ਫਰੀਦਕੋਟ (ਦਰਦੀ, ਪਵਨ)-ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ, ਸ੍ਰੀ ਮੁਕਤਸਰ ਸਾਹਿਬ ਵੱੱਲੋਂ ਸਾਉਣੀ ਦੀਆਂ ਫਸਲਾਂ ਅਤੇ ਫਸਲੀ ਵਿਭਿੰਨਤਾ ਸਬੰਧੀ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਅੱਜ ਨਵੀਂ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਇਆ ਗਿਆ। ਇਸ ਦਾ ਉਦਘਾਟਨ ਸ਼੍ਰੀ ਐੱਮ. ਕੇ. ਅਰਵਿੰਦ ਕੁਮਾਰ, ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕੀਤਾ। ਕੈਂਪ ਦੀ ਪ੍ਰਧਾਨਗੀ ਸੁਖਦੇਵ ਸਿੰਘ ਸਿੱਧੂ, ਸੰਯੁਕਤ ਡਾਇਰੈਕਟਰ ਖੇਤੀਬਾਡ਼ੀ (ਪੀ. ਪੀ) ਪੰਜਾਬ ਨੇ ਕੀਤੀ। ਇਸ ਮੌਕੇ ਡਾ. ਚੇਤਕ ਬਿਸ਼ਨੋਈ, ਅਸਿਸਟੈਂਟ ਪ੍ਰੋਫੈਸਰ ਬਾਗਬਾਨੀ, ਕੇ. ਵੀ. ਕੇ. ਗੋਨਿਆਣਾ ਨੇ ਕੈਂਪ ’ਚ ਹਾਜ਼ਰ ਕਿਸਾਨਾਂ ਨੂੰ ਫਲਾਂ ਤੇ ਸਬਜ਼ੀਆਂ ਦੀ ਕਾਸ਼ਤ ਸਬੰਧੀ ਜ਼ਰੂਰੀ ਸੁਝਾਅ ਦਿੱਤੇ। ਡਾ. ਸੁਖਵਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ ਕੇ. ਵੀ. ਕੇ. ਬਠਿੰਡਾ ਨੇ ਫ਼ਸਲਾਂ ’ਚ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਜ਼ਮੀਨ ਦੀ ਸਿਹਤ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਮੀਨ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾਵੇ। ਡਾ. ਮਧੂ ਸ਼ੈਲੀ, ਅਸਿਸਟੈਂਟ ਪ੍ਰੋਫੈਸਰ ਕੇ. ਵੀ. ਕੇ. ਗੋੋਨਿਆਣਾ ਵੱਲੋਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਨਾਲ ਸਬੰਧਤ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਮਨਦੀਪ ਪਠਾਨੀਆ, ਕੇ. ਵੀ. ਬਠਿੰਡਾ ਵੱਲੋਂ ਨਰਮੇ ਦੀ ਫਸਲ ਉਪਰ ਕੀਟਾਂ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਉਨ੍ਹਾਂ ਤੋਂ ਹੋਣ ਵਾਲੇ ਨੁਕਸਾਨ ਅਤੇ ਬਚਾਅ ਸਬੰਧੀ ਨੁਕਤੇ ਦੱਸੇ। ਡਾ. ਬਲਕਰਨ ਸਿੰਘ ਸੰਧੂ, ਸਹਾਇਕ ਪ੍ਰੋਫੈਸਰ ਫ਼ਸਲ ਵਿਗਿਆਨ, ਕੇ. ਵੀ. ਕੇ. ਗੋਨਿਆਣਾ ਵੱੱਲੋਂ ਝੋਨੇ ਦੀ ਪਨੀਰੀ, ਕਾਸ਼ਤ ਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਝੋਨੇ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਤੇ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਬਾਰੇ ਵੀ ਕੁਝ ਨੁਕਤੇ ਸਾਂਝੇ ਕੀਤੇ। ਉਨ੍ਹਾਂ ਮੂੰਗੀ ਦੀ ਕਾਸ਼ਤ ਬਾਰੇ ਵੀ ਦੱਸਿਆ। ਇਸ ਮੌਕੇ ਸਹਾਇਕ ਪ੍ਰੋਫੈਸਰ ਡਾ. ਰਾਕੇਸ਼ ਅਰੋਡ਼ਾ ਵੱਲੋਂ ਨਰਮੇ ਦੀ ਫਸਲ ਦੀ ਕਾਸ਼ਤ ਅਤੇ ਇਸ ਤੋਂਂ ਲੱਗਣ ਵਾਲੀਆਂ ਬੀਮਾਰੀਆਂ ਬਾਰੇ ਦੱਸਿਆ ਗਿਆ। ਉਨ੍ਹਾਂ ਇਨ੍ਹਾਂ ਬੀਮਾਰੀਆਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਬੂਟਾ ਸਿੰਘ, ਪੀ. ਏ. ਯੂ. ਲੁਧਿਆਣਾ ਦੇ ਫਸਲ ਵਿਗਿਆਨੀ ਨੇ ਫਸਲੀ ਖ਼ਰਚੇ ਘਟਾਉਣ ਲਈ ਕੁਝ ਮਾਪਦੰਡ ਅਪਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀਆਂ ਕੁਝ ਨਵੀਆਂ ਕਿਸਮਾਂ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ‘ਪੀ. ਏ. ਯੂ. ਕਿਸਾਨ ਐੱਪ’ ਡਾਊਨਲੋਡ ਕਰਨ ਲਈ ਆਖਿਆ ਤਾਂ ਜੋ ਉਹ ਮੋਬਾਇਲ ’ਤੇ ਵੀ ਫਸਲੀ ਜਾਣਕਾਰੀ ਹਾਸਲ ਕਰ ਸਕਣ। ਇਸ ਮੌਕੇ ਡਾ. ਮਨਦੀਪ ਸਿੰਘ ਵੈਟਰਨਰੀ ਅਫਸਰ ਪਸ਼ੂ ਪਾਲਣ ਵਿਭਾਗ ਨੇ ਕਿਸਾਨਾਂ ਨੂੰ ਪਸ਼ੂਆਂ ਦੀਆਂ ਬੀਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਲਈ ਸਹੀ ਪਹੁੰਚ ਬਾਰੇ ਦੱਸਿਆ। ਪੀ. ਏ. ਯੂ. ਲੁਧਿਆਣਾ ਤੋਂ ਸੇਵਾਮੁਕਤ ਡਾ. ਸਤਿੰਦਰਪਾਲ ਸਿੰਘ ਬਰਾਡ਼ ਨੇ ਕਿਹਾ ਕਿ ਕਿਸਾਨ ਫਸਲਾਂ ’ਤੇ ਜ਼ਹਿਰਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਤਾਂ ਜੋ ਮਨੁੱਖੀ ਜੀਵਨ ਉਪਰ ਮਾਡ਼ਾ ਅਸਰ ਨਾ ਪਵੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੰਯੁਕਤ ਡਾਇਰੈਕਟਰ ਖੇਤੀਬਾਡ਼ੀ (ਪਲਾਂਟ ਪ੍ਰੋਟੈਕਸ਼ਨ) ਪੰਜਾਬ ਸ਼੍ਰੀ ਸੁਖਦੇਵ ਸਿੰਘ ਸਿੱਧੂ ਵੱਲੋਂ ਆਉਣ ਵਾਲੇ ਸੀਜ਼ਨ ਦੌਰਾਨ ਨਰਮੇ, ਕਪਾਹ ਦੀ ਕਾਸ਼ਤ ਬਾਰੇ ਕੁਝ ਨੁਕਤਿਆਂ ’ਤੇ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੋਂ ਬਾਅਦ ਬਲਾਕ ਪੱਧਰ ’ਤੇ ਫਿਰ ਪਿੰਡ ਪੱਧਰ ’ਤੇ ਕੈਂਪ ਲਾਏ ਜਾਣਗੇ ਤੇ ਕਿਸਾਨ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ। ਕੈਂਪ ਦੇ ਅੰਤ ਵਿਚ ਡਾ. ਬਲਜਿੰਦਰ ਸਿੰਘ ਬਰਾਡ਼ ਮੁੱਖ ਖੇਤੀਬਾਡ਼ੀ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕਿਸਾਨਾਂ ਤੇ ਪਸ਼ੂ ਪਾਲਕਾਂ ਲਈ ਵੱਖ-ਵੱਖ ਸਟਾਲਾਂ ਵੀ ਲਾਈਆਂ ਗਈਆਂ।
ਮੈਰਾਥਨ ’ਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ’ਤੇ ਜ਼ੋਰ
NEXT STORY