ਚੰਡੀਗੜ੍ਹ (ਰਮੇਸ਼ ਹਾਂਡਾ) - ਵਪਾਰੀ ਤੇ ਕਾਰੋਬਾਰੀ ਜੀ. ਐੈੱਸ. ਟੀ. ਦਾ ਸਿਸਟਮ ਠੀਕ ਤਰ੍ਹਾਂ ਸਮਝ ਨਹੀਂ ਪਾ ਰਹੇ ਤੇ ਉਪਰੋਂ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਤੇ ਚੰਡੀਗੜ੍ਹ ਦੇ ਸੇਲਜ਼ ਟੈਕਸ ਵਿਭਾਗ ਵਿਚ ਐੈੱਫ. ਤੇ ਸੀ. ਫਾਰਮ ਵੀ ਉਪਲਬਧ ਨਹੀਂ ਹਨ, ਜਿਸ ਕਾਰਨ ਨਾ ਸਿਰਫ ਕਾਰੋਬਾਰ ਬਲਕਿ ਸੇਲਜ ਟੈਕਸ ਨਾਲ ਜੁੜੇ ਮਾਹਰ ਵੀ ਪ੍ਰੇਸ਼ਾਨ ਹਨ। ਕੰਪਨੀਆਂ ਨੂੰ ਸੀ. ਤੇ ਐੈੱਫ. ਫਾਰਮ ਨਾ ਮਿਲਣ ਕਾਰਨ ਰਿਟਰਨ ਨਹੀ ਮਿਲ ਰਿਹਾ, ਜਦਕਿ ਬਣਦਾ ਟੈਕਸ ਦੇਣ ਵਿਚ ਵੀ ਫਾਰਮ ਨਾ ਹੋਣ ਨਾਲ ਦੇਰੀ ਹੋ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਦੋ ਫੀਸਦੀ ਤਕ ਦਾ ਜੁਰਮਾਨਾ ਲਾਇਆ ਜਾ ਰਿਹਾ ਹੈ। ਟੈਕਸ ਬਾਰ ਐਸੋਸੀਏਸ਼ਨ ਮੋਹਾਲੀ ਤੇ ਚੰਡੀਗੜ੍ਹ ਵੀ ਇਸ ਸਬੰਧੀ ਮੰਗ ਪੱਤਰ ਦੇ ਚੁੱਕੇ ਹਨ।
ਪ੍ਰਸ਼ਾਸਨ ਤੋਂ ਨਹੀਂ ਮਿਲ ਰਿਹਾ ਸਹਿਯੋਗ
ਟੈਕਸ ਬਾਰ ਐਸੋਸੀਏਸ਼ਨ ਮੋਹਾਲੀ ਦੇ ਸਕੱਤਰ ਰਾਮ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੇ ਲਿਖਤੀ ਰੂਪ ਵਿਚ ਕਈ ਵਾਰ ਪੰਜਾਬ ਦੇ ਟੈਕਸ ਕਮਿਸ਼ਨਰ ਅਨੁਰਾਗ ਅਗਰਵਾਲ ਨੂੰ ਇਸ ਸਬੰਧੀ ਜਾਣੂ ਕਰਵਾਇਆ ਹੈ ਪਰ ਅਜੇ ਤਕ ਕੋਈ ਰਾਹਤ ਨਹੀਂ ਮਿਲੀ ਹੈ। ਉਨ੍ਹਾਂ ਅਨੁਸਾਰ ਜੀ. ਐੈੱਸ. ਟੀ. ਲਾਗੂ ਹੋਣ ਤੋਂ ਬਾਅਦ ਤੋਂ ਬਿਨਾਂ ਡਿਕਲੇਰੇਸ਼ਨ ਫਾਰਮ ਦੇ ਇੰਡਸਟ੍ਰੀਲਿਸਟ ਰਿਫੰਡ ਲਈ ਅਪਲਾਈ ਨਹੀਂ ਕਰ ਸਕਦੇ, ਇਹੀ ਨਹੀਂ ਬਿਜ਼ਨੈੱਸਮੈਨ ਨੂੰ ਬਣਦਾ ਟੈਕਸ ਭਰਨ ਲਈ ਵੀ ਫਾਰਮ ਨਹੀਂ ਮਿਲ ਰਹੇ, ਜਿਸ ਕਾਰਨ ਟੈਕਸ ਭਰਨ ਤੋਂ ਇਲਾਵਾ ਪੈਨਲਟੀ ਵੀ ਭਰਨੀ ਪਏਗੀ।
ਇਸ ਸਮੱਸਿਆ ਦੇ ਹੱਲ ਲਈ ਚੰਡੀਗੜ੍ਹ ਬਾਰ ਐਸੋਸੀਏਸ਼ਨ ਨੇ ਵੀ ਚੰਡੀਗੜ੍ਹ ਦੇ ਟੈਕਸ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ, ਜਿਸ ਵਿਚ ਕਿਹਾ ਗਿਆ ਕਿ ਚੰਡੀਗੜ੍ਹ ਵਿਚ ਵੀ ਬੀਤੇ ਇਕ ਮਹੀਨੇ ਤੋਂ ਵੈੱਬਸਾਈਟ ਨਹੀਂ ਚੱਲ ਰਹੀ ਹੈ ਤੇ ਨਾ ਹੀ ਜ਼ਰੂਰੀ ਸਟੇਸ਼ਨਰੀ ਵੀ ਮੁਹੱਈਆ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਅਭੇ ਸ਼ਰਮਾ ਨੇ ਦੱਸਿਆ ਕਿ ਜਦੋਂ ਤੋਂ ਜੀ. ਐੈੱਸ. ਟੀ. ਲਾਗੂ ਹੋਇਆ, ਕਾਰੋਬਾਰੀ ਪ੍ਰੇਸ਼ਾਨ ਹਨ, ਜਿਸ ਸਬੰਧੀ ਪ੍ਰਸ਼ਾਸਨ ਵਲੋਂ ਸਹਿਯੋਗ ਨਹੀਂ ਮਿਲ ਰਿਹਾ ਹੈ।
ਸਰਕਾਰ ਨੂੰ ਸੌਖੇ ਵਿਕਲਪ ਲੱਭਣੇ ਚਾਹੀਦੇ ਹਨ
ਸੰਘ ਦੇ ਜਨਰਲ ਸਕੱਤਰ ਅਸ਼ੋਕ ਕ੍ਰਿਸ਼ਨਾ ਨੇ ਦੱਸਿਆ ਕਿ ਵਿਭਾਗ ਅਜੇ ਤਕ ਵੈਟ ਕਾਰਜਪ੍ਰਣਾਲੀ ਦੇ ਦਿਸ਼ਾ-ਨਿਰਦੇਸ਼ 'ਤੇ ਹੀ ਅਮਲ ਕਰ ਰਹੇ ਹਨ, ਜਿਸ ਦਾ ਹੁਣ ਕੋਈ ਮਤਲਬ ਨਹੀਂ ਹੈ। ਇਸ ਸਬੰਧੀ ਕਰਦਾਤਾ ਰਜਿਸਟ੍ਰੇਸ਼ਨ ਪ੍ਰਾਪਤੀ ਤੇ ਰਿਟਰਨ ਫਾਈਲਿੰਗ ਲਈ ਕਾਫੀ ਸੰਘਰਸ਼ ਕਰ ਰਹੇ ਹਨ। ਸਰਕਾਰ ਨੂੰ ਇਸ ਦਿਸ਼ਾ ਵਿਚ ਸਰਲ ਵਿਕਲਪ ਲੱਭਣੇ ਚਾਹੀਦੇ ਹਨ। ਨਿਰੰਤਰ ਈ-ਮੇਲ ਤੇ ਕਾਲ ਕਰਨ 'ਤੇ ਵੀ ਹੈਲਪ ਡੈਸਕ 25 ਅਗਸਤ, 2017 ਤੋਂ ਰਿਟਰਨ ਫਾਈਲ ਭਰਵਾਉਣ ਵਿਚ ਅਸਮਰਥ ਹੈ। ਨਤੀਜੇ ਵਜੋਂ ਇਕ ਕਰਦਾਤਾ ਨੂੰ 1200 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ।
ਅਧਿਕਾਰੀ ਤੇ ਵਿਭਾਗ ਦੇ ਮਾਹਿਰਾਂ ਨੂੰ ਵੀ ਸਹੀ ਜਾਣਕਾਰੀ ਨਹੀਂ
ਜ਼ਿਲਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਟੈਕਸ ਕੰਸਲਟੈਂਟ ਆਰ. ਕੇ. ਚੌਧਰੀ ਨੇ ਦੱਸਿਆ ਕਿ ਖੁਦ ਪ੍ਰਸ਼ਾਸਨਿਕ ਅਧਿਕਾਰੀ ਤੇ ਵਿਭਾਗ ਦੇ ਮਾਹਿਰ ਕਹੇ ਜਾਣ ਵਾਲੇ ਵੀ ਸਹੀ ਤਰੀਕੇ ਨਾਲ ਜੀ. ਐੈੱਸ. ਟੀ. ਦੀ ਸਮਝ ਨਹੀਂ ਰੱਖਦੇ ਤੇ ਨਾ ਹੀ ਸਾਈਟ ਅੱਪਡੇਟ ਹੋ ਰਹੀ ਹੈ। ਜੀ. ਐੈੱਸ. ਟੀ. ਦੀ ਸਹੀ ਜਾਣਕਾਰੀ ਦੀ ਘਾਟ ਕਾਰਨ ਕਾਰੋਬਾਰੀ ਤੋਂ ਲੈ ਕੇ ਕੰਸਲਟੈਂਟ ਤੇ ਹੋਰ ਅਧਿਕਾਰੀ ਵੀ ਪ੍ਰੇਸ਼ਾਨ ਹਨ ਤੇ ਉਪਰੋਂ ਸਟੇਸ਼ਨਰੀ ਨਹੀਂ ਮਿਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਤੇ ਸਰਕਾਰ ਇਸ ਵੱਲ ਧਿਆਨ ਦੇਵੇ, ਤਾਂ ਕਿ ਵਪਾਰੀ ਵਰਗ ਨੂੰ ਰਾਹਤ ਮਿਲ ਸਕੇ।
ਚੰਡੀਗੜ੍ਹ ਚਾਰਟਡ ਅਕਾਊਂਟੈਂਟ ਐਸੋਸੀਏਸ਼ਨ ਨੇ ਜੀ. ਐੈੱਸ. ਟੀ. ਤਕਨੀਕੀ ਮੁੱਦਿਆਂ ਦੀਆਂ ਗੁੰਝਲਾਂ, ਜੀ. ਐੈੱਸ. ਟੀ. ਰਿਟਰਨ ਫਾਈਲ ਕਰਨ ਦੀ ਦਿਸ਼ਾ ਵਿਚ ਆ ਰਹੀਆਂ ਅੜਚਣਾਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਘ ਦੇ ਪ੍ਰਧਾਨ ਰਾਜਨ ਸ਼ਾਰਦਾ ਨੇ ਕਿਹਾ ਕਿ ਅਸੀਂ ਸਰਕਾਰ ਦਾ ਇਨਡਾਇਰੈਕਟ ਟੈਕਸ ਦੀ ਦਿਸ਼ਾ ਵਿਚ ਕੀਤੇ ਗਏ ਬਦਲਾਅ ਲਈ ਧੰਨਵਾਦ ਕਰਦੇ ਹਾਂ ਪਰ ਕੁਝ ਤਰੁੱਟੀਆਂ ਕਾਰਨ ਪੈਦ ਹੋ ਰਹੀਆਂ ਗੁੰਝਲਾਂ ਨੂੰ ਸੀ. ਏ. ਭਾਈਚਾਰੇ ਤੇ ਕਰਦਾਤਾਵਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਵੀ ਜਾਣੂ ਕਰਵਾ ਰਹੇ ਹਾਂ।
ਸਫਾਈ ਕਰਮਚਾਰੀਆਂ ਨੇ ਘੇਰਿਆ ਨਿਗਮ ਦਫਤਰ, ਪੁਲਸ ਨੇ ਕਰਮਚਾਰੀ ਆਗੂਆਂ ਨੂੰ ਲਿਆ ਹਿਰਾਸਤ 'ਚ
NEXT STORY