ਸੁਲਤਾਨਪੁਰ ਲੋਧੀ (ਧੀਰ)— ਸੂਬੇ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਜਨਰਲ ਨਾਲੇਜ ਨੂੰ ਵਧਾਉਣ ਦੇ ਮਕਸਦ ਨਾਲ ਸਿੱਖਿਆ ਵਿਭਾਗ ਪੰਜਾਬ ਨੇ ਹੁਣ ਉਡਾਨ ਪ੍ਰਾਜੈਕਟ ਨੂੰ ਪੰਜਾਬ ਦੇ ਸਾਰੀ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਸਬੰਧੀ ਜਾਰੀ ਕਰਦੇ ਹੁਕਮਾਂ 'ਚ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡਾਇਰੈਕਟਰ ਐੱਸ. ਸੀ. ਆਈ. ਆਰ. ਟੀ. ਪੰਜਾਬ ਵੱਲੋਂ ਉਡਾਨ ਨੂੰ ਸ਼ੁਰੂ ਕਰਨ ਸਬੰਧੀ ਪੰਜਾਬ ਦੇ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤੇ ਹਨ। ਵਿਦਿਆਰਥੀਆਂ ਦੇ ਆਮ ਗਿਆਨ 'ਚ ਵਾਧਾ ਕਰਨ ਦੇ ਮਕਸਦ ਨਾਲ ਉਡਾਨ ਪ੍ਰਾਜੈਕਟ ਸਰਕਾਰੀ ਸਕੂਲਾਂ 'ਚ ਪੜ੍ਹਦੇ 6ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਹੋਵੇਗਾ।
ਕੀ ਹੈ 'ਉਡਾਨ'
ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ ਇਸ ਪ੍ਰਾਜੈਕਟ ਨੂੰ ਵਿਦਿਆਰਥੀਆਂ ਦੇ ਤਿੰਨ ਗਰੁੱਪਾਂ 'ਚ ਵੰਡਿਆ ਗਿਆ। ਪਹਿਲੇ ਗਰੁੱਪ 'ਚ 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀ ਸ਼ਾਮਲ ਹੋਣਗੇ। ਰੋਜ਼ਾਨਾ ਵਿਦਿਆਰਥੀਆਂ ਨੂੰ ਗਰੁੱਪ ਅਨੁਸਾਰ 5-5 ਆਬਜ਼ੈਕਟਿਵ ਟਾਈਪ ਸਵਾਲ ਭੇਜੇ ਜਾਣਗੇ। 6ਵੀਂ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ 60 ਫੀਸਦੀ ਸਵਾਲ ਸਿਲੇਬਸ 'ਚੋਂ ਤੇ ਬਾਕੀ 40 ਫੀਸਦੀ ਸਵਾਲ ਆਮ ਗਿਆਨ ਅਤੇ ਕਰੰਟ ਅਫੇਰਅਸ 'ਚੋਂ ਹੋਣਗੇ। 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਸਾਰੇ ਸਵਾਲ ਆਮ ਗਿਆਨ ਤੇ ਕਰੰਟ ਅਫੇਅਰਸ 'ਚੋਂ ਹੀ ਹੋਣਗੇ। ਇਹ ਸਵਾਲ ਰੋਜ਼ਾਨਾ ਈ ਪੰਜਾਬ ਪੋਰਟਲ ਤੋਂ ਕਰਨੇ ਹੋਣਗੇ। ਸਕੂਲ ਇਹ ਸਵਾਲ ਈ ਪੰਜਾਬ ਪੋਰਟਲ 'ਚੋਂ ਲਾਗ ਆਨ ਕਰਕੇ ਡੈਸ਼ ਬੋਰਡ 'ਤੇ ਲਿੰਕ 'ਉਡਾਨ' 'ਚ ਡਾਊਨਲੋਡ ਕਰ ਸਕਣਗੇ। ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਦਿਨ ਭੇਜੇ ਜਾਣਗੇ। ਇਸ ਪ੍ਰੋਗਰਾਮ ਦਾ ਇੰਚਾਰਜ ਰੋਜ਼ਾਨਾ 'ਉਡਾਨ' ਪ੍ਰਸ਼ਨ-ਪੱਤਰ ਦੀ ਸ਼ੀਟ ਸਕੂਲ ਦੇ ਨੋਟਿਸ ਬੋਰਡ 'ਤੇ ਲਗਾਵੇਗਾ।
ਕਿਸੇ ਨੇ ਵੀ ਗੰਭੀਰਤਾ ਨਾਲ ਨਹੀਂ ਲਿਆ ਪ੍ਰਾਜੈਕਟ
ਅਗਸਤ 2012 'ਚ ਸਿੱਖਿਆ ਵਿਭਾਗ ਦੇ ਸਕੱਤਰ ਵਜੋਂ ਕ੍ਰਿਸ਼ਨ ਕੁਮਾਰ ਨੇ ਹੀ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਪਹਿਲਾਂ-ਪਹਿਲਾਂ ਉਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਸੰਗਰੂਰ ਜ਼ਿਲੇ ਦੇ ਬੇਨੜਾ ਸਰਕਾਰੀ ਸਕੂਲ ਤੋਂ ਸ਼ੁਰੂ ਕੀਤਾ ਸੀ, ਜਿਸ ਦੇ ਤਹਿਤ ਦਸੰਬਰ ਮਹੀਨੇ ਤੱਕ ਜ਼ਿਲੇ ਦੇ 40 ਸਰਕਾਰੀ ਸਕੂਲਾਂ ਦੇ 5 ਹਜ਼ਾਰ ਵਿਦਿਆਰਥੀ ਇਸ ਪ੍ਰਾਜੈਕਟ ਦੇ ਨਾਲ ਜੁੜ ਗਏ ਸਨ ਪਰ 2013 'ਚ ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਸਿੱਖਿਆ ਸਕੱਤਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਡਾਇਰੈਕਟਰ ਜਨਰਲ ਕਾਹਨ ਸਿੰਘ ਪੰਨੂੰ ਨੇ ਬੇਨੜਾ ਸਕੂਲ ਦਾ ਦੌਰਾ ਕਰਕੇ ਇਸ ਪ੍ਰਾਜੈਕਟ ਨੂੰ ਪੰਜਾਬ ਦੇ ਸਾਰੇ ਸਕੂਲਾਂ 'ਚ 2013-14 'ਚ ਸ਼ੁਰੂ ਕਰਨ ਦਾ ਹੁਕਮ ਦਿੱਤਾ ਸੀ ਪਰ ਉਨ੍ਹਾਂ ਦੀ ਵੀ ਬਦਲੀ ਤੋਂ ਬਾਅਦ ਇਸ ਨੂੰ ਕਿਸੇ ਨੇ ਵੀ ਗੰਭੀਰਤਾ ਨਾਲ ਨਹੀਂ ਲਿਆ ਅਤੇ ਇਹ ਪ੍ਰਾਜੈਕਟ ਸਿਰਫ ਪ੍ਰਾਜੈਕਟ ਬਣ ਕੇ ਰਹਿ ਗਿਆ, ਜਿਸ ਨੂੰ ਦੁਬਾਰਾ ਹੁਣ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕੀ ਕਹਿੰਦੇ ਹਨ ਡਿਪਟੀ ਡੀ. ਈ. ਓ. ਸਾਹਿਬ
ਇਸ ਸਬੰਧੀ ਗੱਲਬਾਤ ਕਰਦੇ ਹੋਏ ਉਪ ਜ਼ਿਲਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੇ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਦਾ ਇਹ ਸਿੱਖਿਆ ਦੇ ਮਿਆਰ ਨੂੰ ਸਰਕਾਰੀ ਸਕੂਲਾਂ 'ਚ ਉੱਚਾ ਚੁੱਕਣ ਵਾਸਤੇ ਇਕ ਕ੍ਰਾਂਤੀਕਾਰੀ ਪ੍ਰਾਜੈਕਟ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਰਾਜ ਪੱਧਰੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ 'ਚ ਸਫਲਤਾ ਪ੍ਰਾਪਤ ਕਰ ਸਕਣਗੇ। ਥਿੰਦ ਨੇ ਕਿਹਾ ਕਿ ਗਿਆਨ ਦਾ ਸਮੁੰਦਰ, ਹੁਣ ਸਰਕਾਰੀ ਸਕੂਲਾਂ 'ਚ ਵੀ ਵਹੇਗਾ ਅਤੇ ਇਹ ਗਿਆਨ ਸੂਬੇ ਦੀ ਖੁਸ਼ਹਾਲੀ ਦਾ ਪ੍ਰਤੀਕ ਹੋਵੇਗਾ।
ਮੋਦੀ ਤੇ ਬਾਦਲ ਪੰਜਾਬ ਦੇ ਦੁਸ਼ਮਣ ਨੰਬਰ ਵਨ : ਭੱਠਲ
NEXT STORY