ਬੁਢਲਾਡਾ (ਬਾਂਸਲ)-ਕਿਸਾਨ ਦੀ ਕਰਜ਼ਾ ਕੁਰਕੀ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ ਐੱਸ. ਡੀ. ਐੱਮ. ਦਫਤਰ ਦੇ ਬਾਹਰ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਕਰਜ਼ਾ ਕੁਰਕੀ ਖਤਮ ਕਰਨ ਦੇ ਐਲਾਨ ਤੋਂ ਬਾਅਦ ਵੀ ਕਿਸਾਨ ਦੀ ਜ਼ਮੀਨ ਕਰਜ਼ੇ ਦੀ ਵਸੂਲੀ ਲਈ ਕੁਰਕ ਕੀਤੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਸ ਦਾ ਡਟ ਕੇ ਵਿਰੋਧ ਕਰੇਗੀ। ਉਨ੍ਹਾਂ ਅੱਜ ਦੱਸਿਆ ਕਿ ਪਿੰਡ ਟਾਹਲੀਆਂ ਦੇ ਕਿਸਾਨ ਜਗਸੀਰ ਸਿੰਘ ਦੀ 10 ਕਨਾਲ 15 ਮਰਲੇ ਜ਼ਮੀਨ ਅਦਾਲਤੀ ਹੁਕਮ ਅਨੁਸਾਰ ਲਗਭਗ 7 ਲੱਖ 23 ਹਜ਼ਾਰ ਰੁਪਏ 'ਚ ਕੁਰਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਨਾਇਬ ਤਹਿਸੀਲਦਾਰ ਦੇ ਦਫਤਰ 'ਚ ਕਿਸਾਨ ਦੀ ਜ਼ਮੀਨ ਦੀ ਕੁਰਕੀ ਸਮੇਂ ਕੋਈ ਵੀ ਵਿਅਕਤੀ ਹਾਜ਼ਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਅਦਾਲਤ 'ਚ ਆਪਣਾ ਪੱਖ ਪੇਸ਼ ਕਰੇਗੀ। ਇਸ ਮੌਕੇ ਡੀ. ਐੱਸ. ਪੀ. ਰਛਪਾਲ ਸਿੰਘ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਅਦਾਲਤੀ ਪ੍ਰਤੀਕਿਰਿਆ ਸਬੰਧੀ ਜਾਣੂ ਕਰਵਾਇਆ, ਜਿਸ 'ਤੇ ਕਿਸਾਨ ਯੂਨੀਅਨ ਵੱੱਲੋਂ ਆਪਣਾ ਧਰਨਾ ਉਠਾ ਦਿੱਤਾ ਗਿਆ। ਇਸ ਮੌਕੇ ਤਹਿਸੀਲਦਾਰ ਸੁਰਿੰਦਰ ਸਿੰਘ, ਨਾਇਬ ਤਹਿਸੀਲਦਾਰ ਪ੍ਰਵੀਨ ਕੁਮਾਰ ਸੱਚਰ, ਐੱਸ. ਐੱਚ. ਓ. ਬਲਵਿੰਦਰ ਸਿੰਘ ਰੋਮਾਣਾ, ਐੱਸ. ਐੱਚ. ਓ. ਗੁਰਦੀਪ ਸਿੰਘ, ਸੁਪਰਡੈਂਟ ਰਾਮ ਕੁਮਾਰ ਜੈਨ, ਰਣਦੀਪ ਕੁਮਾਰ ਆਦਿ ਹਾਜ਼ਰ ਸਨ।
ਜ਼ਮੀਨੀ ਝਗੜੇ ਦੇ ਚੱਲਦਿਆਂ ਗਰੀਬ ਕਿਸਾਨ ਦੇ ਘਰ ਨੂੰ ਲਗਾਈ ਅੱਗ, ਵਾਲ-ਵਾਲ ਬੱਚਿਆ ਪਰਿਵਾਰ
NEXT STORY