ਲੁਧਿਆਣਾ/ਮੋਹਾਲੀ/ਮਾਨਸਾ (ਵਿੱਕੀ,ਨਿਆਮੀਆਂ, ਮਿੱਤਲ) : ਪੰਜਾਬ ਦਾ ਸਿੱਖਿਆ ਮਹਿਕਮਾ ਆਮ ਕਰ ਕੇ ਆਪਣੇ ਅਜੀਬੋ-ਗਰੀਬ ਕੰਮਾਂ ਨੂੰ ਲੈ ਕੇ ਸੁਰਖੀਆਂ ਬਟੋਰਦਾ ਰਹਿੰਦਾ ਹੈ। ਅਜਿਹਾ ਹੀ ਇਕ ਹੋਰ ਨਵਾਂ ਕੇਸ ਸਾਹਮਣੇ ਆਇਆ ਹੈ। ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ’ਚ ਸੋਮਵਾਰ 15 ਮਾਰਚ ਤੋਂ ਨਾਨ-ਬੋਰਡ ਕਲਾਸਾਂ ਦੀਆਂ ਫਾਈਨਲ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਅੱਜ ਦੂਜੇ ਸ਼ਨੀਵਾਰ ਦੀ ਅਤੇ ਕੱਲ ਐਤਵਰ ਦੀ ਛੁੱਟੀ ਰਹੇਗੀ। ਅਜਿਹੇ ’ਚ ਸ਼ੁੱਕਰਵਾਰ ਸ਼ਾਮ ਨੂੰ ਸਿੱਖਿਆ ਮਹਿਕਮੇ ਨੇ ਇਕ ਪੱਤਰ ਜਾਰੀ ਕਰਦੇ ਹੋਏ ਕੋਵਿਡ-19 ਦੇ ਫੈਲਾਅ ਨੂੰ ਰੋਕਣ ਦਾ ਹਵਾਲਾ ਦਿੰਦੇ ਹੋਏ ਸਾਰੇ ਸਰਕਾਰੀ/ਗੈਰ-ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਸਕੂਲਾਂ ਦੀਆਂ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਲਈ ਛੁੱਟੀਆਂ (ਪ੍ਰੇਪਰੇਟਰੀ ਲੀਵਸ) ਕਰਨ ਦਾ ਐਲਾਨ ਕੀਤਾ ਹੈ, ਜਿਸ ਸਬੰਧੀ ਅਧਿਆਪਕ ਅਤੇ ਬੱਚਿਆਂ ਦੇ ਮਾਤਾ-ਪਿਤਾ ਸੋਸ਼ਲ ਮੀਡੀਆ ’ਤੇ ਸਿੱਖਿਆ ਮਹਿਕਮੇ ਨੂੰ ਖੂਬ ਖਰੀਆਂ-ਖੋਟੀਆਂ ਸੁਣਾ ਰਹੇ ਹਨ। ਚਾਹੇ ਮਹਿਕਮੇ ਨੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਪਰ ਮਹਿਕਮੇ ਨੇ ਸਾਰੀਆਂ ਕਲਾਸਾਂ ਦੀਆਂ ਪ੍ਰੀਖਿਆਵਾਂ ਆਫਲਾਈਨ ਲੈਣ ਦਾ ਫ਼ੈਸਲਾ ਕੀਤਾ ਹੈ, ਜਦੋਂਕਿ ਜ਼ਿਆਦਾਤਰ ਨਿੱਜੀ ਸਕੂਲਾਂ ’ਚ ਛੋਟੀਆਂ ਕਲਾਸਾਂ ਦੀਆਂ ਫਾਈਨਲ ਪ੍ਰੀਖਿਆਵਾਂ ਆਨਲਾਈਨ ਮੋਡ ਜ਼ਰੀਏ ਹੀ ਲਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਇਨ੍ਹਾਂ 6 ਜ਼ਿਲ੍ਹਿਆਂ ’ਚ ਲੱਗਿਆ ਨਾਈਟ ਕਰਫ਼ਿਊ
ਸਿੱਖਿਆ ਮਹਿਕਮੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼
-ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਲਈ ‘ਪ੍ਰੀਪਰੇਟਰੀ ਲੀਵਸ’ ਐਲਾਨੀ ਗਈ ਹੈ ਪਰ ਇਨ੍ਹਾਂ ਕਲਾਸਾਂ ਦੇ ਵਿਦਿਆਰਥੀ ਪ੍ਰੀਖਿਆਵਾਂ ਦੀ ਤਿਆਰੀ ਲਈ ਲੋੜ ਮੁਤਾਬਕ ਅਧਿਆਪਕਾਂ ਤੋਂ ਦਿਸ਼ਾ-ਨਿਰਦੇਸ਼ ਲੈਣ ਲਈ ਸਕੂਲ ’ਚ ਹਾਜ਼ਰ ਹੋ ਸਕਦੇ ਹਨ।
-ਅਧਿਆਪਕ ਪਹਿਲਾਂ ਵਾਂਗ ਹੀ ਸਕੂਲ ’ਚ ਹਾਜ਼ਰ ਹੋਣਗੇ।
-ਮਹਿਕਮੇ ਵੱਲੋਂ ਸਾਰੀਆਂ ਕਲਾਸਾਂ ਦੀਆਂ ਪ੍ਰੀਖਿਆਵਾਂ ਕੋਵਿਡ-19 ਦੇ ਸਬੰਧ ਵਿਚ ਸਮੇਂ-ਸਮੇਂ ’ਤੇ ਜਾਰੀ ਗਾਇਡਲਾਈਨਜ਼ ਨੂੰ ਧਿਆਨ ਵਿਚ ਰੱਖਦੇ ਹੋਏ ਆਫਲਾਈਨ ਲਈਆਂ ਜਾਣਗੀਆਂ ਪਰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਕਿ ਪ੍ਰੀਖਿਆਵਾਂ ਦੌਰਾਨ ਸਕੂਲ ਵਿਚ ਭੀੜ ਨਾ ਹੋਵੇ।
-ਇਨ੍ਹਾਂ ਪ੍ਰੀਖਿਆਵਾਂ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਕੋਵਿਡ-19 ਗਾਇਡਲਾਈਨਜ਼ ਦੇ ਮੱਦੇਨਜ਼ਰ, ਸੰਪੰਨ ਕਰਨ ਲਈ ਡਾਇਰੈਕਟਰ ਐੱਸ. ਸੀ. ਈ. ਆਰ. ਟੀ. ਵੱਲੋਂ ਵੱਖਰੇ ਤੌਰ ’ਤੇ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।
-ਜਿੱਥੇ ਕਿਤੇ ਅਧਿਆਪਕ ਵਿਦਿਆਰਥੀ ਕੋਰੋਨਾ ਗ੍ਰਸਤ ਪਾਏ ਜਾਂਦੇ ਹਨ ਤਾਂ ਸਬੰਧਤ ਸਕੂਲ ਵੱਲੋਂ ਸਿਹਤ ਵਿਭਾਗ ਵੱਲੋਂ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।
-ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤੋਂ ਇਲਾਵਾ ਵਿਭਾਗ ਵੱਲੋਂ ਜਾਰੀ ਪੱਤਰਾਂ ’ਚ ਦਰਜ ਦਿਸ਼ਾ-ਨਿਰਦੇਸ਼ਾਂ ਅਤੇ ਭਾਰਤ ਸਰਕਾਰ ਰਾਜ ਸਰਕਾਰ ਵੱਲੋਂ ਕੋਵਿਡ-19 ਦੇ ਸਬੰਧ ਵਿਚ ਸਮੇਂ-ਸਮੇਂ ’ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।
ਇਹ ਵੀ ਪੜ੍ਹੋ : ਕੋਰੋਨਾ ਫਿਰ ਹੋਣ ਲੱਗਾ ‘ਆਊਟ ਆਫ ਕੰਟਰੋਲ’,12 ਦਿਨਾਂ ’ਚ ਹੋਈਆਂ 198 ਮਰੀਜ਼ਾਂ ਦੀਆਂ ਮੌਤਾਂ
ਕੋਵਿਡ-19 ਪ੍ਰਤੀ ਗੰਭੀਰ ਨਹੀਂ ਹਨ ਸਿੱਖਿਆ ਮਹਿਕਮੇ ਦੇ ਅਧਿਕਾਰੀ
ਇਸ ਸਬੰਧੀ ਵੱਖ-ਵੱਖ ਅਧਿਆਪਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸੂਬੇ ਭਰ ਦੇ ਵੱਖ-ਵੱਖ ਸਕੂਲਾਂ ਵਿਚ ਰੋਜ਼ਾਨਾ ਦਰਜਨਾਂ ਦੀ ਗਿਣਤੀ ਵਿਚ ਵਿਦਿਆਰਥੀ ਅਤੇ ਅਧਿਆਪਕ ਕੋਰੋਨਾ ਪੀੜਤ ਪਾਏ ਜਾ ਰਹੇ ਹਨ ਪਰ ਮਹਿਕਮੇ ਵੱਲੋਂ ਨਾ ਤਾਂ ਇਸ ਸਬੰਧੀ ਕੋਈ ਸੁਰੱਖਿਆ ਇੰਤਜ਼ਾਮ ਕੀਤੇ ਜਾ ਰਹੇ ਹਨ ਅਤੇ ਨਾ ਹੀ ਹੁਣ ਤੱਕ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਕੋਰੋਨਾ ਵੈਕਸੀਨ ਮੁਹੱਈਆ ਕਰਵਾਈ ਗਈ ਹੈ। ਅਜਿਹੇ ਵਿਚ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਿਨਾਂ ਕਿਸੇ ਸੁਰੱਖਿਆ ਪ੍ਰਬੰਧਾਂ ਦੇ ਕੋਰੋਨਾ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ, ਇਹ ਤਾਂ ਵਿਭਾਗ ਦੇ ਉੱਚ ਅਧਿਕਾਰੀ ਹੀ ਦੱਸ ਸਕਦੇ ਹਨ। ਇਸ ਤਰ੍ਹਾਂ ਮਹਿਕਮੇ ਵੱਲੋਂ ਕੋਰੋਨਾ ਦੇ ਫੈਲਾਅ ਨੂੰ ਰੋਕਣ ਦਾ ਹਵਾਲਾ ਦਿੰਦੇ ਹੋਏ ‘ਪ੍ਰੀਪਰੇਟਰੀ ਲੀਵਸ’ ਕਰਨ ਦੀ ਗੱਲ ਕਿਸੇ ਮਜ਼ਾਕ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਭਾਗ ਆਪਣੇ-ਆਪ ਨੂੰ ਵਿਦਿਆਰਥੀ ਹਿਤੈਸ਼ੀ ਸਾਬਤ ਕਰਨ ਅਤੇ ਝੂਠੀ ਵਾਹ-ਵਾਹੀ ਲੁੱਟਣ ਦੇ ਚੱਕਰ ਵਿਚ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਿਸਾਨੀ ਰੰਗ ’ਚ ਰੰਗਿਆ ਟਾਂਡਾ ਦਾ ਇਹ ਸਾਦਾ ਵਿਆਹ, ਚਾਰੇ ਪਾਸੇ ਹੋਈ ਵਡਿਆਈ
NEXT STORY