ਮਾਨਸਾ, (ਸੰਦੀਪ ਮਿੱਤਲ)- ਚਿੱਟੀ ਮੱਖੀ ਦੇ ਕਾਰਨ ਖਰਾਬ ਹੋ ਰਹੀ ਨਰਮੇ ਦੀ ਫਸਲ ਸਣੇ ਹੋਰ ਫਸਲਾਂ ਦੀ ਬਰਬਾਦੀ ਦਾ ਕਾਰਨ ਬਣੀਆਂ ਗੈਰ ਮਿਆਰੀ ਅਤੇ ਘਟੀਆ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਫੇਲ ਹੋਣ ਵਾਲੀਆਂ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਨਾ ਕਰਨ ਅਤੇ ਬਾਜ਼ਾਰਾਂ 'ਚ ਵਿਕ ਰਹੀਆਂ ਗੈਰ-ਮਿਆਰੀ ਅਤੇ ਘਟੀਆ ਦਵਾਈਆਂ ਨੂੰ ਬਾਜ਼ਾਰਾਂ 'ਚ ਵਿਕਣ ਤੋਂ ਰੋਕਣ 'ਚ ਬੁਰੀ ਤਰ੍ਹਾਂ ਫੇਲ ਹੋਏ ਖੇਤੀਬਾੜੀ ਵਿਭਾਗ ਪੰਜਾਬ ਦਾ ਵਿਰੋਧ ਕਰਦਿਆਂ ਮਾਨਸਾ ਨੇੜਲੇ ਪਿੰਡ ਚਕੇਰੀਆਂ ਦੇ ਕਿਸਾਨਾਂ ਵੱਲੋਂ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਪੰਜਾਬ ਦੇ ਮੁਖੀ ਜਸਵੀਰ ਸਿੰਘ ਬੈਂਸ ਦਾ ਪੁਤਲਾ ਫੂਕਿਆ ਅਤੇ ਵਿਭਾਗ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਜਥੇਬੰਦੀ ਦੇ ਜ਼ਿਲਾ ਪ੍ਰੈੱਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ ਨੇ ਦੱਸਿਆ ਕਿ ਬਾਜ਼ਾਰਾਂ 'ਚ ਵਿਕ ਰਹੀਆਂ ਗੈਰ-ਮਿਆਰੀ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਫੇਲ ਹੋਣ ਤੋਂ ਬਾਅਦ ਖੇਤੀਬਾੜੀ ਵਿਭਾਗ ਵੱਲੋਂ ਸੰਬੰਧਿਤ ਕੰਪਨੀਆਂ ਦੇ ਲਾਇਸੈਂਸ ਰੱਦ ਕਰ ਕੇ ਸਿਰਫ਼ ਇਕ ਖਾਨਾਪੂਰਤੀ ਕੀਤੀ ਗਈ ਹੈ ਕਿਉਂਕਿ ਲਾਇਸੈਂਸ ਤਾਂ ਨਵੇਂ ਲਏ ਜਾ ਸਕਦੇ ਹਨ।
ਉਨ੍ਹਾਂ ਮੰਗ ਕੀਤੀ ਕਿ ਸੰਬੰਧਿਤ ਕੰਪਨੀਆਂ ਦੇ ਮਾਲਕਾਂ ਦੀਆਂ ਜਾਇਦਾਦਾਂ ਕੁਰਕ ਕਰ ਕੇ ਨਕਲੀ ਦਵਾਈਆਂ ਰਾਹੀਂ ਕਿਸਾਨਾਂ ਕੋਲੋਂ ਲੁੱਟੇ ਗਏ ਕਰੋੜਾਂ ਰੁਪਏ ਵਾਪਸ ਕਰਵਾਏ ਜਾਣੇ ਚਾਹੀਦੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਖੇਤੀਬਾੜੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਵਿਕ ਰਹੀਆਂ ਗੈਰ-ਮਿਆਰੀ ਅਤੇ ਘਟੀਆ ਕੀਟਨਾਸ਼ਕ ਦਵਾਈਆਂ ਦੇ ਕਾਰਨ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੁੰਦੀਆਂ ਆ ਰਹੀਆਂ ਹਨ ਅਤੇ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਚੁੱਕਾ ਹੈ। ਇਸ ਮੌਕੇ ਮਾਨਸਾ ਬਲਾਕ ਦੇ ਪ੍ਰਧਾਨ ਮੇਜਰ ਸਿੰਘ ਦੂਲੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਖਰਾਬ ਹੋਈਆਂ ਫਸਲਾਂ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਨਕਲੀ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਖੁਦ ਖੇਤੀਬਾੜੀ ਵਿਭਾਗ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਸਬਸਿਡੀ ਉਪਰ ਵਧੀਆ ਕਿਸਮ ਦੀਆਂ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਏ ਤਾਂ ਜੋ ਕਿਸਾਨਾਂ ਦੀ ਬਾਜ਼ਾਰਾਂ 'ਚ ਹੁੰਦੀ ਲੁੱਟ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਜਥੇਬੰਦੀ ਦੇ ਜ਼ਿਲਾ ਜਨਰਲ ਸਕੱਤਰ ਅਮਰੀਕ ਸਿੰਘ ਫਫੜੇ, ਰਜਿੰਦਰ ਸਿੰਘ ਕੁਲੈਹਰੀ, ਗੁਰਮੇਲ ਸਿੰਘ ਚਕੇਰੀਆਂ, ਬਲਵਿੰਦਰ ਸਿੰਘ ਚਕੇਰੀਆਂ, ਸਵਰਨਜੀਤ ਸਿੰਘ ਚਕੇਰੀਆਂ, ਬੁੱਧ ਖਾਂ ਫਫੜੇ, ਇੰਦਰਜੀਤ ਸਿੰਘ ਅੱਕਾਂਵਾਲੀ, ਗੁਰਤੇਜ ਸਿੰਘ ਭੁੱਲਰ, ਬਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
.. ਫਿਰ ਕੌਣ ਹੜੱਪ ਗਿਆ 3.50 ਲੱਖ ਦੇ ਭਾਗਸਰ ਲਈ ਆਏ ਬੈਂਚ !
NEXT STORY