ਮਾਨਸਾ (ਮਿੱਤਲ) : ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਲੋਂ ਜਲ ਸ਼ਕਤੀ ਅਭਿਆਨ ਤਹਿਤ ਦਾਣਾ ਮੰਡੀ ਝੁਨੀਰ ਵਿਖੇ ਕਿਸਾਨ ਮੇਲਾ ਲਗਾਇਆ ਗਿਆ, ਜਿਸ 'ਚ 900 ਦੇ ਕਰੀਬ ਕਿਸਾਨ ਵੀਰਾਂ ਅਤੇ ਬੀਬੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਅਡੀਸ਼ਨਲ ਸੈਕਟਰੀ ਸ਼੍ਰੀਮਤੀ ਅੰਜਲੀ ਭਾਵੜਾ (ਆਈ.ਏ.ਐੱਸ.) ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡੀ.ਸੀ ਸ਼੍ਰੀਮਤੀ ਅਪਨੀਤ ਰਿਆਤ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸ਼੍ਰੀਮਤੀ ਅੰਜਲੀ ਭਾਵੜਾ ਨੇ ਕਿਹਾ ਕਿ ਇਸ ਮੁਹਿੰਮ ਦਾ ਮੰਤਵ ਜ਼ਿਲੇ 'ਚ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਅਤੇ ਤੇਜ਼ੀ ਨਾਲ ਡਿੱਗਦੇ ਪੱਧਰ ਨੂੰ ਠੱਲ ਪਾਉਣਾ ਹੈ। ਸ੍ਰੀ ਕਮਲੇਸ਼ ਕੁਮਾਰ ਝਿੱਲ (ਆਈ.ਏ.ਐੱਸ) ਅਤੇ ਸ੍ਰੀ ਹਰਵੀਰ ਸਿੰਘ ਵਿਗਿਆਨੀ ਸੀ.ਐੱਸ.ਐੱਮ.ਆਰ.ਐੱਸ. ਨਵੀਂ ਦਿਲੀ ਵੀ ਮੌਜੂਦ ਸਨ। ਅੰਜਲੀ ਭਾਵੜਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਾਣੀ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਪਾਣੀ ਦਾ ਕੋਈ ਬਦਲ ਨਹੀਂ ਹੁੰਦਾ। ਇਸ ਲਈ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਦੇ ਨਾਲ-ਨਾਲ ਧਰਤੀ ਹੇਠਲੇ ਪਾਣੀ ਨੂੰ ਵਧਾਉਣ ਸਬੰਧੀ ਉਪਰਾਲੇ ਕਰਨੇ ਚਾਹੀਦੇ ਹਨ।
ਜਲ ਸ਼ਕਤੀ ਅਭਿਆਨ ਭਾਰਤ ਸਰਕਾਰ ਵਲੋਂ 256 ਜ਼ਿਲਿਆਂ 'ਚ ਆਰੰਭ ਕੀਤਾ ਗਿਆ ਤਾਂ ਜੋ 1592 ਬਲਾਕ ਜਿੰਨ੍ਹਾਂ 'ਚ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਡਿੱਗ ਰਿਹੈ, 'ਚ ਚੇਤਨੰਤਾ ਪੈਦਾ ਕਰਕੇ ਪਾਣੀ ਦੀ ਸੰਭਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲੇ 'ਚ ਵੱਖ-ਵੱਖ ਅਦਾਰਿਆਂ ਵਲੋਂ ਪਾਣੀ ਦੀ ਸਾਂਭ-ਸੰਭਾਲ ਲਈ ਕਈ ਸ਼ਲਾਘਾਯੋਗ ਕਦਮ ਪੁੱਟੇ ਗਏ ਹਨ। ਡੀ.ਸੀ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਸਾਨਾਂ ਨੂੰ ਫ਼ਸਲਾਂ, ਉਦਯੋਗ ਅਤੇ ਘਰੇਲੂ ਪੱਧਰ 'ਤੇ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਕਰਨ ਤੇ ਸੰਜਮ ਨਾਲ ਬੱਚਤ 'ਤੇ ਜ਼ੋਰ ਦਿੱਤਾ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਅਭਿਆਨ 'ਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ। ਇਸ ਕਿਸਾਨ ਮੇਲੇ 'ਚ ਸੀਨੀਅਰ ਭੂਮੀ ਵਿਗਿਆਨੀ ਡਾ. ਇੰਦਰ ਮੋਹਨ ਛਿੱਬਾ ਨੇ ਕਣਕ ਝੋਨਾ ਫਸਲੀ ਚੱਕਰ 'ਚ ਰਸਾਇਣਕ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ। ਡਾ. ਪ੍ਰਿਤਪਾਲ ਸਿੰਘ, ਸਹਾਇਕ ਪ੍ਰੋਫੈਸਰ ਭੂਮੀ ਵਿਗਿਆਨ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫ਼ਾਰਿਸ਼ ਫ਼ਸਲਾਂ 'ਚ ਪਾਣੀ ਬਚਾਉਣ ਦੀਆਂ ਤਕਨੀਕਾਂ ਜਿਵੇਂ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਕਾਸ਼ਤ ਝੋਨੇ ਦੀ ਸਿੱਧੀ ਬਿਜਾਈ ਅਤੇ ਟੈਸ਼ਿਉਮੀਟਰ ਦੀ ਵਰਤੋਂ ਨਾਲ ਝੋਨੇ 'ਚ ਪਾਣੀ ਦੀ ਬਚਤ ਸਬੰਧੀ ਜਾਣਕਾਰੀ ਦਿੱਤੀ।
ਡਾ. ਅਨੂਰੀਤ ਕੌਰ ਸਹਾਇਕ ਫ਼ਸਲ ਵਿਗਿਆਨੀ ਖੋਜ਼ ਕੇਂਦਰ ਬਠਿੰਡਾ ਲੇਜ਼ਰ ਲੈਂਡ ਲੈਵਲਰ ਨਾਲ ਪਾਣੀ ਦੀ ਬਚਤ ਅਤੇ ਝੋਨੇ ਦੀ ਵੱਟਾਂ 'ਤੇ ਬਿਜਾਈ ਸਬੰਧੀ ਜਾਣਕਾਰੀ ਸਾਂਝੀ ਕੀਤੀ। ਡਾ.ਏ.ਐੱਸ. ਸੋਹੀ, ਸੀਨੀਅਰ ਕੀਟ ਵਿਗਿਆਨੀ ਨੇ ਝੋਨੇ ਅਤੇ ਨਰਮੇ 'ਚ ਕੀਟ ਪ੍ਰਬੰਧਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਡਾ.ਜੀ.ਪੀ.ਐੱਸ. ਸੋਢੀ ਸਹਿਯੋਗੀ ਨਿਰਦੇਸ਼ਕ ਕੇ.ਵੀ.ਕੇ ਮਾਨਸਾ ਨੇ ਆਏ ਮਹਿਮਾਨਾਂ ਦਾ ਜੀ ਆਇਆ ਨੂੰ ਕੀਤਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਪਾਣੀ ਦੀ ਸੰਭਾਲ ਲਈ ਉਲਕੀਆਂ ਪਸਾਰ ਗਤੀ ਵਿਧੀਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਜੌੜੀਆਂ ਧੀਆਂ ਨੂੰ ਫੁੱਲਾਂ ਵਾਲੀ ਕਾਰ ’ਚ ਘਰ ਲਿਆਂਦਾ ਘਰ, ਤਿੰਨ ਧੀਆਂ ਦੇ ਬਣੇ ਮਾਪੇ (ਵੀਡੀਓ)
NEXT STORY