ਦੀਨਾਨਗਰ, ਅਬੋਹਰ, ਤਰਨਤਾਰਨ (ਦੀਪਕ, ਸੁਨੀਲ ਨਾਗਪਾਲ, ਵਿਜੇ ਕੁਮਾਰ) : ਦੀਵਾਲੀ ਦੇ ਦਿਨ ਜਿੱਥੇ ਲੋਕ ਆਪਣੇ ਘਰਾਂ 'ਚ ਖੁਸ਼ੀਆਂ ਮਨਾ ਰਹੇ ਸਨ, ਉੱਥੇ ਹੀ ਪੰਜਾਬ ਦੇ ਕਈ ਘਰਾਂ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਦੀਨਾਨਗਰ ਦੇ ਪਿੰਡ ਅਵਾਖਾ 'ਚ ਦੀਵਾਲੀ ਦੇ ਪਟਾਕੇ ਨਹੀਂ ਸਗੋਂ ਹੌਂਕੇ ਗੂੰਜਦੇ ਰਹੇ। 21 ਸਾਲਾ ਮੁਨੀਸ਼ ਉਰਫ ਮੰਨੂ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਲਾਸ਼ ਨੂੰ ਸਥਾਨਕ ਪੁਲਸ ਸਟੇਸ਼ਨ ਦੇ ਬਾਹਰ ਰੱਖ ਕੇ 4 ਘੰਟਿਆਂ ਲਈ ਚੱਕਾ ਜਾਮ ਕਰ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਝਗੜੇ ਤੋਂ ਬਾਅਦ ਕੁਝ ਲੜਕੇ ਮੁਨੀਸ਼ ਨੂੰ ਚੁੱਕ ਕੇ ਲੈ ਗਏ ਸਨ ਅਤੇ ਉਨ੍ਹਾਂ ਮੁਨੀਸ਼ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਦੂਜੇ ਪਾਸੇ ਫਾਜ਼ਿਲਕਾ ਦੇ ਅਬੋਹਰ 'ਚ ਦੀਵਾਲੀ ਮਨਾਉਣ ਆਏ ਐੱਨ. ਆਰ. ਆਈ. ਬਲਕਰਣ ਭੁੱਲਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਬਲਕਰਣ ਦੇ ਪਰਿਵਾਰ ਇਸ ਕਤਲ ਦੀ ਵਜ੍ਹਾ ਜ਼ਮੀਨੀ ਝਗੜੇ ਨੂੰ ਦੱਸ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜ਼ਮੀਨੀ ਝਗੜੇ 'ਚ ਸ਼ਾਮਲ ਸਮਰਵੀਰ ਅਤੇ ਕੁਲਬੀਰ ਸਿੰਘ ਇਸ ਤੋਂ ਪਹਿਲਾਂ ਵੀ ਬਲਕਰਣ 'ਤੇ ਕਈ ਹਮਲੇ ਕਰ ਚੁੱਕੇ ਸਨ।
ਇਸੇ ਤਰ੍ਹਾਂ ਤਰਨਤਾਰਨ ਦੇ ਪਿੰਡ ਗੰਡੀਵਿੰਡ ਦੇ ਖੇਤਾਂ 'ਚ ਇਕ 35 ਸਾਲਾ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। 35 ਸਾਲਾ ਮਨਜੀਤ ਕੌਰ ਦੀ ਲਾਸ਼ ਖੇਤਾਂ 'ਚ ਪਈ ਮਿਲੀ। ਪੁਲਸ ਨੇ ਮਨਜੀਤ ਦੇ ਭਰਾ ਦੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ ਖਿਲਾਫ ਧਾਰਾ 302 ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੀਵਾਲੀ ਦੀ ਰਾਤ ਪੰਜਾਬ 'ਚ ਕਤਲਾਂ ਦੀ ਰਾਤ ਰਹੀ। ਕਿਤੇ ਜ਼ਮੀਨੀ ਵਿਵਾਦ ਨੇ ਜਾਨ ਲੈ ਲਈ ਤੇ ਕਿਤੇ ਮਾਮੂਲੀ ਝਗੜਾ ਮੌਤ ਦੀ ਦਹਿਲੀਜ਼ 'ਤੇ ਜਾ ਕੇ ਰੁਕਿਆ। ਇਨ੍ਹਾਂ ਵੱਖ-ਵੱਖ ਕਤਲਾਂ ਦੀ ਗੁੱਥੀ ਤਾਂ ਜਦੋਂ ਸੁਲਝੇਗੀ ਉਦੋਂ ਸੁਲਝੇਗੀ ਪਰ ਦੀਵਾਲੀ ਇਨ੍ਹਾਂ ਪਰਿਵਾਰਾਂ ਲਈ ਖੁਸ਼ੀਆਂ ਨਹੀਂ ਹੰਝੂ ਤੇ ਹੌਂਕੇ ਲੈ ਕੇ ਆਈ।
ਕੁੱਟਮਾਰ ਦੇ ਦੋਸ਼ 'ਚ 1 ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ
NEXT STORY