ਫਰੀਦਕੋਟ (ਚਾਵਲਾ)-ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪਿਛਲੇ ਲਗਭਗ 6 ਮਹੀਨੇ ਪਹਿਲਾਂ ਬੇਸਹਾਰਾ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਰੱਤਾ ਟਿੱਬਾ ਵਿਖੇ ਭੇਜ ਕੇ ਸ਼ਹਿਰ ਨੂੰ ਪਸ਼ੂਆਂ ਤੋਂ ਮੁਕਤ ਕੀਤਾ ਗਿਆ ਪਰ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਪਿਛਲੇ 3 ਮਹੀਨਿਆਂ ’ਚ ਕਾਫੀ ਗਿਣਤੀ ਵਿਚ ਬੇਸਹਾਰਾ ਪਸ਼ੂਆਂ ਨੇ ਗਿੱਦਡ਼ਬਾਹਾ ਸ਼ਹਿਰ ’ਚ ਮੁਡ਼ ਡੇਰਾ ਲਾ ਲਿਆ ਹੈ, ਜਿਸ ਨਾਲ ਸ਼ਹਿਰ ਨਿਵਾਸੀ ਪ੍ਰੇਸ਼ਾਨ ਹਨ। ਪਸ਼ੂਆਂ ਦੇ ਆਪਸ ’ਚ ਭਿੜਨ ਕਾਰਨ ਇਨ੍ਹਾਂ ਦੀ ਲਪੇਟ ’ਚ ਆਏ ਕਈ ਵਿਅਕਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਕਈ ਦੁਕਾਨਾਂ ਦਾ ਮਾਲੀ ਨੁਕਸਾਨ ਵੀ ਹੋ ਚੁੱਕਾ ਹੈ, ਜਦਕਿ ਭੁੱਖੇ-ਪਿਆਸੇ ਇਨ੍ਹਾਂ ਬੇਸਹਾਰਾ ਤੇ ਬੇਜ਼ੁਬਾਨ ਪਸ਼ੂਆਂ ਦੇ ਛੋਟੇ-ਛੋਟੇ ਬੱਛਡ਼ਿਆਂ ਨੂੰ ਕੁੱਤੇ ਮਾਰ ਕੇ ਖਾ ਜਾਂਦੇ ਹਨ ਅਤੇ ਸ਼ਹਿਰ ’ਚ ਆਵਾਰਾ ਕੁੱਤਿਆਂ ਦਾ ਕਹਿਰ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਬੀਤੀ ਰਾਤ ਭਾਰੂ ਚੌਕ ਵਿਖੇ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਚੌਕ ਦੇ ਦੁਕਾਨਦਾਰਾਂ ਤੇ ਰਾਹਗੀਰਾਂ ਹਰਚਰਨ ਸਿੰਘ ਖਾਲਸਾ, ਮਨੋਜ ਕੁਮਾਰ, ਸੁਖਦੀਪ ਸਿੰਘ, ਕੁਲਵੰਤ ਸਿੰਘ, ਜਸਵੰਤ ਸਿੰਘ, ਪਵਨ ਕੁਮਾਰ ਪੱਪੂ, ਮਨਜੀਤ ਅਤੇ ਟੋਨੀ ਆਦਿ ਨੇ ਦੱਸਿਆ ਕਿ ਬੀਤੀ ਰਾਤ ਕੁਝ ਕੁੱਤੇ ਗਊਆਂ ਦੇ ਬੱਛਡ਼ਿਆਂ ਪਿੱਛੇ ਪੈ ਗਏ, ਜਿਨ੍ਹਾਂ ਨੂੰ ਉਨ੍ਹਾਂ ਨੇ ਹਟਾ ਦਿੱਤਾ ਸੀ ਅਤੇ ਅਸੀਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਚਲੇ ਗਏ ਸੀ ਅਤੇ ਜਦੋਂ ਅੱਜ ਸਵੇਰੇ ਅਸੀਂ ਆਪਣੀਆਂ ਦੁਕਾਨਾਂ ’ਤੇ ਆਏ ਤਾਂ ਵੇਖਿਆ ਕਿ ਕੁੱਤੇ 3 ਬੱਛਡ਼ਿਆਂ ਨੂੰ ਮਾਰ ਕੇ ਖਾ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਊ ਟੈਕਸ ਦੀ ਵਸੂਲੀ ਤਾਂ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਜਿੱਥੇ ਸ਼ਹਿਰ ਨਿਵਾਸੀ ਪ੍ਰੇਸ਼ਾਨ ਹਨ, ਉੱਥੇ ਹੀ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਕੁੱਤੇ ਨੋਚ-ਨੋਚ ਕੇ ਖਾ ਜਾਂਦੇ ਹਨ। ਉਕਤ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਰੱਤਾ ਟਿੱਬਾ ਭੇਜਿਆ ਜਾਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੀਤੀ 2 ਮਾਰਚ ਨੂੰ ਸ਼ਹਿਰ ਨਿਵਾਸੀਆਂ ਨੇ ਇਸ ਸਮੱਸਿਆ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਸੀ।
ਇਲਾਕਾ ਨਿਵਾਸੀਆਂ ਵੱਲੋਂ ਡੇਰਾ ਜਲਾਲ ਵਾਲੀ ਸਡ਼ਕ ਬਣਾਉਣ ਦੀ ਮੰਗ
NEXT STORY