ਮੋਗਾ (ਗੋਪੀ ਰਾਊਕੇ)-ਦੇਸ਼ ’ਚ ਲੋਕ ਸਭਾ ਚੋਣਾ ਦਾ ਬਿਗੁਲ ਵੱਜਣ ਮਗਰੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਸੂਬੇ ਦੀ ਹੁਕਮਰਾਨ ਧਿਰ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਮੇਤ ਹੋਰ ਪਾਰਟੀਆਂ ਦੀ ਟਿਕਟਾਂ ਹਾਸਲ ਕਰਨ ਲਈ ਚਾਹਵਾਨ ਉਮੀਦਵਾਰਾਂ ਨੇ ਕਮਰਕੱਸ ਲਈ ਹੈ। ਭਾਵੇਂ ਫਰੀਦਕੋਟ ਰਾਖਵੇ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਪ੍ਰੋਫੈਸਰ ਸਾਧੂ ਸਿੰਘ ਨੂੰ ਮੁਡ਼ ਉਮੀਦਵਾਰ ਬਣਾ ਕੇ ਵਿਰੋਧੀ ਪਾਰਟੀਆਂ ਤੋਂ ਪਹਿਲਕਦਮੀ ਕਰ ਲਈ ਹੈ ਪਰ ਸੂਬੇ ਦੀ ਹੁਕਮਰਾਨ ਧਿਰ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਟਿਕਟ ਪ੍ਰਾਪਤੀ ਲਈ ਚਾਹਵਾਨ ਉਮੀਦਵਾਰਾਂ ਦੀ ਕਤਾਰ ਕਾਫੀ ਲੰਮੀ ਹੋਣ ਕਰ ਕੇ ਦੋਵੇਂ ਪਾਰਟੀਆਂ ਨੇ ਐਤਕੀ ਸੇਵਾ ਮੁਕਤ ਅਫਸਰਾਂ ’ਤੇ ਦਾਅ ਵੀ ਖੇਡਣ ਦੀ ਨੀਤੀ ਅਪਨਾਉਣੀ ਸ਼ੁਰੁੂ ਕਰ ਦਿੱਤੀ ਹੈ। ਭਰੋਸੇਯੋਗ ਸੂਤਰਾਂ ਦੀ ਇਤਲਾਹ ਮੁਤਾਬਕ ਕਾਂਗਰਸ ਅਤੇ ਅਕਾਲੀ ਦਲ ਦੀ ਹਾਈਕਮਾਂਡ ਦਾ ਮੰਨਣਾ ਹੈ ਕਿ ਜੇਕਰ ਲੋਕਲ ਪੁਰਾਣੇ ਆਗੂਆਂ ’ਚੋਂ ਕਿਸੇ ਇਕ ਨੂੰ ਟਿਕਟ ਦਿੱਤੀ ਗਈ ਤਾਂ ਪਾਰਟੀ ਦੇ ਅੰਦਰੋਂ ਕਥਿਤ ਤੌਰ ’ਤੇ ਉੱਠਣ ਵਾਲੀਆਂ ਬਾਗੀ ਸੁਰਾਂ ਪਾਰਟੀ ਉਮੀਦਵਾਰ ਦੀ ਖੇਡ ਖਰਾਬ ਕਰ ਸਕਦੀਆਂ ਹਨ ਅਤੇ ਜੇਕਰ ਸੇਵਾ ਮੁਕਤ ਅਫਸਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਤਾਂ ਉਨ੍ਹਾਂ ਦੇ ਹਲਕੇ ਲਈ ਨਵੇਂ ਚਿਹਰੇ ਕਰ ਕੇ ਪਾਰਟੀ ਨੂੰ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਾਂਗਰਸ ਪਾਰਟੀ ਨੂੰ ਤਾਂ ਇਸ ਸੀਟ ਤੋਂ ਉਮੀਦਵਾਰ ਦੀ ਚੋਣ ਕਰਨੀ ਹੋਰ ਵੀ ਔਖੀ ਹੈ ਕਿਉਕਿ ਦਾਅਵੇਦਾਰਾਂ ਦੀ ਗਿਣਤੀ ਇਸ ਸੀਟ ਲਈ 25 ਦੇ ਲਗਭਗ ਹੈ। ਪਤਾ ਲੱਗਾ ਹੈ ਕਿ ਇਸ ਸੀਟ ਤੋਂ ਸੇਵਾ ਮੁਕਤ ਮੋਗਾ ਦੇ ਡਿਪਟੀ ਕਮਿਸ਼ਨਰ ਅਤੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਤੋਂ ਇਲਾਵਾ ਪੰਚਾਇਤੀ ਰਾਜ ਦੇ ਸੇਵਾ ਮੁਕਤ ਐਕਸੀਅਨ ਬੰਤ ਸਿੰਘ ਸੇਖੋਂ ਵੱਡੇ ਦਾਅਵੇਦਾਰ ਹਨ। ਸ੍ਰੀ ਸੇਖੋਂ ਵੀ ਲੰਮਾ ਸਮਾਂ ਮਾਲਵਾ ਖਿੱਤੇ ’ਚ ਵੀ ਤਾਇਨਾਤ ਰਹੇ ਹਨ ਜਿਸ ਕਰ ਕੇ ਉਨ੍ਹਾਂ ਦਾ ਵੀ ਵੱਡਾ ਰਸੂਖ ਹੋਣ ਦੇ ਨਾਲ-ਨਾਲ ਉਹ ਪਿਛਲੇ ਸਮੇਂ ਤੋਂ ਇਸ ਹਲਕੇ ’ਚ ਵਧੇਰੇ ਸਰਗਰਮੀ ਨਾਲ ਕੰਮ ਕਰ ਰਹੇ ਹਨ। ਪਤਾ ਲੱਗਾ ਹੈ ਕਿ ਸੰਗਰੂਰ ਜ਼ਿਲੇ ’ਚ ਤਾਇਨਾਤ ਅਤੇ ਮੋਗਾ ਨਾਲ ਸਬੰਧਤ ਪੁਲਸ ਅਫਸਰ ਮੁਖਤਿਆਰ ਸਿੰਘ ਵੀ 31 ਮਾਰਚ ਨੂੰ ਆਪਣੇ ਪਦ ਤੋਂ ਅਸਤੀਫਾ ਦੇ ਕੇ ਸਿਆਸਤ ਦੇ ਪਿਡ਼ ’ਚ ਨਿੱਤਰਨ ਲਈ ਸਰਗਰਮ ਦੱਸੇ ਜਾ ਰਹੇ ਹਨ। ਇਹ ਅਫਸਰ ਵੀ ਮੋਗਾ ਅਤੇ ਫਰੀਦਕੋਟ ਜ਼ਿਲਿਆ ’ਚ ਵੱਖ-ਵੱਖ ਅਹੁਦਿਆਂ ’ਤੇ ਪੁਲਸ ਵਿਭਾਗ ’ਚ ਸੇਵਾ ਕਰਦਿਆਂ ਲੋਕਾਂ ਨਾਲ ਚੰਗੀ ਨੇਡ਼ਤਾ ਰੱਖਦਾ ਹੈ। ਇੱਥੇ ਹੀ ਬੱਸ ਨਹੀਂ ਕਾਂਗਰਸੀ ਵਿਧਾਇਕਾ ਅਤੇ ਮੰਤਰੀਆਂ ਵਲੋਂ ਇਸਨੂੰ ਥਾਪਡ਼ਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸੇਵਾ ਮੁਕਤ ਜੱਜ ਕਰਨੈਲ ਸਿੰਘ ਆਹੀ ਵੀ ਕਾਂਗਰਸ ਦੀ ਸੀਟ ਦੀ ਮੰਗ ਕਰ ਰਹੇ ਹਨ। ਉਝ ਇਸ ਹਲਕੇ ਤੋਂ ਹੋਰ ਵੀ ਕਈ ਦਾਅਵੇਦਾਰ ਕਾਂਗਰਸੀ ਟਿਕਟ ਲਈ ਹਨ। ਦੂਜੇ ਪਾਸੇ ਅਕਾਲੀ ਦਲ ਵਲੋਂ ਵੀ ਇਸ ਸੀਟ ਤੋਂ ਸਾਬਕਾ ਜਸਟਿਸ ਅਤੇ ਸਾਬਕਾ ਵਿਧਾਇਕ ਨਿਰਮਲ ਸਿੰਘ ਜਾਂ ਸਾਬਕਾ ਆਈ. ਏ. ਐੱਸ. ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਵੀ ਚੋਣ ਮੈਦਾਨ ’ਚ ਉਤਰਾਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਸ੍ਰੀ ਗੁਰੂ ਫਤਿਹਗਡ਼੍ਹ ਸਾਹਿਬ ਹਲਕੇ ਤੋਂ ਵੀ ਦਾਅਵੇਦਾਰ ਹਨ ਪਰ ਜੇਕਰ ਇੱਥੇ ਕਾਂਗਰਸ ਪਾਰਟੀ ਨੇ ਕਿਸੇ ਅਫਸਰ ਨੂੰ ਚੋਣ ਮੈਦਾਨ ’ਚ ਉਤਾਰਿਆ ਤਾਂ ਅਕਾਲੀ ਦਲ ਸ੍ਰੀ ਗੁਰੂ ਜਾਂ ਜਸਟਿਸ ਨਿਰਮਲ ਸਿੰਘ ਨੂੰ ਇਸ ਸੀਟ ’ਤੇ ਵੀ ਭੇਜ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਸੀਟ ’ਤੇ ਵੀ ਅਕਾਲੀ ਦਲ ਦੇ ਸਾਬਕਾ ਜ਼ਿਲਾ ਪ੍ਰੀਸ਼ਦ ਚੇਅਰਪਰਸਨ ਬੀਬੀ ਅਮਰਜੀਤ ਕੌਰ ਸਾਹੋਕੇ, ਸਾਬਕਾ ਵਿਧਾਇਕ ਹਰਪ੍ਰੀਤ ਕੋਟ ਭਾਈ ਸਮੇਤ ਹੋਰ ਦਾਅਵੇਦਾਰ ਹਨ।
ਸਾਲਾਨਾ ਐਥਲੈਟਿਕਸ ਮੀਟ ’ਚ ਰਾਜਪ੍ਰੀਤ ਸਿੰਘ ਤੇ ਰਮਨਦੀਪ ਕੌਰ ਬੈਸਟ ਐਥਲੀਟ ਐਲਾਨੇ
NEXT STORY