ਪਟਿਆਲਾ (ਇੰਦਰਜੀਤ ਬਕਸ਼ੀ) — ਚੰਡੀਗੜ ਤੋਂ ਬਠਿੰਡਾ ਨੂੰ ਜਾਣ ਲਈ ਬਣਾਇਆ ਜਾਣ ਵਾਲੇ ਨੈਸ਼ਨਲ ਹਾਈਵੇਅ ਦਾ ਕੰਮ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਕਹਿਣ 'ਤੇ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਬਹਾਦਰਗੜ੍ਹ ਸਾਹਿਬ ਦੇ ਕੋਲ ਰੋਕ ਦਿੱਤਾ ਗਿਆ ਹੈ। ਇਹ ਕਹਿਣਾ ਹੈ ਕਿ ਹਲਕਾ ਸਨੌਰ ਦੇ ਐੱਮ. ਐੱਲ. ਏ. ਹਲਕਾ ਸਨੌਰ ਦੇ ਐੱਮ. ਐੱਲ. ਏ. ਹਰਿੰਦਰਪਾਲ ਸਿੰਘ ਚੰਦੂਮਾਜਰਾ ਦਾ, ਕਿਉਂਕਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਕੋਈ ਰਸਤਾ ਨਾ ਛੱਡਣ ਨੂੰ ਲੈ ਕੇ ਸਿੱਖ ਸੰਗਤ ਵਿਚ ਕਾਫੀ ਰੋਸ ਸੀ, ਜਿਸ ਨੂੰ ਲੈ ਕੇ ਐੱਸ. ਜੀ. ਪੀ. ਸੀ. ਤੇ ਅਕਾਲੀ ਦਲ ਵਲੋਂ ਇਹ ਮਾਮਲਾ ਕੇਂਦਰੀ ਮੰਤਰੀ ਕੋਲ ਉਠਾਇਆ ਗਿਆ, ਜਿਸ ਤੋਂ ਬਾਅਦ 13 ਤਰੀਕ ਨੂੰ ਸੜਕ ਨਿਰਮਾਣ ਕਾਰਜ ਰੋਕ ਦਿੱਤਾ ਗਿਆ।
ਇਸ ਸੰਬੰਧੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਯਾਦ ਵਿਚ ਇਥੇ ਇਤਿਹਾਸਕ ਗੁਰਦੁਆਰਾ ਸਾਹਿਬ ਹੈ, ਜਿਥੇ ਗੁਰੂ ਜੀ ਨੇ ਕਾਫੀ ਲੰਮਾ ਸਮਾਂ ਇਥੇ ਗੁਜ਼ਾਰਿਆ ਤੇ ਇਸ ਸਥਾਨ ਨਾਲ ਸਿੱਖਾਂ ਦੀ ਕਾਫੀ ਆਸਥਾ ਵੀ ਜੁੜੀ ਹੋਈ ਹੈ ਪਰ ਪਿਛਲੇ ਕੁਝ ਸਮੇਂ ਤੋਂ ਕੇਂਦਰੀ ਨੈਸ਼ਨਲ ਹਾਈਵੇਅ ਦਾ ਨਿਰਮਾਣ ਚੰਡੀਗੜ੍ਹ ਬਠਿੰਡਾ ਰੋਡ 'ਤੇ ਕੀਤਾ ਜਾ ਰਿਹਾ ਹੈ ਤੇ ਇਸ ਸਥਾਨ 'ਤੇ ਕ੍ਰਾਸਿੰਗ ਨੂੰ ਲੈ ਕੇ ਕੋਈ ਰਸਤਾ ਨਾ ਹੋਣ ਕਾਰਨ ਸੰਗਤਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਇਹ ਮਾਮਲਾ ਕੇਂਦਰੀ ਮੰਤਰੀ ਦੇ ਸਾਹਮਣੇ ਰੱਖਿਆ ਤੇ ਗਡਕਰੀ ਨੇ 13 ਤਰੀਕ ਤਕ ਇਹ ਕੰਮ ਰੋਕ ਦਿੱਤਾ ਹੈ। 13 ਨੂੰ ਉਹ ਗਡਕਰੀ ਨਾਲ ਮੀਟਿੰਗ ਵਿਚ ਇਸ ਮਾਮਲੇ ਸੰਬੰਧੀ ਫੈਸਲਾ ਕਰਨਗੇ।
ਉਥੇ ਹੀ ਇਸ ਮਾਮਲੇ ਸੰਬੰਧੀ ਐੱਸ. ਜੀ.ਪੀ. ਸੀ. ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਉਨ੍ਹਾਂ ਨੇ ਦੋ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨੂੰ ਇਸ ਸੰਬੰਧੀ ਪੱਤਰ ਲਿਖ ਕੇ ਨੈਸ਼ਨਲ ਹਾਈਵੇਅ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਸੀ ਤੇ ਚੰਦੂਮਾਜਰਾ ਸਾਹਿਬ ਦੀ ਡਿਊਟੀ ਲਗਾਈ ਸੀ ਕਿ ਉਹ ਆਪਣੇ ਪੱਧਰ 'ਤੇ ਕੇਂਦਰੀ ਮੰਤਰੀ ਨਾਲ ਗੱਲਬਾਤ ਕਰਨ। ਉਨ੍ਹਾਂ ਕਿਹਾ ਕਿ 13 ਤਰੀਕ ਨੂੰ ਅਕਾਲੀ ਦਲ ਅਤੇ ਐੱਸ. ਜੀ. ਪੀ. ਸੀ. ਦਾ ਇਕ ਸਾਂਝਾ ਵਫਦ ਗਡਕਰੀ ਨੂੰ ਮਿਲੇਗਾ ਤੇ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਏਗਾ। ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਇਸ ਮਾਮਲੇ ਦੇ ਹੱਲ ਲਈ ਕੋਈ ਨਾ ਕੋਈ ਕਦਮ ਚੁੱਕੇਗੀ।
ਉਥੇ ਹੀ ਰੋਜ਼ਾਨਾ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਆਉਣ ਵਾਲੀ ਸੰਗਤ ਸਰਕਾਰ ਵਲੋਂ ਬਣਾਏ ਜਾ ਰਹੇ ਰਸਤੇ ਨੂੰ ਲੈ ਕੇ ਕਾਫੀ ਪਰੇਸ਼ਾਨ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਵਿਚੋਂ ਨਿਕਲਣ ਤੇ ਜਾਣ ਲਈ ਉਨ੍ਹਾਂ ਨੂੰ ਕਾਫੀ ਲੰਮਾ ਰਾਹ ਤੈਅ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਇਤਿਹਾਸਕ ਗੁਰਦੁਆਰਾ ਸਾਹਿਬ ਹੈ, ਜਿਥੇ ਗੁਰੂਆਂ ਦੀ ਯਾਦ 'ਚ ਮੇਲੇ ਲਗਦੇ ਰਹਿੰਦੇ ਹਨ ਪਰ ਨੈਸ਼ਨਲ ਹਾਈਵੇਅ ਦੇ ਬਨਾਉਣ 'ਤੇ ਕੋਈ ਰਸਤਾ ਨਾ ਛੱਡਣ ਨੂੰ ਲੈ ਕੇ ਹੁਣ ਸੰਗਤ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਸਰਕਾਰ ਤੋਂ ਇਸ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ।
ਪਾਕਿ ਨੇ ਰਿਹਾਅ ਕੀਤੇ 78 ਭਾਰਤੀ ਮਛੇਰੇ, ਅਜੇ ਵੀ ਪਾਕਿਸਤਾਨ ਦੀਆਂ ਜੇਲਾਂ ਵਿਚ ਕੈਦ ਹਨ 298 (ਵੀਡੀਓ)
NEXT STORY