ਸੰਗਰੂਰ(ਬਾਵਾ)— ਭਾਵੇਂ ਸਰਕਾਰ ਵੱਲੋਂ ਦੇਸ਼ ਭਰ ਨੂੰ ਸਾਫ-ਸੁਥਰਾ ਰੱਖਣ ਲਈ 'ਸਵੱਛ ਭਾਰਤ ਅਭਿਆਨ' ਚਲਾਇਆ ਗਿਆ ਹੈ ਅਤੇ ਸਰਕਾਰੀ ਪੱਧਰ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਇਸ ਸਫਾਈ ਮੁਹਿੰਮ 'ਚ ਸਹਿਯੋਗ ਕੀਤਾ ਜਾ ਰਿਹਾ ਹੈ ਪਰ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨ ਅਤੇ ਅਮਨ ਕਾਨੂੰਨ ਬਣਾਈ ਰੱਖਣ ਵਾਲੀ ਪੁਲਸ ਖੁਦ ਸਵੱਛ ਭਾਰਤ ਮੁਹਿੰਮ ਤੋਂ ਵਾਂਝੀ ਜਾਪਦੀ ਹੈ।
ਜੇਕਰ ਪੁਲਸ ਥਾਣਿਆਂ ਵਿਚ ਸਵੱਛ ਭਾਰਤ ਅਭਿਆਨ ਦਾ ਮੁਆਇਨਾ ਕਰਨਾ ਹੋਵੇ ਤਾਂ ਜ਼ਿਲੇ ਦੇ ਥਾਣਿਆਂ ਤੇ ਚੌਕੀਆਂ ਦੇ ਪਖਾਨਿਆਂ ਦੀ ਹਾਲਤ ਦੇਖੀ ਜਾ ਸਕਦੀ ਹੈ। ਜ਼ਿਲੇ 'ਚ 22 ਥਾਣੇ, 11 ਪੁਲਸ ਚੌਕੀਆਂ, ਜੇਲ ਪੋਸਟਾਂ, ਐੱਨ. ਆਰ. ਆਈ. ਥਾਣੇ ਤੋਂ ਇਲਾਵਾ ਇਕ ਸੀ. ਆਈ. ਏ. ਬਹਾਦਰ ਸਿੰਘ ਵਾਲਾ ਵਿਖੇ ਵਿੰਗ ਸਥਾਪਤ ਹੈ। ਜ਼ਿਲੇ ਦੇ ਬਹੁਤੇ ਥਾਣੇ ਪੁਰਾਣੀਆਂ ਅਤੇ ਉਧਾਰ ਲਈਆਂ ਇਮਾਰਤਾਂ ਵਿਚ ਚੱਲ ਰਹੇ ਹਨ, ਇਨ੍ਹਾਂ ਥਾਣਿਆਂ ਵਿਚ ਇਮਾਰਤਾਂ ਪੁਰਾਣੀਆਂ ਹੋਣ ਦੇ ਨਾਲ-ਨਾਲ ਪਖਾਨੇ ਵੀ ਪੁਰਾਣੇ ਸਮੇਂ ਮੁਤਾਬਿਕ ਬਣੇ ਹੋਣਾ ਸੁਭਾਵਿਕ ਹੈ। ਜ਼ਿਲੇ ਦੇ ਬਹੁਤੇ ਥਾਣਿਆਂ ਵਿਚ ਮਹਿਲਾ ਸਟਾਫ ਅਤੇ ਕੰਮਕਾਰ ਲਈ ਬਾਹਰੋਂ ਆਉਂਦੀਆਂ ਔਰਤਾਂ ਲਈ ਵੱਖਰੇ ਤੌਰ 'ਤੇ ਪਖਾਨਿਆਂ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ। ਸਫਾਈ ਪੱਖੋਂ ਵੀ ਇਨ੍ਹਾਂ ਦਾ ਮਾੜਾ ਹਾਲ ਹੈ। ਸੰਗਰੂਰ ਸ਼ਹਿਰ ਨਾਲ ਸਬੰਧਿਤ 2 ਥਾਣੇ ਸਦਰ ਅਤੇ ਸਿਟੀ ਸੰਗਰੂਰ ਹਨ ਜਦੋਂਕਿ ਨਗਰ ਕੌਂਸਲ ਦੀ ਹੱਦ ਵਿਚ ਇਕ ਜੇਲ ਪੋਸਟ ਅਜੀਤ ਨਗਰ ਬਸਤੀ 'ਚ ਸਥਿਤ ਹੈ, ਜਿਨ੍ਹਾਂ ਦਾ 'ਜਗ ਬਾਣੀ' ਟੀਮ ਨੇ ਨਿਰੀਖਣ ਕੀਤਾ ਤੇ ਇਨ੍ਹਾਂ ਵਿਚ ਸਰਕਾਰ ਦੀ ਸਵੱਛ ਭਾਰਤ ਅਭਿਆਨ ਮੁਹਿੰਮ ਦੇ ਅਸਰ ਦੀ ਪੜਤਾਲ ਕੀਤੀ।
ਜੇਲ ਪੋਸਟ 'ਚ ਨਹੀਂ ਔਰਤਾਂ ਲਈ ਵੱਖਰਾ ਬਾਥਰੂਮ
ਕਰੀਬ ਡੇਢ ਕੁ ਸਾਲ ਪਹਿਲਾਂ ਸਿਟੀ ਸੰਗਰੂਰ ਪੁਲਸ ਦੀ ਸਹਾਇਤਾ ਲਈ ਸਥਾਪਿਤ ਕੀਤੀ ਗਈ ਅਜੀਤ ਨਗਰ ਜੇਲ ਪੋਸਟ ਵਿਚ ਮਹਿਲਾ ਮੁਲਾਜ਼ਮਾਂ ਲਈ ਕੋਈ ਵੱਖਰੇ ਬਾਥਰੂਮਾਂ ਦਾ ਪ੍ਰਬੰਧ ਨਹੀਂ ਹੈ। ਜੋ ਬਾਥਰੂਮ ਇਥੇ ਬਣਾਏ ਗਏ ਹਨ, ਉਹ ਬਹੁਤ ਛੋਟੇ ਆਕਾਰ ਦੇ ਅਤੇ ਡੰਗ ਟਪਾਊ ਹਨ। ਥਾਣੇ ਵਿਚ ਹਵਾਲਾਤੀ ਔਰਤਾਂ ਲਈ ਵੱਖਰੇ ਬਾਥਰੂਮ ਦਾ ਪ੍ਰਬੰਧ ਹੈ, ਜਿਸ ਨੂੰ ਹਰ ਸਮੇਂ ਜਿੰਦਾ ਮਾਰਿਆ ਰਹਿੰਦਾ ਹੈ। ਅਕਸਰ ਬਾਥਰੂਮਾਂ ਵਿਚ ਸਫਾਈ ਦਾ ਬੁਰਾ ਹਾਲ ਦੇਖਣ ਨੂੰ ਮਿਲਦਾ ਹੈ। ਇਸ ਸਬੰਧੀ ਜਦੋਂ ਜੇਲ ਪੋਸਟ ਇੰਚਾਰਜ ਥਾਣੇਦਾਰ ਬਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੀ ਸਫਾਈ ਪੇਸ਼ ਕਰਦਿਆਂ ਕਿਹਾ ਕਿ ਲੇਡੀਜ਼ ਸਟਾਫ ਅਤੇ ਮਰਦ ਸਟਾਫ ਲਈ ਬਾਥਰੂਮ ਵੱਖਰੇ-ਵੱਖਰੇ ਹਨ।
ਗੁਸਲਖਾਨਿਆਂ 'ਚ ਸਫਾਈ ਦਾ ਹਾਲ ਮਾੜਾ
ਥਾਣਾ ਸਦਰ ਸੰਗਰੂਰ ਵਿਚ ਬਣੇ ਗੁਸਲਖਾਨਿਆਂ ਦਾ ਸਫਾਈ ਪੱਖੋਂ ਬਹੁਤ ਬੁਰਾ ਹਾਲ ਹੈ। ਸਦਰ ਥਾਣੇ ਦੇ ਮੁੱਖ ਗੇਟ 'ਤੇ ਆਮ ਲੋਕਾਂ ਲਈ ਬਣੇ ਬਾਥਰੂਮ ਵਿਚ ਬਦਬੂ ਮਾਰ ਰਹੀ ਸੀ। ਇਥੇ ਔਰਤਾਂ ਲਈ ਵੱਖਰੇ ਤੌਰ 'ਤੇ ਕੋਈ ਬਾਥਰੂਮ ਨਹੀਂ ਹੈ। ਸਦਰ ਥਾਣੇ 'ਚ ਮੁਲਾਜ਼ਮਾਂ ਲਈ ਇਕ ਬਾਥਰੂਮ ਬਣਿਆ ਹੋਇਆ ਹੈ, ਜਿਥੇ ਇਹ ਨਹੀਂ ਪਤਾ ਲੱਗਦਾ ਕਿ ਇਹ ਬਾਥਰੂਮ ਔਰਤਾਂ ਲਈ ਹੈ ਜਾਂ ਮਰਦਾਂ ਲਈ। ਸਫਾਈ ਪੱਖੋਂ ਇਹ ਬਾਥਰੂਮ ਬਾਹਰਲੇ ਬਾਥਰੂਮ ਦੇ ਮੁਕਾਬਲੇ ਕੁਝ ਸਾਫ ਨਜ਼ਰ ਆ ਰਿਹਾ ਸੀ ਪਰ ਸਰਕਾਰ ਦੇ ਸਵੱਛ ਭਾਰਤ ਅਭਿਆਨ ਦੀ ਕਿਰਨ ਇਥੇ ਵਿਖਾਈ ਨਹੀਂ ਦਿੱਤੀ। ਥਾਣੇ ਵਿਚ ਥਾਣਾ ਮੁਖੀ ਲਈ ਇਕ ਅਲੱਗ ਤੋਂ ਬਾਥਰੂਮ ਹੈ। ਹੋ ਸਕਦਾ ਹੈ ਕਿ ਸਫਾਈ ਪੱਖੋਂ ਉਹ ਥੋੜ੍ਹਾ ਬਹੁਤਾ ਸਾਫ ਹੋਵੇ ਪਰ ਕੁਲ ਮਿਲਾ ਕੇ ਥਾਣੇ ਵਿਚ ਬਾਥਰੂਮਾਂ ਦਾ ਬੁਰਾ ਹਾਲ ਹੈ।
ਐੈੱਨ. ਆਰ. ਆਈ. ਥਾਣੇ 'ਚ ਨਹੀਂ ਲੇਡੀਜ਼ ਬਾਥਰੂਮ
ਜ਼ਿਲੇ ਦਾ ਇਕੋ-ਇਕ ਐੈੱਨ. ਆਰ. ਆਈਜ਼ ਥਾਣਾ, ਵੂਮੈਨ ਸੈੱਲ ਅਤੇ ਈ. ਓ. ਵਿੰਗ 'ਚ ਆਮ ਲੋਕਾਂ ਅਤੇ ਸਟਾਫ ਲਈ ਸਿਰਫ ਇਕ ਹੀ ਬਾਥਰੂਮ ਉਪਲੱਬਧ ਹੈ, ਜਿਥੇ ਆਮ ਲੋਕਾਂ ਦੀ ਬਹੁਤਾਤ ਹੋਣ ਕਾਰਨ ਬਦਬੂ ਮਾਰਦੀ ਰਹਿੰਦੀ ਹੈ। ਵੂਮੈਨ ਸੈੱਲ ਵਿਚ ਕੰਮ ਕਰਦੇ ਲੇਡੀਜ਼ ਸਟਾਫ ਲਈ ਬਾਥਰੂਮ ਜਾਣਾ ਬਹੁਤ ਔਖਾ ਕੰਮ ਹੈ ਕਿਉਂਕਿ ਬਾਥਰੂਮ ਇਕ ਹੋਣ ਕਾਰਨ ਉਥੇ ਜ਼ਿਆਦਾਤਰ ਮਰਦ ਹੀ ਆਉਂਦੇ ਜਾਂਦੇ ਹਨ। ਲੇਡੀਜ਼ ਸਟਾਫ ਨੂੰ ਜ਼ਿਆਦਾਤਰ ਪਾਰਕਿੰਗ ਵਾਲੇ ਆਮ ਬਾਥਰੂਮ ਦੀ ਵਰਤੋਂ ਕਰਨੀ ਪੈਂਦੀ ਹੈ, ਜਿਸ ਨਾਲ ਉਨ੍ਹਾਂ ਦਾ ਦਫਤਰੀ ਸਮਾਂ ਖਰਾਬ ਹੁੰਦਾ ਹੈ।
ਮਹਿੰਗਾਈ ਦੇ ਵਿਰੋਧ 'ਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ
NEXT STORY