ਪਟਿਆਲਾ (ਬਲਜਿੰਦਰ) - ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦੀਵਾਲੀ ਦੀ ਰਾਤ ਸ਼ਾਮ 6.30 ਤੋਂ ਲੈ ਕੇ 9.30 ਵਜੇ ਦਰਮਿਆਨ ਪਟਾਕੇ ਚਲਾਉਣ ਦੀ ਖੁੱਲ੍ਹ ਅਤੇ ਇਸ ਤੋਂ ਬਾਅਦ ਪਟਾਕੇ ਚਲਾਉਣ ਤੋਂ ਮਨਾਹੀ ਦੇ ਹੁਕਮਾਂ ਨੂੰ ਮੁੱਖ ਮੰਤਰੀ ਦੇ ਸ਼ਹਿਰ ਦਾ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਚੰਗੀ ਤਰ੍ਹਾਂ ਲਾਗੂ ਨਹੀਂ ਕਰ ਸਕੇ। ਰਾਤ 9.30 ਵਜੇ ਤੋਂ ਬਾਅਦ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਖੁੱਲ੍ਹ ਕੇ ਪਟਾਕੇ ਚੱਲੇ ਤੇ ਵਿਕੇ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨਾਭਾ, ਸਮਾਣਾ ਅਤੇ ਪਾਤੜਾਂ ਦੀ ਪੁਲਸ ਨੇ ਇਸ ਮਾਮਲੇ ਵਿਚ ਥੋੜ੍ਹੀ-ਬਹੁਤ ਹਿਲਜੁਲ ਕਰਦੇ ਹੋਏ ਪਟਾਕੇ ਵੇਚਣ ਅਤੇ ਵਜਾਉਣ ਵਾਲਿਆਂ ਖਿਲਾਫ ਕੁੱਝ ਕੇਸ ਦਰਜ ਕੀਤੇ।
ਮੁੱਖ ਮੰਤਰੀ ਦੇ ਸ਼ਹਿਰ ਵਿਚ ਸਿਰਫ 2 ਕੇਸ ਦਰਜ ਕੀਤੇ ਗਏ। ਕਹਿਣ ਨੂੰ ਟੀਮਾਂ ਦਾ ਗਠਨ ਕੀਤਾ ਗਿਆ, ਪੀ. ਸੀ. ਆਰ. ਟੀਮਾਂ ਲਾਈਆਂ ਗਈਆਂ, ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਹੁਕਮ ਜਾਰੀ ਕੀਤੇ ਗਏ ਪਰ ਕਾਰਵਾਈ ਕੋਈ ਨਹੀਂ ਹੋ ਸਕੀ। ਕਿਸੇ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਦੀਵਾਲੀ ਤੋਂ ਪਹਿਲਾਂ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਵਾਰ-ਵਾਰ ਹਾਈ ਕੋਰਟ ਦੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਾਅਵੇ ਵੀ ਕੀਤੇ ਗਏ। ਉਸ ਤਰ੍ਹਾਂ ਦੀਆਂ ਤਿਆਰੀਆਂ ਵੀ ਦਿਖਾਈਆਂ ਗਈਆਂ ਪਰ ਜਦੋਂ ਲਾਗੂ ਕਰਨ ਦੀ ਵਾਰੀ ਆਈ ਤਾਂ ਕਿਤੇ ਕੋਈ ਸਖਤੀ ਦਿਖਾਈ ਨਹੀਂ ਦਿੱਤੀ। ਮੁੱਖ ਮੰਤਰੀ ਦੇ ਸ਼ਹਿਰ ਦਾ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਦੋਵੇਂ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਵਿਚ ਪੂਰੀ ਤਰ੍ਹਾਂ ਫੇਲ ਰਹੇ।
ਜ਼ਿਲੇ 'ਚ ਪਟਾਕੇ ਚਲਾਉਣ ਤੇ ਵੇਚਣ ਦੇ ਦੋਸ਼ 'ਚ 9 ਕੇਸ ਦਰਜ
ਹਾਈ ਕੋਰਟ ਦੇ ਹੁਕਮਾਂ ਅਨੁਸਾਰ 9.30 ਵਜੇ ਤੋਂ ਬਾਅਦ ਪਟਾਕੇ ਚਲਾਉਣ ਅਤੇ ਵੇਚਣ 'ਤੇ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਿਚ ਮੁੱਖ ਮੰਤਰੀ ਦੇ ਸ਼ਹਿਰ 'ਚ 2 ਕੇਸ ਦਰਜ ਕੀਤੇ ਗਏ ਹਨ। ਜ਼ਿਲੇ ਵਿਚ 9 ਕੇਸ ਵੱਖ-ਵੱਖ ਥਾਣਿਆਂ 'ਚ ਦਰਜ ਕੀਤੇ ਗਏ। ਇਨ੍ਹਾਂ ਵਿਚ 2 ਪਟਿਆਲਾ, 1 ਪਾਤੜਾਂ, 3 ਸਮਾਣਾ, 1 ਨਾਭਾ ਤੇ 2 ਰਾਜਪੁਰਾ ਸਬ-ਡਵੀਜ਼ਨ ਦੇ ਥਾਣਿਆਂ ਵਿਚ ਦਰਜ ਕੀਤੇ ਗਏ। ਇਥੇ ਦੱਸਣਯੋਗ ਹੈ ਕਿ ਜਿਹੜੇ ਕੇਸ ਦਰਜ ਕੀਤੇ ਗਏ ਹਨ, ਉਹ ਵੀ ਅਣਪਛਾਤੇ ਵਿਅਕਤੀਆਂ ਖਿਲਾਫ ਹੀ ਹਨ। ਹਰ ਥਾਂ ਜਿੱਥੇ ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲਸ ਪਹੁੰਚੀ, ਪਟਾਕੇ ਵੇਚਣ ਵਾਲੇ ਵੀ ਤੇ ਪਟਾਕੇ ਚਲਾਉਣ ਵਾਲੇ ਵੀ ਉਥੋਂ ਫਰਾਰ ਹੋ ਗਏ।
ਸੁਪਰਡੈਂਟ 41 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ
NEXT STORY