ਜਲੰਧਰ(ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਸਵੇਰੇ ਵਿਦੇਸ਼ੀ ਦੌਰੇ ਤੋਂ ਦਿੱਲੀ ਪੁੱਜਦਿਆਂ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਅਹਿਮ ਗੱਲਬਾਤ ਕੀਤੀ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਜਾਖੜ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਮੁੱਖ ਮੰਤਰੀ ਦੀ ਅਗਵਾਈ ਕਰਨ ਲਈ ਪੁੱਜੇ ਹੋਏ ਸਨ। ਉਨ੍ਹਾਂ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮੁੱਖ ਮੰਤਰੀ ਦੇ ਓ. ਐੱਸ. ਡੀ. ਕੈਪਟਨ ਸੰਦੀਪ ਸੰਧੂ, ਹਰਿੰਦਰ ਭਾਂਬਰੀ ਅਤੇ ਹੋਰ ਕਾਂਗਰਸੀ ਨੇਤਾ ਵੀ ਸਨ।
ਪਤਾ ਲੱਗਾ ਹੈ ਕਿ ਕੈਪਟਨ ਨੇ ਕੌਮਾਂਤਰੀ ਅੱਡੇ 'ਤੇ ਬਣੇ ਵੀ. ਵੀ . ਆਈ. ਪੀ. ਲਾਂਜ ਵਿਖੇ ਜਾਖੜ ਨਾਲ ਬੈਠਕ ਕੀਤੀ, ਜਿਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੀ ਸਿਆਸੀ ਸਥਿਤੀ ਅਤੇ ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋਣ ਵਾਲੀ ਉਪ ਚੋਣ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਦੋਵਾਂ ਆਗੂਆਂ ਨੇ ਸੂਬੇ 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਅਤੇ ਆਮ ਆਦਮੀ ਪਾਰਟੀ 'ਤੇ ਤਿੱਖੇ ਸਿਆਸੀ ਹਮਲੇ ਕਰਨ ਦਾ ਫੈਸਲਾ ਲਿਆ। ਜਾਖੜ ਨੇ ਪ੍ਰਸ਼ਾਸਨਿਕ ਮਸ਼ੀਨਰੀ ਬਾਰੇ ਵੀ ਕੈਪਟਨ ਨੂੰ ਜਾਣਕਾਰੀ ਦਿੱਤੀ।
ਕਾਂਗਰਸ ਨੇ ਅਜੇ ਗੁਰਦਾਸਪੁਰ ਉਪ ਚੋਣ ਲਈ ਉਮੀਦਵਾਰ ਬਾਰੇ ਫੈਸਲਾ ਨਹੀਂ ਕੀਤਾ। ਕੈਪਟਨ ਸੋਮਵਾਰ ਚੰਡੀਗੜ੍ਹ ਪਹੁੰਚ ਸਕਦੇ ਹਨ। ਉਹ ਇਸ ਸਬੰਧੀ ਪੰਜਾਬ ਕਾਂਗਰਸ ਦੀ ਸੂਬਾਈ ਇੰਚਾਰਜ ਨਾਲ ਵੀ ਵਿਚਾਰ-ਵਟਾਂਦਰਾ ਕਰਨਗੇ। ਰਾਹੁਲ ਗਾਂਧੀ ਨਾਲ ਅਮਰੀਕਾ 'ਚ ਫੋਨ 'ਤੇ ਗੱਲਬਾਤ ਕਰਕੇ ਕਾਂਗਰਸੀ ਉਮੀਦਵਾਰ ਬਾਰੇ ਆਖਰੀ ਫੈਸਲਾ ਲਿਆ ਜਾਵੇਗਾ। ਕੈਪਟਨ ਦੇ ਸੋਮਵਾਰ ਚੰਡੀਗੜ੍ਹ ਪਹੁੰਚਣ ਪਿਛੋਂ ਸਰਕਾਰੀ ਕੰਮਕਾਜ 'ਚ ਤੇਜ਼ੀ ਆਵੇਗੀ। ਜਲਦੀ ਹੀ ਮੁੱਖ ਮੰਤਰੀ ਵਲੋਂ ਪੰਜਾਬ ਮੰਤਰੀ ਮੰਡਲ ਦੀ ਬੈਠਕ ਸੱਦੀ ਜਾਵੇਗੀ, ਜਿਸ 'ਚ ਛੋਟੇ ਅਤੇ ਸਰਹੱਦੀ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਬਾਰੇ ਜਾਰੀ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ 'ਤੇ ਚਰਚਾ ਹੋਵੇਗੀ।
ਟੁੱਟ ਸਕਦੀ ਹੈ ਭਾਖੜਾ ਨਹਿਰ, ਦਹਿਸ਼ਤ 'ਚ ਲੋਕ (ਵੀਡੀਓ)
NEXT STORY