ਭਵਾਨੀਗੜ੍ਹ,(ਵਿਕਾਸ) : ਮੌਜੂਦਾ ਸਮੇਂ 'ਚ ਆਰਥਿਕ ਸੰਕਟ ਨਾਲ ਜੂਝ ਰਹੇ ਪਾਵਰਕਾਮ ਨੇ ਇਸ ਸਥਿਤੀ 'ਚੋਂ ਬਾਹਰ ਨਿਕਲਣ ਲਈ ਹੁਣ ਸਰਕਾਰੀ ਵਿਭਾਗਾਂ ਤੋਂ ਬਕਾਏ ਕਢਵਾਉਣ ਲਈ ਕਮਰ ਕੱਸ ਲਈ ਹੈ। ਜਿਸ ਤਹਿਤ ਪਾਵਰਕਾਮ ਨੇ ਉਨ੍ਹਾਂ ਡਿਫਾਲਟਰ ਵਿਭਾਗਾਂ ਦੀ ਸੂਚੀ ਤਿਆਰ ਕੀਤੀ ਹੈ। ਜਿਨ੍ਹਾਂ ਵੱਲ ਕਈ ਮਹੀਨਿਆਂ ਤੋਂ ਬਿਜਲੀ ਬਿੱਲਾਂ ਦੇ ਲੱਖਾ ਕਰੋੜਾਂ ਰੁਪਏ ਬਕਾਏ ਦੇ ਰੂਪ ਵਿੱਚ ਖੜੇ ਹਨ। ਜੇਕਰ ਗੱਲ ਸਬਡਿਵੀਜ਼ਨ ਭਵਾਨੀਗੜ ਦੀ ਕੀਤੀ ਜਾਵੇ ਤਾਂ ਪਾਵਰਕਾਮ ਦਾ ਵੱਖ-ਵੱਖ ਵਿਭਾਗਾਂ ਵੱਲ ਕਰੋੜਾਂ ਰੁਪਏ ਬਕਾਇਆ ਖੜਾ ਹੈ। ਹੁਣ ਪਾਵਰਕਾਮ ਇਨ੍ਹਾਂ ਡਿਫਾਲਟਰ ਵਿਭਾਗਾਂ ਦੇ ਦਫਤਰਾਂ ਦੇ ਬਿਜਲੀ ਕੂਨੈਕਸ਼ਨ ਕੱਟਣ ਦੀ ਤਿਆਰੀ ਵਿੱਚ ਹੈ। ਕਿਉਂਕਿ ਨੋਟਿਸ ਤੋਂ ਬਾਅਦ ਵੀ ਵਿਭਾਗਾਂ ਨੇ ਬਿਜਲੀ ਦੇ ਬਿਲਾਂ ਦਾ ਭੁਗਤਾਨ ਨਹੀ ਕੀਤਾ। ਪਾਵਰਕਾਮ ਸਬਡਵੀਜਨ ਭਵਾਨੀਗੜ ਦੇ ਐਸ. ਡੀ. ਓ. ਹਰਬੰਤ ਸਿੰਘ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਨੂੰ ਬਿਲਾਂ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ, ਜੇਕਰ ਦਫਤਰਾਂ ਵੱਲੋਂ ਜਲਦ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਉਚ ਅਧਿਕਾਰੀਆਂ ਦੇ ਆਦੇਸ਼ਾਂ ਮੁਤਾਬਕ ਕੂਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਅਧਿਕਾਰੀਆਂ ਮੁਤਾਬਕ ਪਾਵਰਕਾਮ ਦਾ ਕਰੋੜਾਂ ਰੁਪਏ ਦਾ ਡਿਫਾਲਟਰ ਪਬਲਿਕ ਹੈਲਥ ਵਿਭਾਗ ਹੈ, ਜਦੋਂਕਿ ਭਵਾਨੀਗੜ ਨਗਰ ਕੌਂਸਲ ਦਫ਼ਤਰ ਵੱਲ ਵੀ 72 ਲੱਖ ਤੋਂ ਵੀ ਵੱਧ ਬਿਜਲੀ ਬਿਲਾਂ ਦਾ ਬਕਾਇਆ ਖੜਾ ਹੈ। ਜਿਸ ਦਾ ਭੁਗਤਾਨ ਨਹੀਂ ਕੀਤਾ ਗਿਆ।
ਪਾਵਰਕਾਮ ਨੂੰ ਵਨ ਟਾਇਮ ਸੈਟਲਮੈਂਟ ਕਰਨ ਲਈ ਕਿਹਾ ਗਿਆ ਹੈ : ਈ. ਓ
ਨਗਰ ਕੌਂਸਲ ਭਵਾਨੀਗੜ ਦੇ ਕਾਰਜ ਸਾਧਕ ਅਫ਼ਸਰ ਰਾਕੇਸ਼ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਕੋਲ ਬਿਜਲੀ ਬਿਲਾਂ ਦਾ ਭੁਗਤਾਨ ਕਰਨ ਲਈ ਕੋਈ ਫੰਡ ਨਹੀਂ ਲੇਕਿਨ ਮਹੀਨਾ ਪਹਿਲਾਂ ਪੰਜਾਬ ਸਰਕਾਰ ਦੀ ਆਈ 'ਵਨ ਟਾਇਮ ਸੈਟਲਮੈਂਟ ਸਕੀਮ' ਦੇ ਤਹਿਤ ਸਾਡੇ ਵੱਲੋਂ ਐਸ. ਡੀ.ਓ ਪਾਵਰਕਾਮ ਭਵਾਨੀਗੜ ਨੂੰ ਇਕ ਅਰਜੀ ਦੇ ਕੇ ਖੜੇ ਬਕਾਏ ਸਬੰਧੀ ਸੈਟਲਮੈਂਟ ਕਰਨ ਲਈ ਕਿਹਾ ਗਿਆ ਹੈ। ਪਾਵਰਕਾਮ ਸੈਟਲਮੈਂਟ ਕਰਦਾ ਹੈ ਤਾਂ ਬਿਲਾਂ ਦਾ ਭੁਗਤਾਨ ਕਰ ਦਿੱਤਾ ਜਾਵੇਗਾ।
ਵਿਜੀਲੈਂਸ ਵਲੋਂ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਗ੍ਰਿਫਤਾਰ
NEXT STORY