ਮੋਗਾ (ਆਜ਼ਾਦ) - ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਚੱਕ ਤਾਰੇਵਾਲਾ 'ਚ ਕਥਿਤ ਨਾਜਾਇਜ਼ ਸਬੰਧਾਂ ਨੂੰ ਰੋਕਣ 'ਤੇ ਪਤਨੀ ਵੱਲੋਂ ਆਪਣੇ ਪ੍ਰੇਮੀ ਅਤੇ ਹੋਰਨਾਂ ਨਾਲ ਮਿਲੀਭੁਗਤ ਕਰ ਕੇ ਆਪਣੇ ਪਤੀ ਨੂੰ ਕੁੱਟਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਜਸਵਿੰਦਰ ਸਿੰਘ ਉਰਫ ਪਿੱਪਲ ਨੇ ਦੱਸਿਆ ਕਿ ਉਸ ਦੀ ਪਤਨੀ ਕੁਲਵਿੰਦਰ ਕੌਰ ਦੇ ਪਿੰਡ ਦੇ ਹੀ ਇਕ ਲੜਕੇ ਦਵਿੰਦਰ ਸਿੰਘ ਨਾਲ ਕਈ ਸਾਲਾਂ ਤੋਂ ਨਾਜਾਇਜ਼ ਸਬੰਧ ਸਨ। ਮੈਂ ਉਸ ਨੂੰ ਕਈ ਵਾਰ ਰੋਕਣ ਤੋਂ ਇਲਾਵਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਮੇਰੇ ਨਾਲ ਰੰਜਿਸ਼ ਰੱਖਦੇ ਆ ਰਹੇ ਸਨ। ਬੀਤੀ 16 ਸਤੰਬਰ ਨੂੰ ਜਦੋਂ ਉਹ ਘਰੋਂ ਜਾ ਰਿਹਾ ਸੀ ਤਾਂ ਮੇਰੀ ਪਤਨੀ ਕੁਲਵਿੰਦਰ ਕੌਰ ਦੀ ਸ਼ਹਿ 'ਤੇ ਰਸਤੇ 'ਚ ਦਵਿੰਦਰ ਸਿੰਘ, ਗੁਰਜੀਤ ਸਿੰਘ ਨਿਵਾਸੀ ਪਿੰਡ ਚੱਕ ਤਾਰੇਵਾਲਾ ਅਤੇ 2 ਅਣਪਛਾਤੇ ਵਿਅਕਤੀਆਂ, ਜੋ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਨੇ ਉਸ ਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਤੋਂ ਇਲਾਵਾ ਕਿਰਚ ਮਾਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਵੀ ਦਿੱਤੀਆਂ, ਜਦੋਂ ਮੈਂ ਰੌਲਾ ਪਾਇਆ ਤਾਂ ਦੋਸ਼ੀ ਉੱਥੋਂ ਭੱਜ ਗਏ। ਉਸ ਨੇ ਦੋਸ਼ ਲਾਇਆ ਕਿ ਦੋਸ਼ੀਆਂ ਨੇ ਉਕਤ ਰੰਜਿਸ਼ ਕਾਰਨ ਹੀ ਮੇਰੇ 'ਤੇ ਹਮਲਾ ਕੀਤਾ, ਜਿਸ 'ਤੇ ਮੈਂ ਪੁਲਸ ਨੂੰ ਸੂਚਿਤ ਕੀਤਾ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਮਿਲੀਭੁਗਤ ਅਤੇ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਸ਼ਿਕਾਇਤਕਰਤਾ ਦੀ ਪਤਨੀ ਕੁਲਵਿੰਦਰ ਕੌਰ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਚੱਕ ਤਾਰੇਵਾਲਾ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।
'ਸਰਕਾਰੇ ਤੇਰੇ ਰੰਗ ਨਿਆਰੇ ਤੇਰੀ ਰੋਡਵੇਜ਼ ਨੂੰ ਉਡੀਕਣ ਪੰਜਾਬ ਵਿਗਿਆਨ ਯਾਤਰਾ ਵਾਲੇ'
NEXT STORY