ਚੰਡੀਗੜ,(ਭੁੱਲਰ) : ਪੰਜਾਬ 'ਚ 19 ਮਈ ਨੂੰ 13 ਲੋਕ ਸਭਾ ਸੀਟਾਂ ਲਈ ਹੋਣ ਵਾਲੀਆਂ ਚੋਣਾਂ ਦਾ ਪ੍ਰਚਾਰ ਅੱਜ ਸ਼ਾਮ 6 ਵਜੇ ਅਮਨ-ਅਮਾਨ ਨਾਲ ਖਤਮ ਹੋਇਆ। ਸੂਬੇ 'ਚ ਕਿਸੇ ਵੀ ਥਾਂ 'ਤੇ ਲੜਾਈ-ਝਗੜੇ ਦੀ ਰਿਪੋਰਟ ਨਹੀਂ ਹੈ। ਇਸ ਵਾਰ ਉਮੀਦਵਾਰਾਂ ਦਾ ਜ਼ਿਆਦਾ ਜ਼ੋਰ ਰੋਡ ਸ਼ੋਅ 'ਤੇ ਰਿਹਾ ਜਦਕਿ ਵੱਡੀਆਂ ਰੈਲੀਆਂ ਪਿਛਲੀਆਂ ਚੋਣਾਂ ਦੇ ਮੁਕਾਬਲੇ ਘੱਟ ਹੋਈਆਂ। ਵੋਟਿੰਗ ਦੇ 48 ਘੰਟੇ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੋਟਾਂ ਸਮੇਂ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਤੇ ਵੋਟਰਾਂ ਨੂੰ ਉਮੀਦਵਾਰਾਂ ਵੱਲੋਂ ਹੋਰ ਤਰ੍ਹਾਂ ਦੇ ਲਾਲਚ ਬਗੈਰਾ ਦੇਣ ਖਿਲਾਫ਼ ਆਪਣੀ ਚੌਕਸੀ ਹੋਰ ਵਧਾ ਦਿੱਤੀ ਹੈ। ਵਿਸ਼ੇਸ਼ ਤੌਰ 'ਤੇ ਨਾਲ ਲੱਗਦੇ ਰਾਜਾਂ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਆਦਿ ਨਾਲ ਲੱਗਦੀਆਂ ਰਾਜ ਦੀਆਂ ਸੀਮਾਵਾਂ 'ਤੇ ਲੱਗੇ ਪੁਲਸ ਨਾਕਿਆਂ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਵੱਖ-ਵੱਖ ਹਲਕਿਆਂ 'ਚ ਹੋਰਨਾਂ ਹਲਕਿਆਂ 'ਚੋਂ ਚੋਣ ਪ੍ਰਚਾਰ ਲਈ ਆਏ ਆਗੂਆਂ ਤੇ ਲੋਕਾਂ ਨੂੰ ਆਪੋ-ਆਪਣੇ ਖੇਤਰਾਂ 'ਚ ਭੇਜਣ ਦੇ ਕੰਮ ਨੂੰ ਯਕੀਨੀ ਬਣਾਉਣ ਲਈ ਪੁਲਸ ਕਾਰਵਾਈ ਕਰ ਰਹੀ ਹੈ।
ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਅੱਜ ਛੇ ਵਜੇ ਤੋਂ ਬਾਅਦ ਚੋਣ ਪ੍ਰਚਾਰ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਰੇਡੀਓ, ਟੀ.ਵੀ. ਤੇ ਸ਼ੋਸ਼ਲ ਮੀਡੀਆ 'ਤੇ ਚੋਣ ਪ੍ਰਚਾਰ ਤੋਂ ਇਲਾਵਾ ਬਲਾਕ ਐੱਸ. ਐੱਮ. ਐੱਸ. ਭੇਜ ਕੇ ਵੋਟ ਲਈ ਅਪੀਲ ਕਰਨ 'ਤੇ ਵੀ ਪੂਰੀ ਤਰ੍ਹਾਂ ਰੋਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਪੰਜਾਬ 'ਚ 13 ਲੋਕ ਸਭਾ ਹਲਕਿਆਂ ਤੋਂ 278 ਉਮੀਦਵਾਰ ਮੈਦਾਨ 'ਚ ਹਨ। ਇਨ੍ਹਾਂ 'ਚ ਮੁੱਖ ਪਾਰਟੀਆਂ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ ਤੇ ਪੰਜਾਬ ਡੈਮੋਕ੍ਰੈਟਿਕ ਐਲਾਇੰਸ ਦੇ ਉਮੀਦਵਾਰਾਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਸ਼ਾਮਲ ਹਨ।
ਪੋਲਿੰਗ ਦੇ ਕੰਮ ਲਈ 1.25 ਲੱਖ ਮੁਲਾਜ਼ਮ ਡਿਊਟੀ 'ਤੇ ਲਾਏ ਗਏ ਹਨ ਜਦਕਿ ਪੈਰਾ ਮਿਲਟਰੀ ਦੀਆਂ 215 ਕੰਪਨੀਆਂ ਸਮੇਤ ਸੂਬਾ ਪੁਲਸ ਨੂੰ ਮਿਲਾ ਕੇ ਕੁੱਲ 1 ਲੱਖ ਦੇ ਲਗਭਗ ਸੁਰੱਖਿਆ ਮੁਲਾਜ਼ਮ ਅਮਨ -ਕਾਨੂੰਨ ਕਾਇਮ ਰੱਖਣ ਲਈ ਤਾਇਨਾਤ ਕੀਤੇ ਗਏ ਹਨ। ਰਾਜ ਦੇ 13 ਲੋਕ ਸਭਾ ਹਲਕਿਆਂ ਲਈ 14, 339 ਪੋਲਿੰਗ ਲੋਕੇਸ਼ਨਾਂ 'ਤੇ 23, 213 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜਿਨਾਂ ਲਈ 42, 689 ਬੈਲਟ ਯੂਨਿਟ, 28,703 ਵੀਵੀਪੈਂਟ ਮਸ਼ੀਨਾਂ ਲਾਈਆਂ ਜਾਣਗੀਆਂ। ਰਾਜ ਵਿਚ ਕੁੱਲ ਵੋਟਰਾਂ ਦੀ ਸੰਖਿਆ 2,07,81,211 ਹੈ। ਇਨਾਂ ਵੋਟਰਾਂ ਵਿੱਚ ਪੁਰਸ਼ ਵੋਟਰ 1,09,50,735, ਮਹਿਲਾ ਵੋਟਰ 9,82,916 ਅਤੇ ਥਰਡ ਜੈਂਡਰ ਦੇ 560 ਵੋਟਰ ਹਨ।
ਵਿਆਹੁਤਾ ਔਰਤ ਨੇ ਬੱਚਿਆਂ ਸਣੇ ਸੂਏ ’ਚ ਮਾਰੀ ਛਾਲ, 2 ਬੱਚਿਆਂ ਦੀ ਮੌਤ
NEXT STORY