ਜਲੰਧਰ (ਸੋਨੂੰ)— ਜਲੰਧਰ ਦੇ ਸਿਟੀ ਇੰਸਟੀਚਿਊਟ ਸ਼ਾਹਪੁਰ ਕੈਂਪਸ 'ਚ ਛਾਪੇਮਾਰੀ ਦੌਰਾਨ ਫੜੇ ਗਏ ਤਿੰਨੋਂ ਕਸ਼ਮੀਰੀ ਅੱਤਵਾਦੀਆਂ ਦਾ ਰਿਮਾਂਡ ਖਤਮ ਹੋਣ 'ਤੇ ਉਨ੍ਹਾਂ ਨੂੰ ਅੱਜ ਸ਼ਾਮ ਮੁੜ ਡਿਊਟੀ ਮੈਜਿਸਟਰੇਟ ਹਰਪ੍ਰੀਤ ਕੌਰ ਸਿੱਧੂ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਅੱਤਵਾਦੀਅਾਂ ਦਾਨਿਸ਼ ਰਹਿਮਾਨ ਸੂਫੀ, ਸੋਹੇਲ ਅਹਿਮਦ ਭੱਟ ਅਤੇ ਜਾਹਿਦ ਗੁਲਜ਼ਾਰ ਨੂੰ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਦੇ ਕੇ ਜੇਲ ਭੇਜਣ ਦਾ ਹੁਕਮ ਸੁਣਾਇਆ ਗਿਆ। ਪੁਲਸ ਵਲੋਂ ਵੀ ਅੱਜ ਅਦਾਲਤ ਤੋਂ ਇਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜਣ ਲਈ ਵੀ ਦਰਖਾਸਤ ਦਿੱਤੀ ਗਈ ਸੀ।

ਪੁਲਸ ਦੀ ਦਲੀਲ 'ਚ ਵਧਾਇਆ ਗਿਆ ਸੀ ਰਿਮਾਂਡ
ਇਸ ਤੋਂ ਪਹਿਲਾਂ ਤਿੰਨੋਂ ਕਸ਼ਮੀਰੀ ਅੱਤਵਾਦੀਆਂ ਦਾ ਰਿਮਾਂਡ ਅਦਾਲਤ ਵੱਲੋਂ ਵਧਾਇਆ ਗਿਆ ਸੀ। ਪੁਲਸ ਨੇ ਅਦਾਲਤ 'ਚ ਦਲੀਲ ਦਿੰਦੇ ਹੋਏ ਕਿਹਾ ਸੀ ਕਿ ਅਜੇ ਇਨ੍ਹਾਂ ਤਿੰਨਾਂ ਤੋਂ ਕਾਫੀ ਮਸਲਿਆਂ 'ਤੇ ਪੁੱਛਗਿੱਛ ਕਰਨੀ ਬਾਕੀ ਹੈ, ਇਸ ਲਈ ਇਨ੍ਹਾਂ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਜਾਣਾ ਚਾਹੀਦਾ ਹੈ ਜਦਕਿ ਅਦਾਲਤ ਨੇ ਪੁਲਸ ਨੂੰ 5 ਦਿਨ ਦੇ ਹੀ ਰਿਮਾਂਡ ਦੀ ਇਜਾਜ਼ਤ ਦਿੱਤੀ ਸੀ।

ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੇ ਨਾਲ ਕੀਤਾ ਸੀ ਗ੍ਰਿਫਤਾਰ
ਇਥੇ ਜ਼ਿਕਰਯੋਗ ਹੈ ਕਿ 10 ਅਕਤੂਬਰ ਨੂੰ ਜੰਮੂ-ਕਸ਼ਮੀਰ ਅਤੇ ਪੰਜਾਬ ਪੁਲਸ ਨੇ ਸਾਂਝੇ ਤੌਰ ’ਤੇ ਕਾਰਵਾਈ ਦੌਰਾਨ ਸੀ. ਟੀ. ਕਾਲਜ ਸ਼ਾਹਪੁਰ ਸਥਿਤ ਕਾਲਜ ਦੇ ਹੋਸਟਲ ਤੋਂ ਜਾਹਿਦ ਗੁਲਜ਼ਾਰ, ਮੁਹੰਮਦ ਇਦਰੀਸ ਸ਼ਾਹ ਉਰਫ ਨਦੀਮ ਅਤੇ ਯੂਸੁਫ ਰਫੀਕ ਭੱਟ ਨੂੰ ਛਾਪਾ ਮਾਰ ਕੇ ਗ੍ਰਿਫਤਾਰ ਕਰ ਕੇ ਇਨ੍ਹਾਂ ਦੇ ਕਬਜ਼ੇ ਤੋਂ ਖਤਰਨਾਕ ਹਥਿਆਰ ਏ. ਕੇ. 56 ਰਾਈਫਲ, ਇਸ ਦੇ 54 ਕਾਰਤੂਸ, ਇਕ ਮੈਗਜ਼ੀਨ, ਇਕ 30 ਬੋਰ ਮਾਊਜ਼ਰ, ਇਸ ਦੇ 31 ਜ਼ਿੰਦਾ ਕਾਰਤੂਸ ਅਤੇ ਇਕ ਕਿਲੋ (ਆਰ. ਡੀ. ਐਕਸ.) ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਸੀ। ਪੁਲਸ ਵਲੋਂ ਇਨ੍ਹਾਂ ਤੋਂ ਪੁੱਛਗਿਛ ਕੀਤੀ ਗਈ ਅਤੇ ਜਾਂਚ ਦੇ ਆਧਾਰ ’ਤੇ ਬਾਅਦ ਵਿਚ ਜੰਮੂ-ਕਸ਼ਮੀਰ ਤੋਂ ਸੋਹੇਲ ਅਹਿਮਦ ਭੱਟ ਅਤੇ ਦਾਨਿਸ਼ ਮਹਿਮਾਨ ਉਰਫ ਸੂਫੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਪੁਲਸ ਰਿਮਾਂਡ ਖਤਮ ਹੋਣ ਉਪਰੰਤ ਅਦਾਲਤ ਵਲੋਂ ਸਾਰਿਆਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਕੇ ਜੇਲ ਭੇਜ ਦਿੱਤਾ ਗਿਆ ਹੈ। ਪੁਲਸ ਦੀ ਇਕ ਪਾਰਟੀ ਜੰਮੂ-ਕਸ਼ਮੀਰ ਗਈ ਹੋਈ ਹੈ, ਜੋ ਇਨ੍ਹਾਂ ਦੀ ਫੰਡਿੰਗ ਦਾ ਪਤਾ ਲਾਉਣ ਵਿਚ ਜੁਟੀ ਹੈ। ਇਸ ਕਸ਼ਮੀਰੀ ਅੱਤਵਾਦੀ ਦਾ ਦੁਨੀਆ ਦੀ ਖਤਰਨਾਕ ਅੱਤਵਾਦੀ ਸੰਸਥਾ ਅਲਕਾਇਦਾ ਨਾਲ ਸਬੰਧ ਦੱਸਿਆ ਜਾਂਦਾ ਹੈ।
ਸਵਿੱਫਟ ਕਾਰ ਦੀ ਟੱਕਰ ਕਾਰਨ ਸਾਈਕਲ ਸਵਾਰ ਦੀ ਮੌਤ
NEXT STORY