ਮੋਹਾਲੀ (ਕੁਲਦੀਪ, ਨਿਆਮੀਆਂ) - ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਟਰੈਪ ਲਾ ਕੇ ਬਾਇਓ ਮੈਡੀਕਲ ਵੇਸਟ ਨਾਲ ਭਰੇ ਇਕ ਟਰੱਕ ਨੂੰ ਦਬੋਚਣ ਵਿਚ ਸਫਲਤਾ ਹਾਸਲ ਕੀਤੀ ਹੈ । ਇਹ ਵੇਸਟ ਮੈਟੀਰੀਅਲ ਮੋਹਾਲੀ ਦੇ ਫੇਜ਼-8 ਸਥਿਤ ਇਕ ਵੱਡੇ ਪ੍ਰਾਈਵੇਟ ਹਸਪਤਾਲ ਦਾ ਦੱਸਿਆ ਜਾਂਦਾ ਹੈ, ਜੋ ਕਿ ਟਰੱਕ ਵਿਚ ਭਰ ਕੇ ਚੰਡੀਗੜ੍ਹ ਸਥਿਤ ਇਕ ਕਬਾੜ ਦੇ ਗੋਦਾਮ ਵਿਚ ਲਿਜਾਇਆ ਜਾ ਰਿਹਾ ਸੀ । ਇਸ ਟਰੱਕ ਨੂੰ ਬੋਰਡ ਦੀ ਐੱਸ. ਡੀ. ਓ. ਕੰਵਲਦੀਪ ਕੌਰ ਦੀ ਅਗਵਾਈ ਵਿਚ ਟਰੈਪ ਲਾ ਕੇ ਰੋਕਿਆ ਗਿਆ ਸੀ । ਜਦੋਂ ਟਰੱਕ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਹਰੇ ਰੰਗ ਦੇ ਲਿਫਾਫਿਆਂ ਵਿਚ ਭਾਰੀ ਮਾਤਰਾ ਵਿਚ ਸਰਿੰਜਾਂ, ਗੁਲੂਕੋਜ਼ ਦੀਆਂ ਖਾਲੀ ਬੋਤਲਾਂ, ਗੁਲੂਕੋਜ਼ ਲਾਉਣ ਵਾਲੀਆਂ ਨਾਲੀਆਂ, ਵਰਤੇ ਹੋਏ ਦਸਤਾਨੇ ਆਦਿ ਸਮੇਤ ਹੋਰ ਕਾਫੀ ਸਾਮਾਨ ਪੈਕ ਕੀਤਾ ਹੋਇਆ ਸੀ ।
ਲਾਲ ਲਿਫਾਫੇ ਵਾਲਾ ਵੇਸਟ ਮਟੀਰੀਅਲ ਹਰੇ ਲਿਫਾਫਿਆਂ 'ਚ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਮੁਤਾਬਕ ਟੀਮ ਨੇ ਜਦੋਂ ਟਰੈਪ ਲਾ ਕੇ ਟਰੱਕ ਨੂੰ ਫੇਜ਼-7 ਸਥਿਤ ਪੈਟਰੋਲ ਪੰਪ ਕੋਲ ਰੋਕਿਆ ਤਾਂ ਟਰੱਕ ਚਾਲਕ ਨੇ ਦੱਸਿਆ ਕਿ ਉਹ ਮੋਹਾਲੀ ਦੇ ਫੇਜ਼-8 ਸਥਿਤ ਹਸਪਤਾਲ ਤੋਂ ਵੇਸਟ ਭਰ ਕੇ ਚੰਡੀਗੜ੍ਹ ਦੇ ਪਿੰਡ ਡੱਡੂਮਾਜਰਾ ਸਥਿਤ ਕਬਾੜ ਦੇ ਸਟੋਰ ਵਿਚ ਲੈ ਕੇ ਜਾ ਰਿਹਾ ਹੈ । ਟੀਮ ਵਿਚ ਤਾਇਨਾਤ ਅਧਿਕਾਰੀ ਟਰੱਕ ਦੇ ਨਾਲ ਸਟੋਰ ਵਿਚ ਪੁੱਜੇ, ਜਿਥੇ ਚੰਡੀਗੜ੍ਹ ਦੇ ਪ੍ਰਦੂਸ਼ਣ ਕੰਟਰੋਲ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਤੇ ਮੋਹਾਲੀ ਤੋਂ ਉਸ ਹਸਪਤਾਲ ਦੇ ਵੀ ਇਕ ਸੀਨੀਅਰ ਅਧਿਕਾਰੀ ਨੂੰ ਬੁਲਾਇਆ ਗਿਆ ਤੇ ਗੰਭੀਰਤਾ ਨਾਲ ਜਾਂਚ ਕੀਤੀ ਗਈ ।
ਚੋਰੀ ਤਾਂ ਨਹੀਂ ਹੋ ਰਿਹੈ ਮਟੀਰੀਅਲ
ਇਹ ਵੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਕਿਤੇ ਇਹ ਬਾਇਓ ਮੈਡੀਕਲ ਵੇਸਟ ਮਟੀਰੀਅਲ ਉਕਤ ਹਸਪਤਾਲ ਤੋਂ ਚੋਰੀ ਤਾਂ ਨਹੀਂ ਹੋ ਰਿਹਾ ਸੀ, ਜੋ ਵੇਸਟ ਮਟੀਰੀਅਲ ਲਾਲ ਤੇ ਪੀਲੇ ਰੰਗ ਦੇ ਲਿਫਾਫਿਆਂ ਵਿਚ ਪਾ ਕੇ ਰੱਖਿਆ ਜਾਂਦਾ ਹੈ ਉਸ ਨੂੰ ਹਰੇ ਰੰਗ (ਜਨਰਲ ਵੇਸਟ) ਵਾਲੇ ਲਿਫਾਫਿਆਂ ਵਿਚ ਪਾ ਕੇ ਕਬਾੜ ਦੇ ਗੋਦਾਮ ਵਿਚ ਲਿਜਾਇਆ ਜਾ ਰਿਹਾ ਸੀ । ਅਜਿਹਾ ਕਾਫੀ ਲੰਬੇ ਸਮੋਂ ਤੋਂ ਚੱਲ ਰਿਹਾ ਸੀ । ਸ਼ੱਕ ਕੀਤਾ ਜਾ ਰਿਹਾ ਹੈ ਕਿ ਹਸਪਤਾਲ ਦਾ ਸਟਾਫ ਇਸ ਮੈਟੀਰੀਅਲ ਨੂੰ ਮਿਲੀਭੁਗਤ ਕਰਕੇ ਕਬਾੜੀਏ ਨੂੰ ਵੇਚ ਰਿਹਾ ਸੀ ।
ਹਸਪਤਾਲਾਂ ਦਾ ਬਾਇਓ ਮੈਡੀਕਲ ਵੇਸਟ ਕਰਨਾ ਹੁੰਦੈ ਨਸ਼ਟ
ਜਾਣਕਾਰੀ ਮੁਤਾਬਕ ਹਸਪਤਾਲਾਂ ਦੇ ਲਾਲ ਰੰਗ ਅਤੇ ਪੀਲੇ ਰੰਗ ਦੇ ਲਿਫਾਫਿਆਂ ਵਿਚ ਪਾਏ ਗਏ ਬਾਇਓ ਮੈਡੀਕਲ ਵੇਸਟ ਨੂੰ ਬਾਇਓ ਮੈਡੀਕਲ ਵੇਸਟ ਪਲਾਂਟ ਵਿਚ ਲਿਜਾ ਕੇ ਨਸ਼ਟ ਕਰਵਾਉਣ ਹੁੰਦਾ ਹੈ ਪਰ ਇਥੇ ਉਸ ਨਸ਼ਟ ਕਰਨ ਵਾਲੇ ਮੈਟੀਰੀਅਲ ਨੂੰ ਹਰੇ ਲਿਫਾਫਿਆਂ ਵਿਚ ਪਾ ਕੇ ਗੁਪਤ ਢੰਗ ਨਾਲ ਕਬਾੜੀਆਂ ਤਕ ਪਹੁੰਚਾਇਆ ਜਾਂਦਾ ਸੀ, ਜਿਥੋਂ ਉਸ ਨੂੰ ਰੀਸਾਈਕਲ ਹੋਣ ਲਈ ਦਿੱਲੀ ਵੇਚ ਦਿੱਤਾ ਜਾਂਦਾ ਸੀ ।
ਭੁਪਿੰਦਰ ਸ਼ੇਖਪੁਰ ਨੇ ਕੀਤੀ ਸੁਖਬੀਰ ਬਾਦਲ ਨਾਲ ਮੁਲਾਕਾਤ
NEXT STORY