ਜਲੰਧਰ (ਧਵਨ) - ਪੰਜਾਬ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਮੰਗ ਕੀਤੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਡਿਨਰ ਲਈ ਕੈਨੇਡਾ ਤੋਂ ਜਸਪਾਲ ਅਟਵਾਲ ਨੂੰ ਮਿਲੇ ਵੀਜ਼ੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਨੇ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਦੌਰਾਨ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਸਰਕਾਰ ਖਾਲਿਸਤਾਨੀਆਂ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ ਤੇ ਨਾ ਹੀ ਉਨ੍ਹਾਂ ਦਾ ਸਮਰਥਨ ਕੀਤਾ ਜਾਵੇਗਾ। ਇਸ ਦੇ ਬਾਵਜੂਦ ਅਟਵਾਲ ਨੂੰ ਮਿਲੇ ਵੀਜ਼ੇ ਦੀ ਜਾਂਚ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗ੍ਰਹਿ ਮੰਤਰਾਲਾ ਨੇ ਕਿਹਾ ਹੈ ਕਿ ਅਟਵਾਲ ਦਾ ਨਾਂ ਬਲੈਕਲਿਸਟ ਵਿਚ ਨਹੀਂ ਹੈ ਪਰ ਇਸਦੇ ਬਾਵਜੂਦ ਅਜਿਹੇ ਅਨਸਰਾਂ ਨੂੰ ਭਾਰਤ ਆਉਣ ਲਈ ਵੀਜ਼ਾ ਦਿੱਤੇ ਜਾਣ 'ਤੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਪੈਦਾ ਹੁੰਦੇ ਹਨ।
ਜਾਖੜ ਨੇ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਨਿੱਘਾ ਸਵਾਗਤ ਕਰ ਕੇ ਪੰਜਾਬੀ ਵਿਰਸੇ ਤੇ ਕਦਰਾਂ-ਕੀਮਤਾਂ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨੀ ਅਨਸਰਾਂ ਦੀਆਂ ਕੈਨੇਡਾ ਵਿਚ ਸਰਗਰਮੀਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਇਤਰਾਜ਼ ਜਤਾਏ ਸਨ ਪਰ ਇਸਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਆਏ ਹੋਏ ਪ੍ਰਾਹੁਣੇ ਦਾ ਸਰਕਾਰੀ ਤੌਰ 'ਤੇ ਸ਼ਾਨਦਾਰ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਸਾਕਾਰਾਤਮਕ ਸੋਚ ਕਾਰਨ ਕੈਪਟਨ ਅਮਰਿੰਦਰ ਸਿੰਘ ਤੇ ਜਸਟਿਨ ਟਰੂਡੋ ਦੀ ਬੈਠਕ ਹੋ ਸਕੀ, ਜਿਸ ਨਾਲ ਪੰਜਾਬ ਤੇ ਕੈਨੇਡਾ ਦੇ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਖਾਲਿਸਤਾਨੀ ਅਨਸਰਾਂ ਦੀ ਗਿਣਤੀ ਜ਼ਿਆਦਾ ਨਹੀਂ ਹੈ ਪਰ ਫਿਰ ਵੀ ਇਹ ਲੋਕ ਰੌਲਾ ਪਾ ਕੇ ਲੋਕਾਂ ਨੂੰ ਆਪਣੇ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦੇ ਹਨ, ਇਸ ਲਈ ਸਾਨੂੰ ਹੁਣ ਖਾਲਿਸਤਾਨੀ ਅਨਸਰਾਂ ਦੀ ਪ੍ਰਵਾਹ ਕੀਤੇ ਬਿਨਾਂ ਅੱਗੇ ਵਧਣਾ ਹੈ ਤੇ ਪੰਜਾਬ ਤੇ ਕੈਨੇਡਾ ਦੇ ਸਬੰਧਾਂ ਨੂੰ ਨਵੀਂ ਦਿਸ਼ਾ ਦੇਣੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਜਸਟਿਨ ਟਰੂਡੋ ਦੀ ਬੈਠਕ ਕਾਰਨ ਦੋਵਾਂ ਦੇਸ਼ਾਂ ਨੂੰ ਲਾਭ ਹੋਵੇਗਾ ਤੇ ਵਪਾਰਕ ਸਬੰਧਾਂ ਵਿਚ ਵੀ ਮਜ਼ਬੂਤੀ ਆਵੇਗੀ।
80 ਕਰੋੜ ਦੀ ਟਰਾਂਜ਼ੈਕਸ਼ਨ, ਵੱਡਾ ਘਪਲਾ ਆ ਸਕਦੈ ਸਾਹਮਣੇ
NEXT STORY