ਲਾਂਬੜਾ, (ਵਰਿੰਦਰ)— ਸਥਾਨਕ ਪੁਲਸ ਵਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਦੋ ਨਸ਼ਾ ਸਮੱਗਲਰ ਸਕੇ ਭਰਾਵਾਂ ਨੂੰ 10 ਗ੍ਰਾਮ ਹੈਰੋਇਨ ਅਤੇ ਇਕ ਜਾਅਲੀ ਨੰਬਰ ਕਾਰ ਤੇ ਇਕ ਐਕਟਿਵਾ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਰਬਜੀਤ ਸਿੰਘ ਰਾਏ ਕਰਤਾਰਪੁਰ ਨੇ ਦੱਸਿਆ ਕਿ ਥਾਣਾ ਮੁਖੀ ਲਾਂਬੜਾ ਪੁਸ਼ਪ ਬਾਲੀ ਪੁਲਸ ਪਾਰਟੀ ਨਾਲ ਗਸ਼ਤ 'ਤੇ ਇਥੋਂ ਦੇ ਪਿੰਡ ਅਠੌਲਾ-ਕੋਰਾਲਾ ਪੁਲ ਤੋਂ ਸੁਖਾਣੀ ਪੁਲੀ ਵਲ ਜਾ ਰਹੇ ਸਨ ਤਾਂ ਉਥੇ ਇਕ ਐਕਟਿਵਾ ਸਵਾਰ ਵਿਅਕਤੀ ਆਇਆ ਜੋ ਪੁਲਸ ਨੂੰ ਦੇਖ ਕੇ ਘਬਰਾ ਗਿਆ।
ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਅਵਨਿੰਦਰ ਸਿੰਘ ਉਰਫ ਅਮਨ ਪੁੱਤਰ ਪਰਮਜੀਤ ਸਿੰਘ ਵਾਸੀ ਟਰੱਸਟ ਵੈਲੀ ਸ਼ਾਹਪੁਰ ਥਾਣਾ ਸਦਰ ਜਲੰਧਰ ਮੂਲ ਵਾਸੀ ਤਰਨਤਾਰਨ ਵਜੋਂ ਹੋਈ ਹੈ।
ਡੀ. ਐੱਸ. ਪੀ. ਸਰਬਜੀਤ ਸਿੰਘ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸਥਾਨਕ ਪੁਲਸ ਪਾਰਟੀ ਵਲੋਂ ਪਿੰਡ ਨਿੱਝਰਾਂ ਵਿਖੇ ਨਾਕਾਬੰਦੀ ਦੌਰਾਨ ਇਕ ਸਵਿਫਟ ਕਾਰ ਚਾਲਕ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ ਵੀ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਜਸਵੰਤ ਸਿੰਘ ਪੁੱਤਰ ਪਰਮਜੀਤ ਹਾਲ ਵਾਸੀ ਟਰੱਸਟ ਵੈਲੀ ਸ਼ਾਹਪੁਰ ਥਾਣਾ ਸਦਰ ਜਲੰਧਰ ਵਜੋਂ ਹੋਈ ਹੈ। ਪੁਲਸ ਵਲੋਂ ਕੀਤੀ ਜਾਂਚ 'ਚ ਕਾਰ 'ਤੇ ਲਾਇਆ ਨੰਬਰ ਵੀ ਜਾਅਲੀ ਪਾਇਆ ਗਿਆ। ਪੁਲਸ ਵਲੋਂ ਦੋਵਾਂ ਮੁਲਜ਼ਮਾਂ ਨੂੰ ਵਾਹਨਾਂ ਸਮੇਤ ਕਾਬੂ ਕਰ ਕੇ ਕੇਸ ਦਰਜ ਕਰ ਲਿਆ ਗਿਆ ਹੈ।
ਜੀ. ਐੈੱਸ. ਟੀ. ਕੌਂਸਲ ਦੀ ਮੀਟਿੰਗ 'ਚ 'ਲੰਗਰ' ਮੁੱਦਾ ਨਾ ਵਿਚਾਰਨਾ ਮੰਦਭਾਗਾ : ਪ੍ਰੋ. ਬਡੂੰਗਰ
NEXT STORY