ਹੁਸ਼ਿਆਰਪੁਰ (ਘੁੰਮਣ)— ਹੁਸ਼ਿਆਰਪੁਰ ਸ਼ਹਿਰ 'ਚ ਬੀਤੇ ਦਿਨਾਂ ਤੋਂ ਫੈਲੇ ਹੈਜੇ ਕਾਰਨ ਸਥਿਤੀ ਅਜੇ ਕਾਬੂ ਹੇਠ ਨਹੀਂ ਆ ਰਹੀ ਅਤੇ ਮਰੀਜ਼ਾਂ ਦੀ ਗਿਣਤੀ ਘਟਣ ਦੀ ਬਜਾਏ ਵੱਧਦੀ ਜਾ ਰਹੀ ਹੈ। ਸਿਵਲ ਹਸਪਤਾਲ ਦੇ ਅੰਦਰ ਲੋਕਾਂ ਦੀ ਭਾਰੀ ਭੀੜ ਬਣੀ ਹੋਈ ਹੈ। ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਹੁਤ ਘਬਰਾਏ ਹੋਏ ਹਨ ਅਤੇ ਦਹਿਸ਼ਤ 'ਚ ਹਨ ਕਿ ਕਿਤੇ ਉਨ੍ਹਾਂ 'ਤੇ ਹੈਜਾ ਕਹਿਰ ਬਣ ਕੇ ਨਾ ਟੁੱਟ ਪਵੇ। ਇਸ ਸਭ ਪਿੱਛੇ ਕੌਣ ਜ਼ਿੰਮੇਵਾਰ ਹੈ, ਨੂੰ ਲੈ ਕੇ ਇਕ ਵੱਡਾ ਸਵਾਲ ਖੜ੍ਹਾ ਹੁੰਦਾ ਜਾ ਰਿਹਾ ਹੈ। ਜਦੋਂ ਹੁਸ਼ਿਆਰਪੁਰ ਨੂੰ ਨਗਰ ਕੌਂਸਲ ਤੋਂ ਨਗਰ ਨਿਗਮ ਬਣਾਇਆ ਉਦੋਂ ਲੋਕਾਂ ਨੂੰ ਵੱਡੀਆਂ ਆਸਾਂ ਸਨ ਕਿ ਹੁਣ ਹੁਸ਼ਿਆਰਪੁਰ ਸ਼ਹਿਰ ਇਕ ਨਮੂੰਨੇ ਦਾ ਸ਼ਹਿਰ ਬਣ ਜਾਵੇਗਾ, ਜਿਸ ਨਾਲ ਸ਼ਹਿਰ 'ਚ ਵਾਟਰ ਸਪਲਾਈ, ਸੀਵਰੇਜ਼ ਅਤੇ ਬਿਜਲੀ ਵਰਗੀਆਂ ਸਹੂਲਤਾਂ ਫਸਟ ਕਲਾਸ ਸ਼ਹਿਰਾਂ ਵਾਲੀਆਂ ਮਿਲਣਗੀਆਂ। ਜਿਸ 'ਤੇ ਸਿਆਸੀ ਲੋਕਾਂ ਨੇ ਵੀ ਖੂਬ ਰੋਟੀਆਂ ਸੇਕੀਆਂ ਪਰ ਹੁਸ਼ਿਆਰਪੁਰ ਨੂੰ ਕਾਰਪੋਰੇਸ਼ਨ ਦੀ ਇਕ ਨਵੀਂ ਇਮਾਰਤ ਤੋਂ ਬਿਨਾਂ ਹੋਰ ਕੁਝ ਵੀ ਖਾਸ ਹਾਸਲ ਨਹੀਂ ਹੋਇਆ। ਲੋਕ ਆਪਣੇ-ਆਪ ਨੂੰ ਠੱਗੇ ਹੋਏ ਸਮਝਣ ਲੱਗੇ। ਅੱਜ ਜੋ ਹੈਜੇ ਦਾ ਕਹਿਰ ਨਿਰੰਤਰ ਜਾਰੀ ਹੈ, ਉਸ ਲਈ ਨਗਰ-ਨਿਗਮ ਦੇ ਅਧਿਕਾਰੀ ਅਤੇ ਕਮੇਟੀ ਜਿਨ੍ਹਾਂ ਨੇ ਇਹ ਸਭ ਕੁਝ ਕਰਨਾ ਸੀ, ਉਨ੍ਹਾਂ ਨੇ ਸੀਵਰੇਜ਼ ਦੇ ਪਾਣੀ ਨੂੰ ਪੀਣ ਵਾਲੇ ਪਾਣੀ 'ਚ ਮਿਲਣ ਤੋਂ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ ਅਤੇ ਨਾ ਹੀ ਪੁਰਾਣੇ ਪਾਈਪ ਬਦਲੇ, ਜਿਸ ਦਾ ਖਮਿਆਜਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ।
ਲਾਹਾ ਲੈਣ ਤੋਂ ਰਾਜਸੀ ਆਗੂ ਨਹੀਂ ਖੁੰਝਾ ਰਹੇ ਮੌਕਾ
ਹੈਜੇ ਦੇ ਇਸ ਕਹਿਰ ਤੋਂ ਪੀੜਤ ਲੋਕਾਂ ਨੂੰ ਜਿੱਥੇ ਇਸ ਦਾ ਵੱਡਾ ਖਮਿਆਜਾ ਭੁਗਤਣਾ ਪੈ ਰਿਹਾ ਹੈ, ਉਥੇ ਹੀ ਰਾਜਸੀ ਲੋਕ ਸਿਵਲ ਹਸਪਤਾਲ 'ਚ ਦਾਖਲ ਮਰੀਜ਼ਾਂ ਦੀ ਖਬਰ ਲੈਣ ਦੇ ਬਹਾਨੇ ਆਪਣੀਆਂ ਰਾਜਸੀ ਰੋਟੀਆਂ ਸੇਕਣ ਤੋਂ ਵੀ ਗੁਰੇਜ ਨਹੀਂ ਕਰ ਰਹੇ ਅਤੇ ਆਪਣੇ ਬੇਤੁੱਕੇ ਬਿਆਨਾਂ ਨਾਲ ਮੀਡੀਆ 'ਚ ਹਾਈਲਾਈਟ ਹੋਣ ਦਾ ਯਤਨ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਰਾਜਸੀ ਲੀਡਰ ਪੀੜਤ ਲੋਕਾਂ ਦੇ ਘਰਾਂ 'ਚ ਜਾ ਕੇ ਉਨ•ਾਂ ਨਾਲ ਹਮਦਰਦੀ ਜਿਤਾ ਕੇ ਆਪਣੀ ਵਾਹ-ਵਾਹ ਖੱਟਣਾ ਚਾਹੁੰਦੇ ਹਨ।

ਕੀ ਕਹਿੰਦੇ ਹਨ ਆਮ ਲੋਕ
ਇਸ ਸਬੰਧੀ ਆਮ ਲੋਕਾਂ 'ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਸ਼ਹਿਰ ਦੇ ਰਾਜਨੀਤਿਕ ਲੋਕ ਹਸਪਤਾਲ 'ਚ ਦਾਖਲ ਮੌਤ ਦੇ ਮੂੰਹ 'ਚ ਜਾ ਰਹੇ ਮਰੀਜ਼ਾਂ ਦੀ ਸਹਾਇਤਾ ਕਰਨ ਦੀ ਬਜਾਏ ਉਨ੍ਹਾਂ 'ਤੇ ਰਾਜਨੀਤੀ ਕਰ ਰਹੇ ਹਨ। ਡਾਇਰੀਆ ਉਨ੍ਹਾਂ ਦੀ ਹੀ ਦੇਣ ਹੈ, ਜਿਹੜੇ ਸ਼ਹਿਰ ਵਾਸੀਆਂ ਲਈ ਸਾਫ-ਸੁਥਰਾ ਪੀਣ ਵਾਲਾ ਪਾਣੀ ਵੀ ਮੁਹੱਈਆ ਨਹੀਂ ਕਰ ਸਕੇ ਅਤੇ ਹੁਣ ਮੌਤ ਦਾ ਗਰਾਸ ਬਣ ਚੁੱਕੇ ਮਰੀਜ਼ਾਂ 'ਤੇ ਮਗਰਮੱਛ ਵਾਲੇ ਹੰਝੂ ਵਹਾ ਰਹੇ ਹਨ। ਪ੍ਰਭਾਵਿਤ ਮੁਹੱਲਿਆਂ ਦੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਬੰਧਤ ਵਿਭਾਗਾਂ ਵੱਲੋਂ ਘਰ-ਘਰ ਜਾ ਕੇ ਕਲੋਰੀਨ ਦੀਆਂ ਗੋਲੀਆਂ ਵੰਡਣ ਦਾ ਸਿਰਫ ਕਾਗਜਾਂ 'ਚ ਹੀ ਹੋਕਾ ਦਿੱਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਨੂੰ ਪਾਣੀ ਦੀ ਸਫਾਈ ਵਾਸਤੇ ਕੋਈ ਦਵਾਈ ਮੁਹੱਈਆ ਨਹੀਂ ਕਰਵਾਈ ਗਈ।
ਸਰਕਾਰ ਵੱਲੋਂ ਨਹੀਂ ਦਿੱਤਾ ਜਾ ਰਿਹਾ ਮੁਆਵਜਾ: ਅਰੋੜਾ
ਜਦੋਂ ਇਸ ਸਬੰਧੀ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਪੁੱਛਿਆ ਗਿਆ ਕਿ ਪੀੜਤਾਂ ਨੂੰ ਸਰਕਾਰ ਵੱਲੋਂ ਕੋਈ ਮੁਆਵਜਾ ਦਿੱਤਾ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਅਜੇ ਕੁਝ ਨਹੀਂ ਹੈ, ਮੈਂ ਹਾਈਕਮਾਂਡ ਨਾਲ ਗੱਲ ਕਰਾਂਗਾ ਤਾਂ ਜੋ ਪੀੜਤ ਲੋਕਾਂ ਦੀ ਮੱਦਦ ਕੀਤੀ ਜਾ ਸਕੇ।
ਬਾਹਰੀ ਲੋਕ ਹੁਸ਼ਿਆਰਪੁਰ ਦੇ ਪਾਣੀ ਅਤੇ ਖਾਣ ਵਾਲੀਆਂ ਚੀਜਾਂ ਤੋਂ ਕਰਨ ਲੱਗੇ ਗੁਰੇਜ
ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹੁਸ਼ਿਆਰਪੁਰ ਸ਼ਹਿਰ ਤੋਂ ਬਾਹਰੋਂ ਆ ਰਹੇ ਆਪਣੇ ਕੰਮ ਕਰਵਾਉਣ ਵਾਲੇ ਲੋਕ ਇਥੋਂ ਦਾ ਖਾਣਾ ਖਾਣ ਅਤੇ ਪਾਣੀ ਪੀਣ ਤੋਂ ਵੀ ਪਰਹੇਜ ਕਰ ਰਹੇ ਹਨ ਅਤੇ ਸਰਕਾਰੀ ਅਧਿਕਾਰੀ ਸਮੇਤ ਦਫਤਰਾਂ ਦੇ ਬਾਊ ਖੁਦ ਵੀ ਆਪੋ-ਆਪਣੀਆਂ ਬੋਤਲਾਂ 'ਚ ਫਿਲਟਰਡ ਪਾਣੀ ਘਰਾਂ ਤੋਂ ਹੀ ਲੈ ਕੇ ਆ ਰਹੇ ਦੇਖੇ ਜਾ ਸਕਦੇ ਹਨ। ਲੋਕਾਂ 'ਚ ਵਾਟਰ ਸਪਲਾਈ ਤੋਂ ਸਿੱਧੇ ਆ ਰਹੇ ਪੀਣ ਵਾਲੇ ਪਾਣੀ ਨੂੰ ਲੈ ਕੇ ਇਕ ਹਊਆ ਬਣਿਆ ਹੋਇਆ ਹੈ। ਜਿਵੇਂ ਪਾਣੀ ਨਹੀਂ ਕੋਈ ਜ਼ਹਿਰੀਲੀ ਚੀਜ਼ ਪਿਲਾਈ ਜਾ ਰਹੀ ਹੈ।
ਮੋਹਾਲੀ : ਟਰਾਂਸਪੋਰਟ ਮੰਤਰੀ ਵਲੋਂ 10 ਨਵੀਆਂ ਵੋਲਵੋ ਬੱਸਾਂ ਨੂੰ ਹਰੀ ਝੰਡੀ
NEXT STORY