ਗੁਰਦਾਸਪੁਰ (ਹਰਮਨ) - ਰੋਜਮਰਾਂ ਦੀ ਜ਼ਿੰਦਗੀ ਵਿਚ ਜਿਥੇ ਹੋਰ ਕੰਮਾਂ-ਕਾਜਾਂ ਵਿਚ ਜਨਾਨੀਆਂ ਦੀ ਭੂਮਿਕਾ ਬੇਹੱਦ ਅਹਿਮ ਹੈ, ਉਥੇ ਖੇਤੀਬਾੜੀ ਦੇ ਧੰਦੇ ਵਿਚ ਜਨਾਨੀਆਂ ਦਾ ਯੋਗਦਾਨ ਸ਼ੁਰੂ ਤੋਂ ਹੀ ਅਹਿਮ ਅਤੇ ਵਿਸ਼ੇਸ਼ ਰਿਹਾ ਹੈ। ਘਰੇਲੂ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਖੇਤੀ ਵਿਭਿੰਨਤਾ, ਸਹਾਇਕ ਧੰਦਿਆਂ, ਵਾਤਾਵਰਣ ਸੰਭਾਲ ਸਮੇਤ ਹਰੇਕ ਕਾਰਜ ਵਿਚ ਮਹਿਲਾਵਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਸਿੱਤਮ ਦੀ ਗੱਲ ਹੈ ਕਿ ਖੇਤੀਬਾੜੀ ਦੇ ਕੰਮ ਵਿਚ ਮਹਿਲਾਵਾਂ ਦੀ ਭੂਮਿਕਾ ਸ਼ੁਰੂ ਤੋਂ ਹੀ ਨਜ਼ਰ ਅੰਦਾਜ਼ ਹੁੰਦੀ ਰਹੀ ਹੈ। ਹੋਰ ਤੇ ਹੋਰ ਅਨੇਕਾਂ ਪਿੰਡਾਂ, ਕਸਬਿਆਂ ਵਿਚ ਮਹਿਲਾਵਾਂ ਖੇਤਾਂ ਵਿਚ ਮਜ਼ਦੂਰੀ ਵੀ ਕਰਦੀਆਂ ਹਨ ਪਰ ਅਣਸਿੱਖਿਅਤ ਹੋਣ ਕਾਰਨ ਉਨ੍ਹਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਉਜਰਤ ਵੀ ਪੂਰੀ ਨਹੀਂ ਮਿਲਦੀ, ਜਿਸ ਦੇ ਚਲਦਿਆਂ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਵੀ ਹੁੰਦਾ ਆ ਰਿਹਾ ਹੈ।
ਖੇਤੀਬਾੜੀ ਖੇਤਰ ’ਚ ਪੁਰਸ਼ਾਂ ਵਾਂਗ ਮਹੱਤਵਪੂਰਨ ਹੈ ਮਹਿਲਾਵਾਂ ਦਾ ਯੋਗਦਾਨ
ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਇਸ ਸਬੰਧੀ ਗੱਲਬਾਤ ਦੌਰਾਨ ਕਿਹਾ ਕਿ ਕਿਸਾਨ ਜਨਾਨੀਆਂ, ਖੇਤੀਬਾੜੀ ਦੇ ਵਿਕਾਸ ਅਤੇ ਖੁਸ਼ਹਾਲੀ ਦਾ ਅਨਿਖੜਵਾਂ ਅੰਗ ਹੋਣ ਕਾਰਨ, ਖੇਤੀਬਾੜੀ ਖੇਤਰ ਵਿੱਚ 45 ਫੀਸਦੀ ਤੋਂ ਵੱਧ ਹਿੱਸਾ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਪਿੰਡਾਂ ਅੰਦਰ ਕਿਸਾਨ ਜਨਾਨੀਆਂ, ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰੇਕ ਤਰ੍ਹਾਂ ਦੇ ਖੇਤੀ ਕੰਮ ਵਿੱਚ ਹੱਥ ਵਟਾਉਂਦੀਆਂ ਸਨ। ਪਸ਼ੂਆਂ ਦੀ ਸਾਂਭ ਸੰਭਾਲ, ਦੁੱਧ ਚੋਣ, ਦੁੱਧ ਦੀ ਸਾਂਭ-ਸੰਭਾਲ ਆਦਿ ਦੇ ਕੰਮ ਦੀ ਜ਼ਿੰਮੇਵਾਰੀ ਵੀ ਮੁੱਖ ਤੌਰ ’ਤੇ ਜਨਾਨੀਆਂਸੰਭਾਲਦੀਆਂ ਸਨ। ਫਸਲਾਂ ਦੇ ਬੀਜ ਅਤੇ ਘਰੇਲੂ ਵਰਤੋਂ ਵਾਲੇ ਦਾਣਿਆਂ ਨੂੰ ਸਾਂਭਣ ਦਾ ਕੰਮ ਵੀ ਜਨਾਨੀਆਂ ਹੀ ਕਰਦੀਆਂ ਸਨ। ਪੁਰਾਤਨ ਸਮੇਂ ਵਿਚ ਘਰੇਲੂ ਵਰਤੋਂ ਤੋਂ ਆਟਾ ਬਣਾਉਣ, ਦੁੱਧ ਰਿੜਕਣ ਅਤੇ ਬੱਚਿਆਂ ਦੀ ਸੰਭਾਲ ਦੇ ਕੰਮ ਦੀ ਜ਼ਿੰਮੇਵਾਰੀ ਵੀ ਜਨਾਨੀਆਂ ਸੰਭਾਲਦੀਆਂ ਰਹੀਆਂ ਹਨ ਪਰ ਹੁਣ ਸਮਾਂ ਬਦਲਣ ਕਾਰਨ ਘਰੇਲੂ ਕੰਮ ਵਿਚ ਜਨਾਨੀਆਂ ਦੀ ਦਿਲਚਸਪੀ ਵੀ ਘੱਟ ਹੋ ਗਈ ਹੈ। ਜਦੋਂ ਕਿ ਜੇਕਰ ਮਹਿਲਾਵਾਂ ਨੂੰ ਉਤਸ਼ਾਹਿਤ ਕਰ ਕੇ ਅਤੇ ਉਨ੍ਹਾਂ ਨੂੰ ਪੂਰਾ ਮਾਣ ਸਨਮਾਨ ਦੇ ਕੇ ਜੇਕਰ ਮੁੜ ਇਨ੍ਹਾਂ ਕੰਮਾਂ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਤਾਂ ਖੇਤੀ ਨਾਲ ਸਬੰਧਿਤ ਕਈ ਸਮੱਸਿਆਵਾਂ ਦਾ ਹੱਲ ਕਰਨ ਦੇ ਨਾਲ-ਨਾਲ ਖ਼ਰਚੇ ਵੀ ਘੱਟ ਕੀਤੇ ਜਾ ਸਕਦੇ ਹਨ।
ਸਹਾਇਕ ਧੰਦਿਆਂ ’ਚ ਜਨਾਨੀਆਂ ਦੀ ਭੂਮਿਕਾ
ਡਾ. ਅਮਰੀਕ ਸਿੰਘ ਨੇ ਕਿਹਾ ਕਿ ਜੇਕਰ ਖੇਤੀ ਸਹਾਇਕ ਕਿਤਿਆਂ ਦੀ ਗੱਲ ਕਰੀਏ ਤਾਂ ਇਸ ਖੇਤਰ ਵਿੱਚ ਜਨਾਨੀਆਂ ਕਿਸੇ ਪੱਖ ਤੋਂ ਪਿੱਛੇ ਨਹੀਂ। ਸ਼ਹਿਦ ਦੀਆਂ ਮੱਖੀਆਂ, ਡੇਅਰੀ ਫਾਰਮਿੰਗ, ਮੁਰਗੀ ਪਾਲਣ, ਖੁੰਭਾਂ ਦੀ ਕਾਸ਼ਤ, ਫਲਾਂ ਅਤੇ ਸਬਜ਼ੀਆਂ ਤੋਂ ਅਚਾਰ ਬਣਾਉਣ, ਚਟਣੀਆਂ, ਮੁਰੱਬੇ, ਸੁਕੈਸ਼ ਆਦਿ ਬਣਾ ਕੇ ਵੇਚਣ ਨਾਲ ਸਬੰਧਿਤ ਕੁਝ ਅਜਿਹੇ ਖੇਤੀ ਸਹਾਇਕ ਕਿੱਤੇ ਹਨ, ਜਿਨ੍ਹਾਂ ਨੂੰ ਜਨਾਨੀਆਂ ਕਾਮਯਾਬੀ ਨਾਲ ਚਲਾ ਰਹੀਆਂ ਹਨ। ਇਸ ਦੇ ਨਾਲ ਘਰੇਲੂ ਜ਼ਰੂਰਤ ਲਈ ਸਬਜ਼ੀਆਂ ਤੇ ਦਾਲਾਂ ਪੈਦਾ ਕਰਨ ਲਈ ਘਰੇਲੂ ਬਗੀਚੀ ਬਣਾ ਕੇ ਜਨਾਨੀਆਂ ਹੋਰ ਸਫਲਤਾ ਨਾਲ ਕੰਮ ਕਰ ਸਕਦੀਆਂ ਹਨ। ਇਸ ਮਕਸਦ ਲਈ ਜਨਾਨੀਆਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਿਖਲਾਈ ਲੈ ਸਕਦੀਆਂ ਹਨ। ਪੰਜਾਬ ਦੇ ਕਈ ਪਿੰਡਾਂ ਵਿੱਚ ਜਨਾਨੀਆਂ ਵੱਲੋਂ ਸਵੈ ਸਹਾਇਤਾ ਸਮੂਹ ਬਣਾ ਕੇ ਇਨ੍ਹਾਂ ਕੰਮਾਂ ਨੂੰ ਬਹੁਤ ਹੀ ਸਫਲਤਾਪੂਰਕ ਕੀਤਾ ਜਾ ਰਿਹਾ ਹੈ।
ਵਾਤਾਵਰਣ ਸੰਭਾਲ ਸਬੰਧੀ ਜ਼ਿੰਮੇਵਾਰੀ
ਡਾ. ਅਮਰੀਕ ਸਿੰਘ ਨੇ ਦੱਸਿਆ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਜਨਾਨੀਆਂ ਵੱਡੀ ਜ਼ਿੰਮੇਵਾਰੀ ਨਿਭਾਅ ਸਕਦੀਆਂ ਹਨ। ਵਾਤਾਵਰਣ ਨੂੰ ਗੰਧਲਾ ਕਰਨ ਵਿੱਚ ਘਰੇਲੂ ਕੂੜਾ ਕਰਕਟ, ਘਰ ਵਿੱਚ ਪੈਦਾ ਹੋਣ ਵਾਲਾ ਧੂੰਆਂ ਅਤੇ ਗੰਦਾ ਪਾਣੀ ਅਹਿਮ ਕਾਰਨ ਬਣਦੇ ਹਨ। ਘਰੇਲੂ ਕੂੜਾ ਕਰਕਟ ਦੋ ਤਰ੍ਹਾਂ ਦਾ ਹੁੰਦਾ ਹੈ, ਜਿਸ ਵਿਚੋਂ ਸਬਜ਼ੀਆਂ, ਫਲਾਂ ਦੇ ਛਿਲਕੇ ਅਤੇ ਬਚੇ ਹੋਏ ਖਾਣੇ ਆਦਿ ਦੇ ਰੂਪ ਵਿਚ ਗਿੱਲੇ ਕੂੜੇ ਨੂੰ ਸੁੱਕੇ ਕੂੜੇ ਤੋਂ ਵੱਖਰਾ ਰੱਖ ਕੇ ਮਹਿਲਾਵਾਂ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ। ਗਿੱਲੇ ਕੂੜੇ ਤੋਂ ਦੇਸੀ ਖਾਦ ਤਿਆਰ ਕਰਕੇ ਮਹਿਲਾਵਾਂ ਇਸ ਨੂੰ ਘਰੇਲੂ ਬਗੀਚੀ ਵਿਚ ਵਰਤ ਸਕਦੀਆਂ ਹਨ।
8 ਮਾਰਚ ਨੂੰ ਲਿਆ ਜਾਵੇ ਅਹਿਦ
ਡਾ. ਅਮਰੀਕ ਸਿੰਘ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਹਰੇਕ ਸਾਲ 8 ਮਾਰਚ ਦੇ ਦਿਨ ਨੂੰ ਕੌਮਾਂਤਰੀ ਮਹਿਲਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਮਹਿਲਾਵਾਂ ਪ੍ਰਤੀ ਪਿਆਰ ਅਤੇ ਸਤਿਕਾਰ ਦਰਸਾਉਣਾ ਅਤੇ ਸਮਾਜਿਕ ਵਿਕਾਸ ਵਿੱਚ ਮਹਿਲਾਵਾਂ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕਰਨਾ ਹੈ। ਇਸ ਸਾਲ ਮਨਾਏ ਜਾ ਰਹੇ ਮਹਿਲਾ ਦਿਵਸ ਮੌਕੇ ਹਰੇਕ ਵਿਅਕਤੀ ਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਜਨਾਨੀਆਂ ਨੂੰ ਹਰੇਕ ਖੇਤਰ ਵਿਚ ਬਣਦਾ ਸਨਮਾਨ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਅਧਿਕਾਰ ਦਿੱਤੇ ਜਾਣ ਅਤੇ ਉਨ੍ਹਾਂ ਵੱਲੋਂ ਖੇਤੀਬਾੜੀ ਸਮੇਤ ਹੋਰ ਕਾਰਜਾਂ ਵਿਚ ਪਾਏ ਜਾਂਦੇ ਅਹਿਮ ਯੋਗਦਾਨ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ।
ਭੇਦਭਰੀ ਹਾਲਤ ’ਚ ਏ. ਐੱਸ. ਆਈ. ਦੀ ਮੌਤ
NEXT STORY