ਜਲੰਧਰ/ਨਵਾਂਸ਼ਹਿਰ (ਜਸਬੀਰ ਵਾਟਾਂ ਵਾਲੀ)— ਐੱਸ. ਏ. ਐੱਸ ਨਗਰ (ਮੋਹਾਲੀ) 'ਚ ਪੈਦਾ ਹੋਏ ਵਰੁਣ ਚੱਢਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਪਤੰਗਬਾਜ਼ੀ ਦਾ ਜਨੂੰਨ ਉਸ ਨੂੰ ਕੌਮਾਂਤਰੀ ਪੱਧਰ ਤੱਕ ਖਿੱਚ ਕੇ ਲੈ ਜਾਵੇਗਾ। ਉਸ ਦਾ ਇਹ ਜਨੂੰਨ ਉਸ ਨੂੰ ਕੌਮਾਂਤਰੀ ਪੱਧਰ ਤੱਕ ਹੀ ਨਹੀਂ ਲੈ ਕੇ ਗਿਆ ਸਗੋਂ ਉਸ ਨੇ ਪਤੰਗ ਉਡਾਉਣ 'ਚ ਪਹਿਲਾ ਸਥਾਨ ਹਾਸਲ ਕਰਕੇ ਗੁਆਂਢੀ ਦੇਸ਼ ਚੀਨ 'ਚ ਭਾਰਤ ਦਾ ਝੰਡਾ ਵੀ ਬੁਲੰਦਾ ਕੀਤਾ। ਉਸ ਨੇ ਇਹ ਮੁਕਾਮ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਹੋਏ 'ਇੰਟਰਨੈਸ਼ਨਲ ਕਾਈਟ ਐਕਚੇਂਜ' ਮੁਕਾਬਲੇ ਦੌਰਾਨ ਹਾਸਲ ਕੀਤਾ। ਵਰੁਣ ਚੱਢਾ ਨੇ ਇਥੇ ਹੋਏ 6 ਕਿਸਮ ਦੇ ਮੁਕਾਬਲਿਆਂ ਵਿਚੋਂ 'ਬੈਸਟ ਕਾਈਟ ਪ੍ਰਫਾਰਮਿੰਸ' ਵਿਚ ਸ਼ਾਨਦਾਰ ਪਤੰਗ ਉਡਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਮੇਰਾ 'ਮਕਸਦ' ਮੇਰਾ 'ਜਨੂੰਨ' ਬਣਿਆ
ਮੇਰੀ 'ਤੜਪ' ਤੇ ਮੇਰਾ 'ਸਕੂਨ' ਬਣਿਆ

ਇਸ ਸ਼ਾਨਦਾਰ ਜਿੱਤ ਤੋਂ ਬਾਅਦ ਵਰੁਣ ਚੱਢਾ ਨੇ ਅਦਾਰਾ 'ਜਗ ਬਾਣੀ' ਵਿਚ ਪਹੁੰਚ ਕੇ ਖਾਸ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਪਤੰਗ ਉਡਾਉਣ ਦੇ ਇਹ ਮੁਕਾਬਲੇ ਭਾਰਤ ਵਿਚ ਕੀਤੀ ਜਾਂਦੀ ਪਤੰਗਬਾਜ਼ੀ ਨਾਲੋਂ ਬਿਲਕੁਲ ਵੱਖਰੇ ਸਨ। ਚੱਢਾ ਨੇ ਕਿਹਾ ਕਿ ਭਾਰਤ 'ਚ ਤਾਂ ਪਤੰਗ ਕੱਟਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਪਰ ਬੀਜਿੰਗ ਵਿਚ ਇਸ ਤਰ੍ਹਾਂ ਨਹੀਂ ਸੀ ਸਗੋਂ ਇਥੇ ਹੋਏ ਮੁਕਾਬਲਿਆਂ 'ਚ ਸਭ ਤੋਂ ਲੰਮੀ ਦੂਰੀ ਤੱਕ ਪਤੰਗ ਉਡਾਉਣਾ, ਸਭ ਤੋਂ ਵੱਡੀ ਪਤੰਗ ਉਡਾਉਣਾ, ਪ੍ਰਭਾਵਸ਼ਾਲੀ ਪਤੰਗ, ਪਤੰਗਬਾਜੀ ਦੇ ਹੁਨਰ, ਪਤੰਗ ਦੀ ਪ੍ਰਭਾਵਸ਼ਾਲੀ ਕਲਾਕ੍ਰਿਤੀ, ਪਤੰਗ ਉਡਾਉਣਾ ਸ਼ਾਨਦਾਰ ਪੇਸ਼ਕਾਰੀ ਮੁਕਾਬਲੇ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਥੇ ਹੋਏ ਮੁਕਾਬਲਿਆਂ 'ਚ 59 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। ਇਸ ਮੁਕਾਬਲੇ 'ਚ ਪੰਜਾਬ ਤੋਂ ਇਲਾਵਾ ਕੇਰਲ ਦੀ ਟੀਮ ਨੇ ਵੀ ਹਿੱਸਾ ਲਿਆ ਅਤੇ ਪੁਜੀਸ਼ਨ ਹਾਸਲ ਕੀਤੀ। ਉਨ੍ਹਾਂ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਪੰਜਾਬ 'ਚ ਵੀ ਅੰਤਰਰਾਸ਼ਟਰੀ ਪੱਧਰ ਦੀ ਪਤੰਗਬਾਜੀ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਹੋਰ ਸੰਸਥਾਵਾਂ ਨੂੰ ਵੀ ਇਸ 'ਚ ਸਹਾਇਤਾ ਕਰਨੀ ਚੀਹੀਦੀ ਹੈ। ਉਨ੍ਹਾਂ ਦੱਸਿਆ ਕਿ ਲਖਨਊ ਵਿਚ ਪਤੰਗਬਾਜੀ ਲਈ ਗੋਮਤੀ ਦੇ ਕਿਨਾਰੇ ਬਹੁਤ ਵੱਡੀ ਪਾਰਕ ਬਣਾਈ ਗਈ ਹੈ ਪੰਜਾਬ 'ਚ ਵੀ ਇਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ।ਉਨ੍ਹਾਂ ਆਪਣੀ ਇਸ ਜਿੱਤ ਨੂੰ ਸਰਹੱਦਾਂ ਦੇ ਰਾਖੇ ਭਾਰਤੀ ਫੌਜੀਆਂ ਨੂੰ ਸਮਰਪਿਤ ਕੀਤਾ।

ਚਾਈਨਾ ਡੋਰ 'ਤੇ ਲੱਗਣੀ ਚਾਹੀਦੀ ਸੰਪੂਰਨ ਪਾਬੰਦੀ
ਗੱਲਬਾਤ ਦੌਰਾਨ ਵਰੁਣ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ 'ਚ ਚਾਈਨਾ ਡੋਰ 'ਤੇ ਸੰਪੂਰਨ ਤੌਰ 'ਤੇ ਪਾਬੰਦੀ ਲੱਗੇ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਚਾਈਨਾ 'ਚ ਇਹ ਡੋਰ ਸੰਪੂਰਨ ਤੌਰ 'ਤੇ ਪਾਬੰਦੀ ਹੈ ਪਰ ਭਾਰਤ 'ਚ ਇਹ ਡੋਰ ਧੜੱਲੇ ਨਾਲ ਵੇਚੀ ਜਾਂਦੀ ਹੈ। ਉਨ੍ਹਾਂ ਕਿਹਾ ਉਹ ਖੁਦ ਇਸ ਚਾਈਨਾ ਡੋਰ ਦਾ ਸ਼ਿਕਾਰ ਹੋ ਚੁੱਕੇ ਹਨ, ਉਨ੍ਹਾਂ ਦੀ ਕਿਸਮਤ ਚੰਗੀ ਸੀ ਕਿ ਉਹ ਵਾਲ-ਵਾਲ ਬਚ ਗਏ। ਚੱਡਾ ਨੇ ਕਿਹਾ ਕਿ ਉਨ੍ਹਾਂ ਉਸੇ ਦਿਨ ਤੋਂ ਪ੍ਰਣ ਕਰ ਲਿਆ ਸੀ ਕਿ ਉਹ ਚਾਈਨਾ ਡੋਰ ਖਿਲਾਫ ਆਵਾਜ਼ ਬੁਲੰਦ ਕਰਨਗੇ।
ਮਾਂ ਦੇ ਬਣਾਏ ਹੋਏ ਪਤੰਗਾਂ ਨੇ ਪਹੁੰਚਾਇਆ ਕੌਮਾਂਤਰੀ ਪੱਧਰ 'ਤੇ
ਵਰੁਣ ਚੱਢਾ ਨੇ ਪਤੰਗ ਉਡਾਉਣ ਦੇ ਮੁਕਾਬਲੇ 'ਚ ਹਾਸਲ ਕੀਤੀ ਇਸ ਉਪਲੱਬਧੀ ਦਾ ਸਾਰਾ ਸਿਹਰਾ ਆਪਣੀ ਮਾਤਾ ਸੁਨੀਲ ਚੱਢਾ ਅਤੇ ਪਿਤਾ ਲਲਿਤ ਕੁਮਾਰ ਚੱਢਾ ਨੂੰ ਦਿੱਤਾ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਾਤਾ ਅਤੇ ਪਿਤਾ ਦੋਹਾਂ ਨੂੰ ਪਤੰਗਬਾਜੀ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਲੈ ਹੁਣ ਤੱਕ ਉਹ ਆਪਣੀ ਮਾਤਾ ਜੀ ਦੇ ਹੱਥਾਂ ਦੇ ਬਣੇ ਹੋਏ ਪਤੰਗ ਹੀ ਉਡਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਤੰਗ ਦੀ ਸਮੁੱਚੀ ਸਿਰਜਣਾਂ ਤੋਂ ਲੈ ਕੇ ਉਡਾਉਣ ਤੱਕ ਉਨ੍ਹਾਂ ਦੇ ਮਾਤਾ-ਪਿਤਾ ਦੀ ਅਹਿਮ ਭੂਮਿਕਾ ਹੁੰਦੀ ਹੈ।
ਐੱਨ.ਆਰ.ਆਈ ਦੇ ਸਦਕਾ ਬਦਲੀ ਪਿੰਡ ਦੀ ਨੁਹਾਰ
NEXT STORY