ਜਲੰਧਰ (ਧਵਨ) - ਪੰਜਾਬ ਦੇ ਤਿੰਨ ਸ਼ਹਿਰਾਂ ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਮੇਅਰਾਂ ਦੀ ਚੋਣ ਤੋਂ ਮੁਕਤ ਹੋਣ ਪਿਛੋਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਹੁਣ ਪੂਰਾ ਧਿਆਨ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਵੱਲ ਲੱਗ ਗਿਆ ਹੈ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਕਾਂਗਰਸੀ ਆਗੂਆਂ ਨੂੰ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ 'ਚ ਜੁਟ ਜਾਣ ਦੇ ਨਿਰਦੇਸ਼ ਦਿੱਤੇ ਹਨ। ਲੁਧਿਆਣਾ ਵਿਖੇ ਚੋਣਾਂ ਬਾਰੇ ਐਲਾਨ ਫਰਵਰੀ ਦੇ ਪਹਿਲੇ ਹਫਤੇ ਹੋਣ ਦੀ ਸੰਭਾਵਨਾ ਹੈ। ਇਹ ਵੀ ਪਤਾ ਲੱਗਾ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਤੋਂ ਬਾਅਦ ਲੁਧਿਆਣਾ ਲਈ ਨਿਯੁਕਤ ਚੋਣ ਇੰਚਾਰਜ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਟਿਕਟਾਂ ਦੀ ਵੰਡ ਵਿਧਾਇਕਾਂ ਦੀ ਸਿਫਾਰਿਸ਼ 'ਤੇ ਹੀ ਕੀਤੀ ਜਾਵੇਗੀ ਪਰ ਮੁੱਖ ਮੰਤਰੀ ਨੇ ਸਟੈਂਡ ਲਿਆ ਹੈ ਕਿ ਟਿਕਟਾਂ ਦੀ ਵੰਡ ਕਰਦੇ ਸਮੇਂ ਸ਼ੁੱਧ ਕਾਂਗਰਸੀਆਂ ਨੂੰ ਹੀ ਟਿਕਟ ਦੇਣ 'ਚ ਪਹਿਲ ਕੀਤੀ ਜਾਵੇਗੀ, ਕਿਉਂਕਿ ਬਾਹਰ ਤੋਂ ਆਏ ਆਗੂਆਂ ਨੂੰ ਟਿਕਟਾਂ ਦੇਣ ਦਾ ਤਜਰਬਾ ਚੰਗਾ ਨਹੀਂ ਰਿਹਾ। ਕੈਪਟਨ ਆਪਣੀ ਦੇਖ-ਰੇਖ 'ਚ ਲੁਧਿਆਣਾ ਨਿਗਮ ਚੋਣਾਂ 'ਚ ਜਿੱਤ ਹਾਸਿਲ ਕਰ ਕੇ ਚਾਰਾਂ ਨਿਗਮਾਂ 'ਚ ਆਪਣਾ ਝੰਡਾ ਲਹਿਰਾ ਦੇਣਗੇ। 10 ਸਾਲ ਬਾਅਦ ਤਿੰਨ ਨਿਗਮਾਂ 'ਚ ਕਾਂਗਰਸੀ ਹੀ ਮੇਅਰ ਬਣੇ ਹਨ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ 'ਚ ਵਾਧੇ ਸਮੇਂ ਇਸ ਗੱਲ ਦਾ ਧਿਆਨ ਰੱਖਣਗੇ ਕਿ ਸੰਕਟ ਦੇ ਸਮੇਂ ਜਿਹੜੇ ਕਾਂਗਰਸੀ ਉਨ੍ਹਾਂ ਨਾਲ ਖੜ੍ਹੇ ਰਹੇ ਸਨ, ਨੂੰ ਹੀ ਅੱਗੇ ਲਿਆਂਦਾ ਜਾਵੇਗਾ।
ਨਵੋਦਿਆ ਵਿਦਿਆਲਿਆ ਦੇ ਵਿਦਿਆਰਥੀਆਂ ਤੋਂ ਵਾਧੂ ਫੀਸਾਂ ਲੈਣ ਦਾ ਵਿਰੋਧ
NEXT STORY