ਬੁਢਲਾਡਾ (ਬਾਂਸਲ) : ਨੰਨ੍ਹੀ ਛਾਂ ਦੀ ਅਗਵਾਈ ਹੇਠ ਕੁੱਖ ਤੇ ਰੁੱਖ ਦੀ ਰਾਖੀ ਲਈ ਔਰਤਾਂ ਨੂੰ ਆਪਣਾ ਰੁਤਬਾ ਬਣਾਉਣ ਲਈ ਮਰਦਾਂ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਕੁੱਖ 'ਚ ਪਲ ਰਹੀਆਂ ਧੀਆਂ ਪ੍ਰਮਾਤਮਾ ਦੀ ਦੇਣ ਹੈ, ਇਸ ਲਈ ਧੀਆਂ ਨੂੰ ਬਚਾਓ। ਇਹ ਸ਼ਬਦ ਅੱਜ ਇੱਥੇ ਨੰਨ੍ਹੀ ਛਾਂ ਸਿਲਾਈ ਸੈਂਟਰਾਂ ਅਧੀਨ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਾਲੀਆਂ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡ ਸਮਾਗਮ 'ਚ ਬੋਲਦਿਆਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਦਾਜ ਸਾਡੇ ਸਮਾਜ ਲਈ ਇਕ ਲਾਹਨਤ ਹੈ, ਜੇਕਰ ਅਸੀਂ ਇਹ ਪ੍ਰਣ ਕਰੀਏ ਕਿ ਦਾਜ ਲੈਣਾ ਹੈ ਤਾਂ ਵਾਹਿਗੁਰੂ ਦੇ ਸਿਮਰਨ ਦਾ ਦਾਜ ਲਈਏ। ਉਨ੍ਹਾਂ ਦਾਜ ਪ੍ਰਥਾ ਨੂੰ ਰੋਕਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਬੁਢਲਾਡਾ ਬਲਾਕ ਦੀਆਂ 319 ਔਰਤਾਂ ਅਤੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਅਤੇ ਇਸ ਮੌਕੇ ਹਰੇਕ ਨੂੰ ਇਕ-ਇਕ ਪੌਦਾ ਵੀ ਦਿੱਤਾ ਗਿਆ। ਜਾਣਕਾਰੀ ਮੁਤਾਬਕ 165 ਸਿਲਾਈ ਮਸ਼ੀਨਾ ਗਾਮੀਵਾਲਾ ਵਿਖੇ ਅਤੇ 154 ਬੁਢਲਾਡਾ ਵਿਖੇ ਵੰਡੀਆਂ ਗਈਆਂ ਹਨ। ਇਸ ਮੌਕੇ ਬੀਬੀ ਬਾਦਲ ਵਲੋਂ ਸਿਲਾਈ ਮਸ਼ੀਨਾਂ ਦੇ ਨਾਲ ਚੋਕਲੇਟਾਂ ਵੀ ਵੰਡੀਆਂ ਗਈਆਂ।ਉਨ੍ਹਾਂ ਕੇਂਦਰ ਦੀਆਂ ਭਲਾਈ ਸਕੀਮਾਂ ਨੂੰ ਵੀ ਅਪਣਾਉਣ ਤੇ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਨੰਨ੍ਹੀ ਛਾਂ ਸੈਂਟਰ ਅਧੀਨ ਕੰਪਿਊਟਰ ਸਿੱਖਿਆ ਮੁਫਤ ਦੇਣ ਦਾ ਐਲਾਨ ਕੀਤਾ। ਉਨ੍ਹਾਂ ਲੋਕਾਂ ਨੂੰ ਮਨੁੱਖਤਾ ਦੀ ਸੇਵਾ ਨੂੰ ਪਰਮ ਧਰਮ ਮੰਨਦਿਆਂ ਲੋੜਵੰਦਾਂ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਹਰ ਨੰਨ੍ਹੀ ਛਾਂ ਸੈਂਟਰ ਤੋਂ ਗੁਰੂਧਾਮਾਂ ਦੇ ਦਰਸ਼ਨਾਂ ਲਈ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ, ਜਿਸ ਦੀ ਸ਼ੁਰੂਆਤ ਅੱਜ ਮਾਨਸਾ ਦੇ ਪਿੰਡਾਂ ਤੋਂ ਕੀਤੀ ਗਈ। ਇਸ ਮੌਕੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਡਾ. ਨਿਸ਼ਾਨ ਸਿੰਘ, ਬੱਲਮ ਸਿੰਘ ਆਦਿ ਹਾਜ਼ਰ ਸਨ।
ਦਸਵੀਂ ਦੇ ਵਿਦਿਆਰਥੀ ਨੇ ਖਾਦਾ ਜ਼ਹਿਰ, ਹਾਲਤ ਨਾਜ਼ੁਕ
NEXT STORY