ਲੁਧਿਆਣਾ(ਪੰਕਜ)-ਪੰਜਾਬ 'ਚ ਸਰਹੱਦੋਂ ਪਾਰ ਹੋ ਰਹੀ ਹੈਰੋਇਨ ਦੀ ਸਮੱਗਲਿੰਗ ਨੂੰ ਸਖ਼ਤੀ ਨਾਲ ਰੋਕਣ 'ਚ ਜੁਟੀ ਐੱਸ. ਟੀ. ਐੱਫ. ਤੇ ਰਾਜ ਪੁਲਸ ਪਿਛਲੇ ਕੁੱਝ ਮਹੀਨਿਆਂ ਅੰਦਰ ਵਿਦੇਸ਼ੀ ਨਾਗਰਿਕਾਂ, ਖਾਸ ਕਰਕੇ ਨਾਈਜੀਰੀਅਨਾਂ ਦੀ ਤੇਜ਼ੀ ਨਾਲ ਵਧਦੀ ਸ਼ਮੂਲੀਅਤ ਦੇਖ ਕੇ ਹੈਰਾਨ ਹੈ। ਵੱਖ-ਵੱਖ ਕਾਰਨਾਂ ਕਰਕੇ ਭਾਰਤ 'ਚ ਵੀਜ਼ਾ ਲੈ ਕੇ ਆ ਰਹੇ ਨਾਈਜੀਰੀਅਨਾਂ ਦੇ ਨਸ਼ੀਲੇ ਪਦਾਰਥਾਂ ਦੇ ਨਾਜਾਇਜ਼ ਧੰਦੇ ਵਿਚ ਸ਼ਾਮਲ ਹੋਣ ਨਾਲ ਖੁਫੀਆ ਨੈੱਟਵਰਕ ਨੂੰ ਨਾਮੀ ਸਮੱਗਲਰਾਂ ਦੇ ਨਾਲ-ਨਾਲ ਇਨ੍ਹਾਂ ਦੀਆਂ ਸ਼ੱਕੀ ਗਤੀਵਿਧੀਆਂ 'ਤੇ ਪੈਨੀ ਨਜ਼ਰ ਰੱਖਣ ਲਈ ਦੋਹਰੀ ਮਿਹਨਤ ਕਰਨੀ ਪੈ ਰਹੀ ਹੈ। ਪਾਕਿਸਤਾਨੀ ਬਾਰਡਰ ਦੇ ਨਾਲ ਲਗਦੇ ਪੰਜਾਬ ਦੇ ਪਿੰਡਾਂ ਦੇ ਖੇਤਾਂ 'ਚ ਹੈਰੋਇਨ ਸਮੱਗਲਰਾਂ ਵਲੋਂ ਮੌਕਾ ਪਾ ਕੇ ਹੈਰੋਇਨ ਦੇ ਪੈਕੇਟ ਸੁੱਟਣਾ ਆਮ ਗੱਲ ਹੋ ਚੁੱਕੀ ਹੈ। ਕਾਂਗਰਸ ਸਰਕਾਰ ਬਣਦੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਤੇਜ਼ ਤਰਾਰ ਆਈ. ਪੀ. ਐੱਸ. ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਦੀ ਪ੍ਰਧਾਨਗੀ 'ਚ ਐੱਸ. ਟੀ. ਐੱਫ. ਬਣਾ ਕੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ 'ਚ ਸ਼ਾਮਲ ਵੱਡੇ ਸਮੱਗਲਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ ਸੀ। ਖੁਫੀਆ ਏਜੰਸੀਆਂ ਤੇ ਪੁਲਸ ਅਧਿਕਾਰੀ ਸਮੱਗਲਿੰਗ ਦੇ ਧੰਦੇ 'ਚ ਸ਼ਾਮਲ ਨਾਮੀ ਸਮੱਗਲਰਾਂ ਦੀਆਂ ਗਤੀਵਿਧੀਆਂ 'ਤੇ ਪੈਨੀ ਨਜ਼ਰ ਰੱਖ ਕੇ ਹੌਲੀ-ਹੌਲੀ ਉਨ੍ਹਾਂ ਦੀ ਖੇਡ ਸਮੇਤ ਗ੍ਰਿਫਤਾਰ ਕਰਨ ਵਿਚ ਲੱਗੇ ਹੋਏ ਸਨ। ਪੁਲਸ ਰਿਕਾਰਡ ਵਿਚ ਦਰਜ ਖਤਰਨਾਕ ਸਮੱਗਲਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ 'ਤੇ ਸ਼ਿਕੰਜਾ ਕੱਸਣ ਵਾਲੀ ਐੱਸ. ਟੀ. ਐੱਫ. ਅਤੇ ਰਾਜ ਪੁਲਸ ਅਚਾਨਕ ਵਿਦੇਸ਼ੀ ਨਾਗਰਿਕਾਂ ਖਾਸ ਕਰਕੇ ਨਾਈਜੀਰੀਅਨਾਂ ਦਾ ਹੈਰੋਇਨ ਦੀ ਭਾਰੀ ਖੇਪ ਸਮੇਤ ਫੜੇ ਜਾਣਾ ਸਾਫ ਕਰਦਾ ਹੈ ਕਿ ਪੰਜਾਬ ਵਿਚ ਸਰਗਰਮ ਸਮੱਗਲਰਾਂ ਵਲੋਂ ਐੱਸ. ਟੀ. ਐੱਫ. ਅਤੇ ਪੁਲਸ ਦੀਆਂ ਨਜ਼ਰਾਂ ਵਿਚ ਘੱਟਾ ਪਾਉਣ ਦੀ ਸਾਜ਼ਿਸ਼ ਰਚਦੇ ਹੋਏ ਆਪ ਸਮੱਗਲਿੰਗ ਕਰਨ ਦੀ ਜਗ੍ਹਾ ਵਿਦੇਸ਼ੀ ਨਾਗਰਿਕਾਂ ਨੂੰ ਅੱਗੇ ਰੱਖਣ ਪਾ ਪੈਂਤੜਾ ਖੇਡਿਆ ਗਿਆ ਹੈ। ਭਾਰਤ 'ਚ ਪੜ੍ਹਾਈ, ਖੇਡ ਜਾਂ ਹੋਰਨਾਂ ਕਾਰਨਾਂ ਕਰਕੇ ਵੀਜ਼ਾ ਪ੍ਰਾਪਤ ਕਰ ਰਹੇ ਨਾਈਜੀਰੀਅਨ ਨਾਗਰਿਕਾਂ ਨੂੰ ਸਿਰਫ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿਚ ਲੈਣਾ ਨੁਕਸਾਨਦੇਹ ਹੋ ਸਕਦਾ ਹੈ, ਜਿਸ ਕਾਰਨ ਅਧਿਕਾਰੀ ਪੂਰਾ ਯਕੀਨ ਹੋਣ 'ਤੇ ਹੀ ਉਨ੍ਹਾਂ 'ਤੇ ਹੱਥ ਪਾਉਣ ਦੀ ਨੀਤੀ ਤਹਿਤ ਕੰਮ ਕਰ ਰਹੇ ਹਨ। ਪਿਛਲੇ ਦਿਨੀਂ ਜਗਰਾਓਂ ਪੁਲਸ ਵਲੋਂ ਪਹਿਲਾਂ ਤਾਂ ਦੋ ਵਿਦੇਸ਼ੀ ਨਾਗਰਿਕਾਂ ਨੂੰ ਹੈਰੋਇਨ ਸਮੱਗਲਿੰਗ ਦੇ ਦੋਸ਼ 'ਚ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਗਿਆ ਪਰ ਬਾਅਦ ਵਿਚ ਬੈਕਫੁੱਟ 'ਤੇ ਆਈ ਪੁਲਸ ਨੇ ਆਪ ਹੀ ਦੋਵਾਂ ਨੂੰ ਕਲੀਨ ਚਿੱਟ ਦਿੰਦੇ ਹੋਏ ਅਦਾਲਤ ਤੋਂ ਉਨ੍ਹਾਂ ਨੂੰ ਬਰੀ ਕਰਵਾਇਆ ਸੀ। ਇਸ ਘਟਨਾ ਪਿੱਛੇ ਦੇ ਕਾਰਨ ਬੁਝਾਰਤ ਬਣੇ ਹੋਏ ਹਨ। ਅੰਮ੍ਰਿਤਸਰ ਜੇਲ 'ਚ ਬੰਦ ਵਿਦੇਸ਼ੀ ਨਾਗਰਿਕ ਵਲੋਂ ਜੇਲ ਤੋਂ ਹੀ ਹੈਰੋਇਨ ਸਮੱਗਲਿੰਗ ਦਾ ਧੰਦਾ ਚਲਾਉਣ ਦੀਆਂ ਖ਼ਬਰਾਂ ਕਿਸੇ ਤੋਂ ਲੁਕੀਆਂ ਨਹੀਂ ਹਨ। ਕੁਝ ਦਿਨ ਪਹਿਲਾਂ ਮੁੜ ਦੋ ਨਾਈਜੀਰੀਅਨਾਂ ਨੂੰ ਹੈਰੋਇਨ ਦੀ ਖੇਪ ਦੇ ਨਾਲ ਗ੍ਰਿਫਤਾਰ ਕਰਨ ਵਾਲੇ ਅਧਿਕਾਰੀ ਉਨ੍ਹਾਂ ਦਾ ਨੈੱਟਵਰਕ ਚੈੱਕ ਕਰਨ 'ਚ ਜੁਟੇ ਹੋਏ ਹਨ। ਪੁੱਛਗਿੱਛ 'ਚ ਦੋਸ਼ੀਆਂ ਵਲੋਂ ਕੀਤੇ ਗਏ ਖੁਲਾਸੇ ਹੈਰਾਨ ਕਰ ਦੇਣ ਵਾਲੇ ਹਨ। ਗ੍ਰਿਫਤਾਰੀ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਬਾਰਡਰ ਤੋਂ ਆਈ ਹੈਰੋਇਨ ਦੀ ਖੇਪ ਪਹਿਲਾਂ ਦਿੱਲੀ ਜਾਂਦੀ ਹੈ ਫਿਰ ਉਥੇ ਉਸ ਵਿਚ ਮਿਕਸਿੰਗ ਕਰ ਕੇ ਵਾਪਸ ਪੰਜਾਬ ਲਿਆਈ ਜਾਂਦੀ ਹੈ, ਜਿਥੇ ਅੱਗੇ ਸਮੱਗਲਰਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ, ਜੋ ਕਿ ਨਸ਼ਿਆਂ ਦੇ ਆਦੀ ਲੋਕਾਂ ਤੱਕ ਮੂੰਹ ਮੰਗੇ ਰੇਟਾਂ 'ਤੇ ਪਹੁੰਚਾਉਂਦੇ ਹਨ। ਪੰਜਾਬ ਦੇ ਸਮੱਗਲਰਾਂ ਨੂੰ ਦਬੋਚਣ ਵਿਚ ਲੱਗੀ ਐੱਸ. ਟੀ. ਐੱਫ. ਅਤੇ ਪੁਲਸ ਲਈ ਨਵੇਂ ਨਾਈਜੀਰੀਅਨ ਸਮੱਗਲਰਾਂ 'ਤੇ ਅੱਖ ਰੱਖਣਾ ਚੁਣੌਤੀ ਤੋਂ ਘੱਟ ਨਹੀਂ ਹੈ।
ਲੋਕਾਂ ਨੇ ਨਾਜਾਇਜ਼ ਸ਼ਰਾਬ ਦੀ ਵਿਕਰੀ ਖਿਲਾਫ ਕੱਢੀ ਭੜਾਸ
NEXT STORY