ਜਲੰਧਰ, (ਖੁਰਾਣਾ)- ਇਨ੍ਹੀਂ ਦਿਨੀਂ ਨਿਗਮ ਚੋਣਾਂ ਤੋਂ ਬਾਅਦ ਸ਼ਹਿਰ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਖਿੱਚ-ਧੂਹ ਚੱਲ ਰਹੀ ਹੈ। ਵੱਖ-ਵੱਖ ਦਾਅਵੇਦਾਰ ਆਪਣੇ ਆਕਾਵਾਂ ਦੀ ਸ਼ਰਨ ਵਿਚ ਵਾਰ-ਵਾਰ ਜਾ ਰਹੇ ਹਨ ਤੇ ਲਾਬਿੰਗ ਕਰਨ ਵਿਚ ਜੁਟੇ ਹੋਏ ਹਨ।
ਇਸ ਵਾਰ ਕਾਂਗਰਸ ਹਾਈਕਮਾਨ ਪੁਰਾਣੇ ਤੇ ਟਕਸਾਲੀ ਕਾਂਗਰਸੀ ਪਰਿਵਾਰਾਂ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੇ ਪੱਖ ਵਿਚ ਦਿਸ ਰਹੀ ਹੈ ਤਾਂ ਜੋ 2019 ਦੀਆਂ ਲੋਕ ਸਭਾ ਤੇ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਤੱਕ ਕਾਂਗਰਸੀ ਵਰਕਰਾਂ ਦਾ ਮਨੋਬਲ ਬਣਾਈ ਰੱਖਿਆ ਜਾ ਸਕੇ। ਅਜਿਹੇ ਹਾਲਾਤ ਵਿਚ ਸ਼ਹਿਰ ਦੇ ਪੁਰਾਣੇ ਤੇ ਸਭ ਤੋਂ ਜ਼ਿਆਦਾ ਵਾਰ ਜਿੱਤਣ ਵਾਲੇ ਗਰੋਵਰ ਪਰਿਵਾਰ ਦਾ ਨੰਬਰ ਲੱਗ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਪਰਿਵਾਰ ਦੇ ਮੁਖੀ ਸਵਰਗੀ ਸ਼ਰਵਣ ਗਰੋਵਰ ਨਿਗਮ ਦੀਆਂ ਪਹਿਲੀਆਂ ਚੋਣਾਂ ਵਿਚ ਸ਼ਾਨਦਾਰ ਢੰਗ ਨਾਲ ਕੌਂਸਲਰ ਬਣੇ ਸਨ। 1991-96 ਵਿਚ ਕੌਂਸਲਰ ਬਣਨ ਤੋਂ ਬਾਅਦ 1997 ਵਿਚ ਚੋਣ ਜਿੱਤੇ, 2002 ਵਿਚ ਵੀ ਜੇਤੂ ਰਹੇ। 2007 ਵਿਚ ਉਨ੍ਹਾਂ ਦਾ ਵਾਰਡ ਲੇਡੀਜ਼ ਰਿਜ਼ਰਵ ਹੋ ਗਿਆ, ਜਿਸ ਦੌਰਾਨ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਕਮਲੇਸ਼ ਗਰੋਵਰ ਨੇ ਸਭ ਤੋਂ ਵੱਧ ਭਾਵ 3589 ਵੋਟਾਂ ਨਾਲ ਜਿੱਤ ਹਾਸਲ ਕਰ ਕੇ ਰਿਕਾਰਡ ਬਣਾਇਆ। 2012 ਵਿਚ ਜਦੋਂ ਫਿਰ ਚੋਣਾਂ ਹੋਈਆਂ ਤਾਂ ਸ਼ਰਵਨ ਗਰੋਵਰ ਨੇ ਫਿਰ ਬਾਜ਼ੀ ਮਾਰੀ ਪਰ 2013 'ਚ ਉਨ੍ਹਾਂ ਦਾ ਅਚਾਨਕ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ 2015 ਵਿਚ ਉਪ ਚੋਣ ਹੋਈ, ਜਿਸ ਵਿਚ ਉਨ੍ਹਾਂ ਦੀ ਧਰਮਪਤਨੀ ਕਮਲੇਸ਼ ਗਰੋਵਰ ਨੇ ਫਿਰ ਜਿੱਤ ਹਾਸਲ ਕੀਤੀ। ਹੁਣ 2017 ਵਿਚ ਹੋਈਆਂ ਚੋਣਾਂ 'ਚ ਵੀ ਕਮਲੇਸ਼ ਗਰੋਵਰ ਨੇ ਆਪਣੇ ਵਿਰੋਧੀ ਨੂੰ ਹਰਾ ਦਿੱਤਾ।
ਲਗਾਤਾਰ 7 ਵਾਰ ਚੋਣਾਂ ਜਿੱਤਣ ਦਾ ਰਿਕਾਰਡ ਬਣਾਉਣ ਵਾਲੇ ਇਸ ਪਰਿਵਾਰ ਬਾਰੇ ਹਾਈਕਮਾਨ ਵਿਚਾਰ ਕਰ ਰਿਹਾ ਹੈ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਮੇਅਰ ਵਿਚੋਂ ਕਿਹੜਾ ਅਹੁਦਾ ਇਸ ਪਰਿਵਾਰ ਨੂੰ ਦੇਣਾ ਹੈ। ਪਰਿਵਾਰ ਦੇ ਮੈਂਬਰਾਂ ਨੇ ਗੈਰ-ਰਸਮੀ ਗੱਲਬਾਤ ਵਿਚ ਦੱਸਿਆ ਕਿ ਹਾਈਕਮਾਨ ਦਾ ਹਰ ਫੈਸਲਾ ਉਨ੍ਹਾਂ ਦੇ ਸਿਰ-ਮੱਥੇ 'ਤੇ ਹੋਵੇਗਾ ਕਿਉਂਕਿ ਇਹ ਪਰਿਵਾਰ ਅੱਜ ਤਕ ਹਰ ਹਾਲਤ ਵਿਚ ਪਾਰਟੀ ਨਾਲ ਹੀ ਡਟ ਕੇ ਖੜ੍ਹਾ ਰਿਹਾ ਹੈ।
ਖਤਰਨਾਕ ਸਾਬਤ ਹੋ ਸਕਦੈ ਡਰੇਨ ਦਾ ਘੋਨਾ ਪੁਲ
NEXT STORY