ਫਾਜ਼ਿਲਕਾ (ਨਾਗਪਾਲ, ਲੀਲਾਧਰ) - ਸਮੂਹ ਪੱਲੇਦਾਰ ਯੂਨੀਅਨ ਜ਼ਿਲਾ ਫਾਜ਼ਿਲਕਾ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ, ਜਿਸ ਦੀ ਪ੍ਰਧਾਨਗੀ ਬਲਵੰਤ ਸਿੰਘ, ਪਿਆਰਾ ਸਿੰਘ, ਹੰਸਾ ਸਿੰਘ, ਗੁਰਬਖ਼ਸ਼ ਸਿੰਘ ਬਿੱਲੂ ਨੇ ਕੀਤੀ।
ਯੂਨੀਅਨ ਦੇ ਦਫ਼ਤਰ ਵਿਚ ਇਕੱਠੇ ਹੋਏ ਪੱਲੇਦਾਰ ਯੂਨੀਅਨ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਬਖਤਾਵਰ ਸਿੰਘ ਘੜੁੰਮੀ ਨੇ ਕਿਹਾ ਕਿ ਯੂਨੀਅਨ ਮੁੱਖ ਮੰਤਰੀ ਪੰਜਾਬ ਸਰਕਾਰ ਚੰਡੀਗੜ੍ਹ ਅਤੇ ਡਾਇਰੈਕਟਰ ਫੂਡ ਐਂਡ ਸਪਲਾਈ ਵਿਭਾਗ ਤੋਂ ਮੰਗ ਕਰਦੀ ਹੈ ਕਿ ਉਕਤ ਸਟੇਟ ਏਜੰਸੀ ਵਿਚ ਬੀਤੇ 30 ਵਰ੍ਹਿਆਂ ਤੋਂ ਹਜ਼ਾਰਾਂ ਮਜ਼ਦੂਰ ਕੰਮ ਕਰਦੇ ਆ ਰਹੇ ਹਨ ਪਰ ਸਰਕਾਰ ਨੇ ਮਜ਼ਦੂਰਾਂ ਨੂੰ ਬਣਦੀਆਂ ਸਹੂਲਤਾਂ ਸਾਲ 1970 ਦੇ ਲੇਬਰ ਐਕਟ ਮੁਤਾਬਕ ਨਹੀਂ ਦਿੱਤੀਆਂ ਅਤੇ ਠੇਕੇਦਾਰੀ ਸਿਸਟਮ ਰਾਹੀਂ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਹੁਣ ਸਰਕਾਰ ਬਣਨ 'ਤੇ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮਜ਼ਦੂਰ ਵਰਗ ਵਿਚ ਕਾਫ਼ੀ ਰੋਸ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਡੀ. ਸੀ. ਰੇਟ ਲਾਗੂ ਕੀਤੇ ਜਾਣ, ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਘੱਟੋ-ਘੱਟ 18 ਹਜ਼ਾਰ ਰੁਪਏ ਮਜ਼ਦੂਰੀ ਦਿੱਤੀ ਜਾਵੇ, ਮੰਡੀ ਦੀ ਲੋਡਿੰਗ ਵਾਪਸ ਲਈ ਜਾਵੇ, ਲੇਬਰ ਦੇ ਪੈਸੇ ਸਿੱਧੇ ਖਾਤਿਆਂ 'ਚ ਪਾਏ ਜਾਣ, ਈ. ਪੀ. ਐੱਫ. ਵਰਕਰਾਂ ਦੇ ਖਾਤਿਆਂ ਵਿਚ ਜਮ੍ਹਾ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ 9 ਸਤੰਬਰ 2016 ਨੂੰ ਸੰਗਰੂਰ ਵਿਚ ਮਜ਼ਦੂਰਾਂ ਨਾਲ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਪਰ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਕਰ ਕੇ ਗੁੱਸੇ ਵਿਚ ਆਏ ਮਜ਼ਦੂਰਾਂ ਵੱਲੋਂ ਅੱਜ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਯੂਨੀਅਨ ਮੈਂਬਰਾਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਿਆ, ਜੋ ਯੂਨੀਅਨ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਪਹੁੰਚਿਆ ਜਿਥੇ ਪੱਲੇਦਾਰਾਂ ਨੇ ਧਰਨਾ ਦੇ ਕੇ ਪੰਜਾਬ ਸਰਕਾਰ ਨੂੰ ਭੇਜਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਿਆ।
ਮਸ਼ੀਨੀ ਸਫਾਈ ਦੇ ਕੰਮ 'ਤੇ ਊਣਤਾਈਆਂ ਦੀ ਭਰਮਾਰ!
NEXT STORY