ਜਲੰਧਰ, (ਮ੍ਰਿਦੁਲ)— ਬਸਤੀ ਮਿੱਠੂ ਦੇ ਰਹਿਣ ਵਾਲੇ 28 ਸਾਲ ਦੇ ਇਕ ਵਿਅਕਤੀ ਨੇ ਆਪਣੀ 5 ਮਹੀਨਿਆਂ ਦੀ ਗਰਭਵਤੀ ਪਤਨੀ ਦਾ ਇਲਾਜ ਕਰਵਾਉਣ ਲਈ ਪੈਸੇ ਨਾ ਹੋਣ ਕਾਰਨ ਖੁਦਕੁਸ਼ੀ ਕਰ ਲਈ। ਇਸ ਸਬੰਧੀ ਬਸਤੀ ਬਾਵਾ ਖੇਲ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਹਰਪ੍ਰੀਤ ਸਿੰਘ ਰਵੀ ਪੁੱਤਰ ਚੰਨਣ ਸਿੰਘ ਵਜੋਂ ਹੋਈ ਹੈ। ਉਸਦੀ ਮਾਂ ਮਹਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਚੰਨਣ ਸਿੰਘ ਦੀ ਮੌਤ ਕਈ ਸਾਲ ਪਹਿਲਾਂ ਹੋ ਗਈ ਸੀ। ਉਸਦੇ ਦੋਵੇਂ ਬੇਟੇ ਆਪਣੇ ਪਿਤਾ ਦਾ ਕੰਮ ਵੇਖ ਰਹੇ ਸਨ। ਵੱਡਾ ਬੇਟਾ ਗੁਰੂ ਨਾਨਕ ਨਗਰ ਵਿਖੇ ਰਹਿੰਦਾ ਹੈ ਅਤੇ ਛੋਟਾ ਬੇਟਾ ਹਰਪ੍ਰੀਤ ਉਸ ਕੋਲ ਰਹਿੰਦਾ ਸੀ। ਹਰਪ੍ਰੀਤ ਚੌਪਾਟੀ ਵਿਚ ਟਾਫੀਆਂ ਵੇਚਣ ਦਾ ਕੰਮ ਕਰਦਾ ਸੀ ਅਤੇ ਫੇਰੀ ਵੀ ਲਾਉਂਦਾ ਸੀ। ਹਰਪ੍ਰੀਤ ਦਾ ਵਿਆਹ 11 ਮਹੀਨੇ ਪਹਿਲਾਂ ਫਰੀਦਕੋਟ ਦੀ ਰਹਿਣ ਵਾਲੀ ਸ਼ਾਲੂ ਨਾਲ ਹੋਇਆ ਸੀ।
ਹਰਪ੍ਰੀਤ ਦੀ ਮਾਂ ਨੇ ਦੱਸਿਆ ਕਿ ਸ਼ਾਲੂ ਇਸ ਸਮੇਂ 5 ਮਹੀਨਿਆਂ ਦੀ ਗਰਭਵਤੀ ਹੈ। ਰੀਤੀ ਰਿਵਾਜ ਮੁਤਾਬਕ ਉਹ ਆਪਣੇ ਪੇਕੇ ਘਰ ਗਈ ਹੋਈ ਹੈ। ਉਹ ਫਰੀਦਕੋਟ ਦੇ ਬਾਬਾ ਫਰੀਦ ਮੈਡੀਕਲ ਕਾਲਜ ਹਸਪਤਾਲ ਵਿਚ ਦਾਖਲ ਹੈ। ਸ਼ਾਲੂ ਦੇ ਗਰਭਵਤੀ ਹੋਣ ਕਾਰਨ ਹਰਪ੍ਰੀਤ ਦੀ ਆਰਥਿਕ ਹਾਲਤ ਕਾਫੀ ਖਰਾਬ ਹੋ ਗਈ। ਪਤਨੀ ਦੇ ਹਸਪਤਾਲ ਵਿਚ ਦਾਖਲ ਹੋਣ ਕਾਰਨ ਉਸਦੀ ਸਾਰੀ ਜਮ੍ਹਾ ਬੱਚਤ ਖਤਮ ਹੋ ਗਈ। ਭਵਿੱਖ ਵਿਚ ਆਉਣ ਵਾਲੇ ਖਰਚਿਆਂ ਨੂੰ ਧਿਆਨ ਵਿਚ ਰੱਖ ਕੇ ਉਹ ਪ੍ਰੇਸ਼ਾਨ ਸੀ। ਉਸਨੂੰ ਚਿੰਤਾ ਲੱਗੀ ਹੋਈ ਸੀ ਕਿ ਹੋਣ ਵਾਲੇ ਬੱਚੇ ਨੂੰ ਉਹ ਕਿਵੇਂ ਪਾਲੇਗਾ। ਇਸ ਕਾਰਨ ਉਸਨੇ ਖੁਦਕੁਸ਼ੀ ਕਰ ਲਈ।
ਮਾਂ ਮਹਿੰਦਰ ਕੌਰ ਮੁਤਾਬਕ ਹਰਪ੍ਰੀਤ ਇਕ ਦਿਨ ਪਹਿਲਾਂ ਹਰ ਰੋਜ਼ ਵਾਂਗ ਆਪਣੇ ਕੰਮ ਤੋਂ ਵਾਪਸ ਆਇਆ ਸੀ। ਸਵੇਰੇ 8 ਵਜੇ ਜਦੋਂ ਉਹ ਉਸ ਨੂੰ ਕਮਰੇ ਵਿਚ ਉਠਾਉਣ ਲਈ ਗਈ ਤਾਂ ਅੰਦਰੋਂ ਦਰਵਾਜ਼ਾ ਬੰਦ ਸੀ। ਕਾਫੀ ਦੇਰ ਦਰਵਾਜ਼ਾ ਖੜਕਾਉਣ ’ਤੇ ਵੀ ਉਸਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ’ਤੇ ਉਸਨੇ ਆਪਣੇ ਵੱਡੇ ਬੇਟੇ ਨੂੰ ਫੋਨ ਕਰ ਕੇ ਸੱਦਿਆ। ਉਸਨੇ ਆ ਕੇ ਦਰਵਾਜ਼ਾ ਤੋੜਿਆ। ਅੰਦਰ ਛੱਤ ਦੇ ਪੱਖੇ ਨਾਲ ਹਰਪ੍ਰੀਤ ਦੀ ਲਾਸ਼ ਲਟਕ ਰਹੀ ਸੀ। ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਐੱਸ.ਐੱਚ. ਓ. ਗਗਨਦੀਪ ਸਿੰਘ ਨੇ ਕਿਹਾ ਕਿ ਫਿਲਹਾਲ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ।
ਪੰਜਾਬ ਸਰਕਾਰ ਨੇ ਰਾਈਟ ਟੂ ਸਰਵਿਸ ਕਮਿਸ਼ਨ ਕੀਤਾ ਭੰਗ
NEXT STORY