ਮੰਡੀ ਲੱਖੇਵਾਲੀ (ਸੁਖਪਾਲ) - ਭਾਵੇਂ ਇਸ ਖੇਤਰ ਦੇ ਸਾਰੇ ਪਿੰਡਾਂ ਜੋ ਭਾਗਸਰ ਜੈਲ ਵਿਚ ਪੈਂਦੇ ਹਨ ਤੇ ਵਿਧਾਨ ਸਭਾ ਹਲਕਾ ਮਲੋਟ ਰਿਜ਼ਰਵ ਅਧੀਨ ਹਨ, ਵਿਖੇ ਲੋਕਾਂ ਦੇ ਬੈਠਣ ਲਈ ਗਲੀਆਂ ਵਿਚ ਰੱਖੇ ਜਾਣ ਵਾਲੇ ਬੈਂਚ ਡੇਢ-ਡੇਢ ਸਾਲ ਪਹਿਲਾਂ ਹੀ ਆ ਚੁੱਕੇ ਹਨ ਪਰ ਹਲਕੇ ਦੇ ਸਭ ਤੋਂ ਵੱਡੇ ਪਿੰਡ ਭਾਗਸਰ ਜਿਸ ਦੀ ਆਬਾਦੀ 12 ਹਜ਼ਾਰ ਤੋਂ ਵੀ ਵੱਧ ਹੈ, 'ਚ ਅਜੇ ਤੱਕ ਵੀ ਇਹ ਬੈਂਚ ਨਹੀਂ ਭੇਜੇ ਗਏ। ਜ਼ਿਕਰਯੋਗ ਹੈ ਕਿ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਹਰੇਕ ਪਿੰਡ ਨੂੰ ਇਹ ਬੈਂਚ ਦਿੱਤੇ ਸਨ ਪਰ ਭਾਗਸਰ ਪਿੰਡ ਦੇ ਬਸ਼ਿੰਦੇ ਪਿਛਲੇ ਲੰਮੇ ਸਮੇਂ ਤੋਂ ਉਡੀਕ ਰਹੇ ਹਨ ਕਿ ਇਥੇ ਬੈਂਚ ਕਦੋਂ ਆਉਣਗੇ ਪਰ ਇਸ ਪਿੰਡ ਨਾਲ ਵਿਤਕਰਾ ਕੀਤਾ ਗਿਆ ਹੈ। 'ਜਗ ਬਾਣੀ' ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਉਕਤ ਪਿੰਡ ਲਈ ਉਸ ਵੇਲੇ ਦੀ ਸਰਕਾਰ ਨੇ 100 ਬੈਂਚ ਮਨਜ਼ੂਰ ਕੀਤੇ ਸਨ ਤੇ ਬੈਂਚ ਖਰੀਦਣ ਲਈ 3 ਲੱਖ 50 ਹਜ਼ਾਰ ਰੁਪਏ ਕਈ ਮਹੀਨੇ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਪਰ ਬੈਂਚ ਖਰੀਦੇ ਹੀ ਨਹੀਂ ਗਏ। ਆਖਰ ਇਹ 3 ਲੱਖ 50 ਹਜ਼ਾਰ ਰੁਪਏ ਕਿਧਰ ਗਏ ਤੇ ਇਨ੍ਹਾਂ ਨੂੰ ਕੌਣ ਹੜੱਪ ਕਰ ਗਿਆ। ਕਾਂਗਰਸੀ ਆਗੂਆਂ ਦੀਪ ਬਰਾੜ, ਗੁਰਚੇਤ ਸਿੰਘ ਬਰਾੜ, ਸੋਹਣ ਸਿੰਘ ਖਾਲਸਾ, ਪਰਮਜੀਤ ਸਿੰਘ ਬਰਾੜ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਗੁਰਲਾਲ ਸਿੰਘ ਬਰਾੜ, ਬਿੱਟੂ ਬਰਾੜ ਤੇ ਮੇਜਰ ਸਿੰਘ ਮਿੱਠੂ ਨੇ ਜ਼ਿਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬੈਂਚ ਖਰੀਦਣ ਲਈ ਦਿੱਤੇ ਗਏ ਪੈਸਿਆਂ ਦੇ ਘਪਲੇ ਦੀ ਜਾਂਚ ਕੀਤੀ ਜਾਵੇ ਅਤੇ ਕਸੂਰਵਾਰ ਵਿਅਕਤੀ ਦੇ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਾਂਗਰਸੀ ਆਗੂ ਇਸ ਸਬੰਧੀ ਜ਼ਿਲੇ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਵੀ ਹਨ।
ਜ਼ਿਲੇ ਦੇ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਨਾਲ ਜਦ ਟੈਲੀਫੋਨ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ ।
ਇਸ ਸਬੰਧੀ ਪਿੰਡ ਦੀ ਸਰਪੰਚ ਗੁਰਮੇਲ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੈਂਚਾਂ ਵਾਸਤੇ ਸਰਕਾਰ ਨੇ ਗ੍ਰਾਮ ਪੰਚਾਇਤ ਨੂੰ ਕੋਈ ਪੈਸਾ ਨਹੀਂ ਦਿੱਤਾ, ਸਗੋਂ ਇਹ 3 ਲੱਖ 50 ਹਜ਼ਾਰ ਰੁਪਏ ਬੀ. ਡੀ. ਪੀ. ਓ. ਸ੍ਰੀ ਮੁਕਤਸਰ ਸਾਹਿਬ ਦੇ ਨਾਂ ਚੈੱਕ ਕੱਟ ਕੇ ਦਿੱਤੇ ਗਏ ਸਨ।
ਬੈਂਚਾਂ ਦੀ ਸਪਲਾਈ ਰੁਕੀ ਹੋਈ ਹੈ : ਬੀ. ਡੀ. ਪੀ. ਓ
ਪੰਜਾਬ ਸਰਕਾਰ ਨੇ ਜਿਸ ਬੀ. ਡੀ. ਪੀ. ਓ. ਦੇ ਨਾਂ ਚੈੱਕ ਕੱਟ ਕੇ ਦਿੱਤਾ ਸੀ, ਉਨ੍ਹਾਂ ਦੀ ਬਦਲੀ ਤਾਂ ਕਿਤੇ ਹੋਰ ਹੋ ਗਈ ਹੈ ਤੇ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਬੀ. ਡੀ. ਪੀ. ਓ. ਹਾਕਮ ਸਿੰਘ ਹਨ। ਉਨ੍ਹਾਂ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਬੈਂਚਾਂ ਦੀ ਸਪਲਾਈ ਰੁਕੀ ਹੋਈ ਹੈ, ਜਦੋਂ ਵੀ ਬੈਂਚ ਮਿਲਣਗੇ, ਉਹ ਉਨ੍ਹਾਂ ਪਿੰਡਾਂ ਵਿਚ ਭੇਜ ਦਿੱਤੇ ਜਾਣਗੇ, ਜਿਥੇ ਅਜੇ ਤੱਕ ਬੈਂਚ ਨਹੀਂ ਗਏ ।
ਸ਼ਾਹੀ ਸ਼ਹਿਰ 'ਚ ਸੀਕੇਜ ਵੈੱਲ ਦੇ ਨਾਂ 'ਤੇ ਸਿਰਫ ਖਾਨਾਪੂਰਤੀ
NEXT STORY