ਫਾਜ਼ਿਲਕਾ (ਸੁਖਵਿੰਦਰ ਥਿੰਦ ਆਲਮਸ਼ਾਹ)-ਬੇਸ਼ੱਕ ਅੱਜ ਭਾਵੇਂ ਅਸੀਂ ਇੱਕੀਵੀਂ ਸਦੀ ’ਚ ਪੈਰ ਧਰ ਲਿਆ ਹੈ। ਮਸ਼ੀਨੀ ਯੁੱਗ ’ਚ ਆ ਗਏ ਹਾਂ ਤੇ ਬਹੁਤ ਤਰੱਕੀ ਦੀਆਂ ਪੌੜੀਆਂ ਚੜ੍ਹ ਗਏ ਹਾਂ ਪਰ ਪੁਰਾਣੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਉਹ ਵੀ ਸਮਾਂ ਸੀ ਜਦੋਂ ਤ੍ਰਿੰਝਣਾਂ ’ਚ ਹੀ ਨਹੀਂ ਬਲਕਿ ਘਰਾਂ ਦੇ ਵੱਡੇ ਦਰਵਾਜ਼ਿਆਂ ਵਿਚ ਬੈਠ ਕੇ ਮੁਟਿਆਰਾਂ ਚਰਖੇ ਕੱਤਦੀਆਂ, ਕਸੀਦੇ, ਦਰੀਆਂ, ਖੇਸ ਤੇ ਨਾਲੇ ਬੁਣਦੀਆਂ ਸਨ। ਇਹ ਸਾਰੇ ਕੰਮ ਸਾਡੀ ਵਿਰਾਸਤ ਦੇ ਪ੍ਰਤੀਕ ਹਨ। ਇਸੇ ਤਰ੍ਹਾਂ ਚਰਖੇ ਦਾ ਤੰਦ ਸਾਡੇ ਸਮਾਜ ਨੂੰ ਜੋੜ ਕੇ ਰੱਖਣ ਦਾ ਮੂਲ ਸਰੋਤ ਰਿਹਾ ਹੈ। ਇਸ ਦੁਨੀਆ ਨੂੰ ਸੋਹਣਾ ਬਣਾਉਣ ਲਈ ਚਰਖੇ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਅੱਜ ਦੇ ਸਮੇਂ ’ਚ ਪੁਰਾਣੇ ਸਮੇਂ ਦੇ ਚਰਖੇ, ਪਾਕਿਸਤਾਨੀ ਮੰਜੇ, ਸੰਦੂਕ ਟਾਵੇਂ ਟਾਵੇਂ ਵੇਖਣ ਨੂੰ ਮਿਲਦੇ ਹਨ ਪਰ ਜੇਕਰ ਫਾਜ਼ਿਲਕਾ ਦੇ ਸਰਹੱਦ ’ਤੇ ਵਸੇ ਪਿੰਡ ਸਲੇਮਸ਼ਾਹ ਦੀ ਗੱਲ ਕਰੀਏ ਤਾਂ ਇਥੇ ਅਜੇ ਵੀ ਕਈ ਘਰਾਂ ’ਚ ਪੁਰਾਣਾ ਸੱਭਿਆਚਾਰ ਅਤੇ ਵਿਰਾਸਤ ਸਾਂਭੀ ਹੋਈ ਮਿਲਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਿੱਤੀ ਪ੍ਰਬੰਧ ਨੂੰ ਲੈ ਕੇ ਨਵਜੋਤ ਸਿੱਧੂ ਦੇ ਕੈਪਟਨ-ਬਾਦਲ ’ਤੇ ਵੱਡੇ ਨਿਸ਼ਾਨੇ
ਇਸੇ ਪਿੰਡ ਦੇ ਹਰਪਾਲ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਪਰਮਜੀਤ ਕੌਰ ਨੇ ਪੁਰਾਣੇ ਸਮੇਂ ਦਾ ਚਰਖਾ, ਪਾਕਿਸਤਾਨੀ ਮੰਜਾ ਅਤੇ ਸੰਦੂਕ ਸਾਂਭ ਕੇ ਰੱਖਿਆ ਹੋਇਆ ਹੈ। ਪਰਮਜੀਤ ਕੌਰ ਨੇ ਦੱਸਿਆ ਕਿ ਇਹ ਉਸ ਦੀ ਸੱਸ ਦਾ ਚਰਖਾ ਸੀ ਅਤੇ ਉਸ ਤੋਂ ੳਨ੍ਹਾਂ ਨੇ ਇਸ ਚਰਖੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਅਤੇ 45 ਸਾਲ ਤੋਂ ਵੱਧ ਪੁਰਾਣਾ ਚਰਖਾ ਹੈ। ਇਸ ਚਰਖੇ ਰਾਹੀਂ ਹੀ ਉਸ ਨੇ ਆਪਣੀਆਂ 5 ਧੀਆਂ ਦਾ ਦਾਜ ਇਸ ਤਿਆਰ ਕੀਤਾ ਹੈ। ਇਸ ਚਰਖੇ ’ਚ ਤਕਲੇ, ਮੇਖਾਂ, ਚਰਮਖਾ, ਗੁੱੜਿਆਂ, ਤੰਦ, ਹੱਥੀ, ਬਾੜ ਆਦਿ ਦਾ ਅਹਿਮ ਰੋਲ ਹੈ। ਇਸ ਚਰਖੇ ਨੂੰ ੳਨ੍ਹਾਂ ਨੇ ਫੁੱਲ, ਮੇਖਾਂ, ਰੰਗ ਕਰਵਾ ਕੇ ਇਕ ਅਨੋਖੇ ਢੰਗ ਨਾਲ ਤਿਆਰ ਕੀਤਾ ਹੈ।
ਆਪਣੇ ਪੁਰਖਾਂ ਦਾ 70 ਕਿੱਲੋ ਦਾ ਮੰਜਾ ਅੱਜ ਵੀ ਰੱਖਿਆ ਹੈ ਸੰਭਾਲ ਕੇ
ਹਰਪਾਲ ਸਿੰਘ ਨੇ ਦੱਸਿਆ ਕਿ ਚਰਖੇ ਦੇ ਨਾਲ ਉਨ੍ਹਾਂ ਦੇ ਬਜ਼ੁਰਗਾਂ ਦਾ ਤਿਆਰ ਕੀਤਾ ਹੋਇਆ ਪਾਕਿਸਤਾਨੀ ਮੰਜਾ ਵੀ ਹੈ, ਜਿਸ ਦਾ ਵਜ਼ਨ 70 ਕਿੱਲੋ ਤੋਂ ਵੱਧ ਹੈ। ਇਸ ਨੂੰ ਉਹ ਪਾਕਿਸਤਾਨ ਤੋਂ ਲੈ ਕੇ ਆਏ ਸਨ ਅਤੇ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੈ। ਅੱਜ ਵੀ ਉਹ ਉਸ ਮੰਜੇ ਦੀ ਵਰਤੋਂ ਕਰਦੇ ਹਨ। ਹਰਪਾਲ ਸਿੰਘ ਨੇ ਉਨ੍ਹਾਂ ਦੇ ਬਜ਼ੁਰਗਾਂ ਦੀਆਂ ਬਣਾਈਆਂ ਹੋਈਆਂ ਵਸਤਾਂ ਨੂੰ ਪੂਰਾ ਸ਼ਿੰਗਾਰ ਕੇ ਰੱਖਿਆ ਹੈ ਅਤੇ ਦੂਰ-ਦੁਰਾਡੇ ਦੇ ਲੋਕ ਉਨ੍ਹਾਂ ਦੀਆਂ ਵਿਰਾਸਤੀ ਚੀਜ਼ਾਂ ਵੇਖਣ ਆਉਂਦੇ ਹਨ।
ਇਹ ਵੀ ਪੜ੍ਹੋ : ਭਾਜਪਾ ਆਗੂਆਂ ਦਾ ਵੱਡਾ ਦੋਸ਼, ਕਿਹਾ-ਖੁਰਾਕ ਤੇ ਸਿਵਲ ਸਪਲਾਈ ਮੰਤਰੀ ਦੀ ਛਤਰ-ਛਾਇਆ ’ਚ ਹੋਇਆ 2000 ਕਰੋੜ ਦਾ ਘਪਲਾ
ਨਾਨਕਿਆਂ ਵੱਲੋਂ ਦਿੱਤੇ ਸੰਦੂਕ ਨੂੰ ਕਰਦਾ ਹਾਂ ਪਿਆਰ
ਬੇਬੇ ਦੇ ਸੰਦੂਕ ’ਤੇ ਬੜੇ ਚਾਵਾਂ ਨਾਲ ਮੀਨਾਕਾਰੀ ਕੀਤੀ ਹੋਈ ਹੈ ਅਤੇ ਜਦੋਂ ਵੀ ਕੋਈ ਇਸ ਨੂੰ ਵੇਖਦਾ ਹੈ ਤਾਂ ਉਸ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਹਨ। ਬੇਬੇ ਨੇ ‘ਜਗ ਬਾਣੀ’ ਦੇ ਪੱਤਰਕਾਰ ਨੂੰ ਦੱਸਿਆ ਕਿ ਇਸ ਉਪਰ ਕੋਕੇ, ਸੁੰਦਰ ਫੁਲਕਾਰੀ ਕੀਤੀ ਹੋਈ ਹੈ। ਇਸ ਸੰਦੂਕ ਨੂੰ ਵੇਖ ਕੇ ਵੇਖਣ ਵਾਲਾ ਕਾਰੀਗਰ ਵੀ ਸਿਫ਼ਤਾਂ ਕਰਦਾ ਨਹੀਂ ਥੱਕਦਾ। ਬਾਪੂ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਸੰਦੂਕ ਉਨ੍ਹਾਂ ਦੇ ਨਾਨਕਿਆਂ ਨੇ ਅੱਗੇ ਉਨ੍ਹਾਂ ਨੂੰ ਦਿੱਤਾ ਸੀ, ਇਹ ਟਹਾਲੀ ਦੀ ਲੱਕੜ ਦਾ ਬਣਿਆ ਹੋਇਆ ਹੈ। ਇਹ ਸੰਦੂਕ ਸੰਨ 1945 ਦਾ ਬਣਿਆ ਹੋਇਆ ਹੈ। ਇਸ ਸੰਦੂਕ ਨੂੰ ਸ਼ੇਰ ਸਿੰਘ ਕਾਰੀਗਰ ਨੇ ਬਣਾਇਆ ਸੀ। ਬੇਬੇ ਨੇ ਦੱਸਿਆ ਕਿ ਇਸ ਸੰਦੂਕ ’ਚ ਉਨ੍ਹਾਂ ਨੇ ਆਪਣੇ ਚਰਖੇ ਤੋਂ ਤਿਆਰ ਕੀਤੀਆਂ ਹੋਇਆ ਦਰੀਆਂ, ਖੇਸ, ਰਜਾਈਆਂ ਆਦਿ ਰੱਖੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਅੱਜ ਦੀ ਪੀੜ੍ਹੀ ਨੂੰ ਪੁਰਾਣੇ ਜ਼ਮਾਨੇ ਦਾ ਸਾਮਾਨ ਵਿਖਾਉਂਦੇ ਹਾਂ ਤਾਂ ਉਹ ਵੇਖ ਦੇ ਹੈਰਾਨ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕ ਉਨ੍ਹਾਂ ਕੋਲ ਪੁਰਾਣੇ ਜ਼ਮਾਨੇ ਦਾ ਸਾਮਾਨ ਵੇਖਣ ਲਈ ਆਉਂਦੇ ਹਨ ।
ਸੁਖਬੀਰ ਬਾਦਲ ਦੀ ਕਾਂਗਰਸ ਨੂੰ ਚੁਣੌਤੀ, ਕਿਹਾ-CM ਅਹੁਦੇ ਦੇ ਉਮੀਦਵਾਰ ਦਾ ਐਲਾਨੇ ਨਾਂ
NEXT STORY