰਗਲ ਸਿੰਘ ਦਾ ਪਰਿਵਾਰ ਵੀ ਕਰ ਰਿਹਾ ਵਾਪਸੀ ਦੀ ਉਡੀਕ
ਭਾਰਤੀ ਸੈਨਾ ਦਾ ਇਕ ਹੋਰ ਸੈਨਿਕ ਮੰਗਲ ਸਿੰਘ ਦਾ ਪਰਿਵਾਰ ਵੀ ਉਸ ਦੀ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਹੈ। ਮੰਗਲ ਸਿੰਘ ਵੀ 1971 ਦੀ ਭਾਰਤ-ਪਾਕਿ ਜੰਗ ਵਿਚ ਲੜਿਆ ਸੀ। ਪਾਕਿਸਤਾਨੀ ਸੈਨਾ ਦੇ ਹੱਥ ਲੱਗ ਗਿਆ ਪਰ ਪਾਕਿਸਤਾਨ ਸਰਕਾਰ ਨੇ ਨਾ ਤਾਂ ਉਸ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਉਸ ਦੀ ਰਿਹਾਈ ਕੀਤੀ। ਜਦੋਂ ਕਿ ਉਸ ਦੇ ਪਰਿਵਾਰ ਨੂੰ ਆਸ ਹੈ ਕਿ ਮੰਗਲ ਸਿੰਘ ਜ਼ਿੰਦਾ ਹੈ ਅਤੇ ਇਕ ਨਾ ਇਕ ਦਿਨ ਵਾਪਸ ਜ਼ਰੂਰ ਆਵੇਗਾ।

ਆਈ. ਸੀ. ਜੇ. 'ਚ ਵੀ ਦਰਜ ਹੈ ਅਪੀਲ
ਭਾਰਤ-ਪਾਕਿ ਜੰਗ 1965 ਅਤੇ 1971 ਦੇ 54 ਜੰਗੀ ਕੈਦੀਆਂ ਦੇ ਮਾਮਲੇ ਵਿਚ ਇਸ ਸਮੇਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿਚ ਵੀ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ ਪਰ ਪਾਕਿਸਤਾਨ ਸਰਕਾਰ ਭਾਰਤੀ ਜੰਗੀ ਕੈਦੀਆਂ ਦੇ ਰਿਹਾਅ ਹੋਣ ਦੀ ਪੁਸ਼ਟੀ ਨਹੀਂ ਕਰ ਰਹੀ ਹੈ ਇਹ ਮਾਮਲਾ ਇਸ ਸਮੇਂ ਸੁਪਰੀਮ ਕੋਰਟ ਵਿਚ ਵੀ ਚੱਲ ਰਿਹਾ ਹੈ ਅਤੇ ਕੇਂਦਰ ਸਰਕਾਰ ਦੀ ਇਸ ਵਿਚ ਖਿਚਾਈ ਹੋ ਰਹੀ ਹੈ।
ਆਈ. ਐੱਚ. ਸੀ. ਨੂੰ ਸੌਂਪੀ ਲਿਸਟ 'ਚ 54 ਭਾਰਤੀ ਜੰਗੀ ਕੈਦੀਆਂ ਦੇ ਨਾਂ ਗਾਇਬ
ਆਈ. ਐੱਚ. ਸੀ. ( ਇੰਡੀਅਨ ਹਾਈ ਕਮਿਸ਼ਨ) ਨੂੰ ਪਾਕਿਸਤਾਨ ਦੇ ਵੱਲੋਂ ਭਾਰਤੀ ਕੈਦੀਆਂ ਸਬੰਧੀ ਭੇਜੀ ਗਈ ਲਿਸਟ ਵਿਚ ਇਕ ਵਾਰ ਫਿਰ ਤੋਂ 54 ਭਾਰਤੀ ਜੰਗੀ ਕੈਦੀਆਂ ਦੇ ਨਾਂ ਗਾਇਬ ਕਰ ਦਿੱਤੇ ਗਏ ਹਨ ਅਤੇ ਪਾਕਿਸਤਾਨ ਫਿਰ ਤੋਂ ਕਹਿ ਰਿਹਾ ਹੈ ਕਿ ਉਸ ਦੀਆਂ ਜੇਲਾਂ ਵਿਚ ਕੋਈ ਵੀ ਭਾਰਤੀ ਜੰਗੀ ਕੈਦੀ ਕੈਦ ਨਹੀਂ ਹੈ। ਪਾਕਿਸਤਾਨ ਸਰਕਾਰ ਨੇ ਹਾਲ ਹੀ ਵਿਚ ਆਈ. ਐੱਚ. ਸੀ. ਨੂੰ ਸੌਂਪੀ ਲਿਸਟ ਵਿਚ ਆਪਣੀ ਜੇਲਾਂ ਵਿਚ ਸਿਵਲ ਕੈਦੀਆਂ ਅਤੇ ਮਛੇਰਿਆਂ ਦੇ ਕੈਦ ਹੋਣ ਦੀ ਪੁਸ਼ਟੀ ਕੀਤੀ ਹੈ ਪਰ ਜੰਗੀ ਕੈਦੀਆਂ ਦਾ ਨਾਮ ਹੀ ਨਹੀਂ ਲਿਆ ਹੈ, ਜਿਸ ਦੇ ਨਾਲ ਜੰਗੀ ਕੈਦੀਆਂ ਦੇ ਪਰਿਵਾਰਾਂ ਵਿਚ ਫਿਰ ਤੋਂ ਦੁੱਖ ਦੇ ਬਾਦਲ ਛਾ ਗਏ ਹਨ। ਭਾਰਤ ਸਰਕਾਰ ਸੁਪਰੀਮ ਕੋਰਟ ਵਿਚ ਵੀ ਆਪਣੇ ਜੰਗੀ ਕੈਦੀਆਂ ਦੀ ਲਿਸਟ ਸੌਂਪ ਚੁੱਕੀ ਹੈ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਜੰਗੀ ਕੈਦੀਆਂ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਕਿਸਤਾਨ ਆਪਣੀ ਦਗਾਬਾਜ਼ੀ ਤੋਂ ਬਾਜ ਨਹੀਂ ਆ ਰਿਹਾ ਹੈ।
ਪਾਵਰਕਾਮ ਨੇ ਦਾਇਰ ਕੀਤੀ ਸਾਲਾਨਾ ਮਾਲੀਆ ਰਿਪੋਰਟ, ਬਿਜਲੀ ਦਰਾਂ ਚ ਵਾਧਾ ਸੰਭਵ
NEXT STORY