ਨੈਸ਼ਨਲ ਡੈਸਕ : ਰਾਜਸਥਾਨ ਦੇ ਜਾਲੌਰ ਜ਼ਿਲ੍ਹੇ 'ਚ ਇੱਕ ਪੰਚਾਇਤ ਵੱਲੋਂ ਸੁਣਾਇਆ ਗਿਆ ਫੈਸਲਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੁਧਾਂਮਾਤਾ ਪੱਟੀ ਦੇ ਚੌਧਰੀ ਸਮਾਜ ਦੀ ਪੰਚਾਇਤ ਨੇ 15 ਪਿੰਡਾਂ ਦੀਆਂ ਧੀਆਂ ਤੇ ਨਹੁੰਆਂ ਲਈ ਕੈਮਰੇ ਵਾਲੇ ਮੋਬਾਈਲ ਫੋਨ (ਸਮਾਰਟਫੋਨ) ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
26 ਜਨਵਰੀ ਤੋਂ ਲਾਗੂ ਹੋਵੇਗਾ ਫੈਸਲਾ
ਇਹ ਅਜੀਬੋ-ਗਰੀਬ ਫੈਸਲਾ ਐਤਵਾਰ ਨੂੰ ਜਾਲੌਰ ਜ਼ਿਲ੍ਹੇ ਦੇ ਗਾਜੀਪੁਰ ਪਿੰਡ ਵਿੱਚ ਆਯੋਜਿਤ ਚੌਧਰੀ ਸਮਾਜ ਦੀ ਮੀਟਿੰਗ ਵਿੱਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਸੁਜਾਨਾਰਾਮ ਚੌਧਰੀ ਨੇ ਕੀਤੀ। ਪੰਚਾਇਤ ਅਨੁਸਾਰ ਇਹ ਨਿਯਮ 26 ਜਨਵਰੀ ਤੋਂ ਲਾਗੂ ਕੀਤੇ ਜਾਣਗੇ। ਹੁਣ ਇਨ੍ਹਾਂ 15 ਪਿੰਡਾਂ ਦੀਆਂ ਔਰਤਾਂ ਕੋਲ ਸਿਰਫ਼ ਕੀ-ਪੈਡ ਵਾਲੇ ਸਧਾਰਨ ਫੋਨ ਹੀ ਹੋਣਗੇ ਤੇ ਸਮਾਰਟਫੋਨ ਵਰਤਣ 'ਤੇ ਮਨਾਹੀ ਹੋਵੇਗੀ। ਇੰਨਾ ਹੀ ਨਹੀਂ, ਵਿਆਹਾਂ, ਕਿਸੇ ਸਮਾਜਿਕ ਪ੍ਰੋਗਰਾਮ ਜਾਂ ਗੁਆਂਢੀਆਂ ਦੇ ਘਰ ਜਾਣ ਵੇਲੇ ਵੀ ਮੋਬਾਈਲ ਫੋਨ ਨਾਲ ਲਿਜਾਣ 'ਤੇ ਪਾਬੰਦੀ ਰਹੇਗੀ।
ਬੱਚਿਆਂ ਦੀ ਸਿਹਤ ਅਤੇ ਲਤ ਬਣੀ ਵੱਡਾ ਕਾਰਨ
ਪੰਚਾਇਤ ਨੇ ਇਸ ਫੈਸਲੇ ਪਿੱਛੇ ਤਰਕ ਦਿੱਤਾ ਹੈ ਕਿ ਔਰਤਾਂ ਕੋਲ ਸਮਾਰਟਫੋਨ ਹੋਣ ਕਾਰਨ ਛੋਟੇ ਬੱਚੇ ਇਸ ਦੀ ਜ਼ਿਆਦਾ ਵਰਤੋਂ ਕਰਦੇ ਹਨ। ਪੰਚਾਇਤ ਮੁਤਾਬਕ ਇਸ ਨਾਲ ਬੱਚਿਆਂ ਦੀਆਂ ਅੱਖਾਂ 'ਤੇ ਬੁਰਾ ਅਸਰ ਪੈਂਦਾ ਹੈ ਅਤੇ ਉਨ੍ਹਾਂ ਨੂੰ ਮੋਬਾਈਲ ਦੀ ਲਤ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਹਾਲਾਂਕਿ, ਪੜ੍ਹਾਈ ਕਰਨ ਵਾਲੀਆਂ ਬੱਚੀਆਂ ਨੂੰ ਘਰ ਦੇ ਅੰਦਰ ਰਹਿ ਕੇ ਮੋਬਾਈਲ ਵਰਤਣ ਦੀ ਛੋਟ ਦਿੱਤੀ ਗਈ ਹੈ, ਪਰ ਉਨ੍ਹਾਂ ਨੂੰ ਵੀ ਬਾਹਰਲੇ ਪ੍ਰੋਗਰਾਮਾਂ ਵਿੱਚ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਇਨ੍ਹਾਂ 15 ਪਿੰਡਾਂ 'ਤੇ ਪਵੇਗਾ ਅਸਰ
ਇਹ ਨਿਯਮ ਗਾਜੀਪੁਰਾ, ਪਾਵਲੀ, ਕਾਲੜਾ, ਮਨੋਜੀਆ ਵਾਸ, ਰਾਜੀਕਾਵਾਸ, ਦਤਲਾਵਾਸ, ਰਾਜਪੁਰਾ, ਕੋੜੀ, ਸਿਦਰੋੜੀ, ਆਲੜੀ, ਰੋਪਸੀ, ਖਾਨਾਦੇਵਲ, ਸਾਵਾਧਿਰ, ਹਾਥਮੀ ਕੀ ਢਾਣੀ ਤੇ ਖਾਨਪੁਰ ਪਿੰਡਾਂ ਵਿੱਚ ਲਾਗੂ ਹੋਣਗੇ। ਪੰਚਾਇਤ ਦੇ ਇਸ ਫੈਸਲੇ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਆ ਰਹੀ ਹੈ; ਜਿੱਥੇ ਕੁਝ ਲੋਕ ਇਸ ਨੂੰ ਬੱਚਿਆਂ ਦੀ ਸਿਹਤ ਲਈ ਚੰਗਾ ਦੱਸ ਰਹੇ ਹਨ, ਉੱਥੇ ਹੀ ਕੁਝ ਇਸ ਨੂੰ ਔਰਤਾਂ ਦੀ ਨਿੱਜੀ ਆਜ਼ਾਦੀ 'ਤੇ ਹਮਲਾ ਮੰਨ ਰਹੇ ਹਨ।
ਦਿੱਲੀ ਹਵਾਈ ਅੱਡੇ 'ਤੇ 10 ਉਡਾਣਾਂ ਰੱਦ, 270 ਤੋਂ ਵੱਧ ਲੇਟ
NEXT STORY