ਹੁਸ਼ਿਆਰਪੁਰ (ਘੁੰਮਣ)-ਜਗਤ ਗੁਰੂ ਸ੍ਰੀ ਰਵਿਦਾਸ ਮਹਾਰਾਜ ਜੀ ਦੇ 642ਵੇਂ ਆਗਮਨ ਪੁਰਬ ਦੇ ਪਾਵਨ ਮੌਕੇ ’ਤੇ ਸੰਗਤਾਂ ਦੁਆਰਾ ਗੁਰਦੁਆਰਿਆਂ ਵਿਚ ਸਮਾਗਮਾਂ, ਪ੍ਰਭਾਤ ਫੇਰੀਆਂ ਅਤੇ ਨਗਰ ਕੀਰਤਨ ਸਜਾ ਕੇ ਇਸ ਪਵਿੱਤਰ ਦਿਹਾਡ਼ੇ ਨੂੰ ਮਨਾਇਆ ਗਿਆ। ਦੋਆਬਾ ਤੋਂ ਕਾਂਗਰਸ ਦੇ ਉੱਘੇ ਦਲਿਤ ਨੇਤਾ ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਤੇ ਚੇਅਰਮੈਨ ਐੱਸ.ਸੀ. ਡਿਪਾਰਟਮੈਂਟ ਪੰਜਾਬ ਕਾਂਗਰਸ ਨੇ ਆਪਣੇ ਹਲਕੇ ਚੱਬੇਵਾਲ ਅਤੇ ਸ਼ਹਿਰ ਹੁਸ਼ਿਆਰਪੁਰ ਦੇ ਵੱਖ-ਵੱਖ ਸਮਾਗਮਾਂ ਅਤੇ ਸ੍ਰੀ ਖੁਰਾਲਗਡ਼੍ਹ ਸਾਹਿਬ ਦੇ ਰਾਜ ਪੱਧਰੀ ਸਮਾਗਮ ਵਿਚ ਹਾਜ਼ਰੀ ਭਰੀ ਅਤੇ ਸ਼ਰਧਾਲੂਆਂ ਨਾਲ ਗੁਰੂ ਘਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਡਾ. ਰਾਜ ਕੁਮਾਰ ਨੇ ‘ਦਲਿਤਾਂ ਦਾ ਮੱਕਾ’ ਕਹੇ ਜਾਣ ਵਾਲੇ ਡੇਰਾ ਸੱਚਖੰਡ ਬੱਲਾਂ ਵਿਖੇ ਮਹਾਰਾਜ ਸੰਤ ਨਿਰੰਜਨ ਦਾਸ ਜੀ ਦੀ ਚਰਨਛੋਹ ਪ੍ਰਾਪਤ ਕਰ ਕੇ ਉਨ੍ਹਾਂ ਦੇ ਆਸ਼ੀਰਵਾਦ ਲਏ। ਡੇਰਾ ਬੱਲਾਂ ਵਿਖੇ ਸ਼ਰਧਾਲੂਆਂ ਦੇ ਠਾਠਾਂ ਮਾਰਦੇ ਸਮੁੰਦਰ ਨੂੰ ਸੰਬੋਧਨ ਕਰਦੇ ਹੋਏ ਡਾ. ਰਾਜ ਨੇ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਪਵਿੱਤਰ ਬਾਣੀ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਭਗਤ ਰਵਿਦਾਸ ਜੀ ਦੇ 40 ਸ਼ਬਦ, 14 ਰਾਗਾਂ ਵਿਚ ਗੁਰਬਾਣੀ ਵਿਚ ਦਰਜ ਹਨ, ਜੋ ਕਿ ਸਾਨੂੰ ਇਕ ਉੱਤਮ ਜੀਵਨ ਜੀਉਣ ਦੀ ਰਾਹ ਵਿਖਾਉਂਦੇ ਹਨ। ਡਾ. ਰਾਜ ਨੇ ਸੰਗਤਾਂ ਨੂੰ ਦੱਸਿਆ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਗਰੀਬਾਂ, ਦਲਿਤਾਂ ਅਤੇ ਪੱਛਡ਼ਿਆਂ ਵਰਗਾਂ ਦੇੇ ਸੁਧਾਰ ਲਈ ਕਈ ਉਪਰਾਲੇ ਕਰ ਰਹੀ ਹੈ। ਇਸ ਵਿਚ ਉਨ੍ਹਾਂ ਨੇ ਸਮਾਰਟ ਕਾਰਡ ਸਕੀਮ, 5-5 ਮਰਲੇ ਪਲਾਟ ਦੇਣਾ, ਕਰਜ਼ਾ ਮੁਆਫੀ ਦੇ ਨਾਲ-ਨਾਲ ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੱਤੀ। ਜਿਸ ਤਹਿਤ 42 ਲੱਖ ਲੋਡ਼ਵੰਦ ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ, ਜਦਕਿ ਕੇਂਦਰ ਸਰਕਾਰ ਦੁਆਰਾ ਚਲਾਈ ਗਈ ਬੀਮਾ ਯੋਜਨਾ ਵਿਚ ਕੇਵਲ 14.96 ਲੱਖ ਪਰਿਵਾਰ ਹੀ ਲਾਭਪਾਤਰੀ ਸਨ। ਡਾ. ਰਾਜ ਕੁਮਾਰ ਨੇ ਕਿਹਾ ਕਿ ਕਾਂਗਰਸ ਦੀ ਸ਼ੁਰੂ ਤੋਂ ਹੀ ਗਰੀਬ ਅਤੇ ਦਲਿਤ ਪੱਖੀ ਸੋਚ ਰਹੀ ਹੈ। ਇਸ ਦੇ ਨਾਲ ਹੀ ਡਾ. ਰਾਜ ਨੇ ਸੰਤ ਨਿਰੰਜਨ ਦਾਸ ਜੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਆਸ਼ੀਰਵਾਦ ਦੇ ਨਾਲ-ਨਾਲ ਸਮੂਹ ਸੰਗਤਾਂ ਨੂੰ ਸੰਬੋਧਨ ਕਰ ਕੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਬਖਸ਼ਿਆ।
ਹਰਪ੍ਰੀਤ ਸਿੰਘ ਸੂਦਨ ਨੇ ਏ. ਡੀ. ਸੀ. ਦਾ ਅਹੁਦਾ ਸੰਭਾਲਿਆ
NEXT STORY