ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਅਭਿਜੈ ਚੋਪੜਾ ਨੇ ਸਾਰਿਆਂ ਸੰਗਠਨਾਂ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਦਲਦਲ 'ਚ ਫਸ ਰਿਹਾ ਹੈ ਜੋ ਕਿ ਬਹੁਤ ਭਿਆਨਕ ਹੈ। ਨਸ਼ਿਆਂ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਖੇਡਾਂ 'ਤੇ ਲਾਓ ਕਿਉਂਕਿ ਖੇਡਾਂ 'ਚ ਜਾ ਕੇ ਨੌਜਵਾਨ ਨਸ਼ਿਆਂ ਤੋਂ ਦੂਰ ਹੋਣਗੇ। ਉਨ੍ਹਾਂ ਪੰਜਾਬ ਦੇ ਇਨਫਰਾਸਟਰੱਕਚਰ 'ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਬਹੁਤ ਜ਼ਿਆਦਾ ਹੋ ਗਿਆ ਹੈ। ਹਰ ਸਾਲ ਸਵਾ ਲੱਖ ਦੇ ਕਰੀਬ ਨੌਜਵਾਨ ਵਿਦੇਸ਼ਾਂ 'ਚ ਜਾ ਰਹੇ ਹਨ। ਇਸ ਦਾ ਕਾਰਨ ਇੱਥੋਂ ਦਾ ਸਿੱਖਿਆ ਦਾ ਪੱਧਰ ਠੀਕ ਨਾ ਹੋਣਾ ਅਤੇ ਬੇਰੋਜ਼ਗਾਰੀ ਦਾ ਵੱਧਣਾ ਹੈ। ਸਰਕਾਰਾਂ ਨੂੰ ਇਸ ਮੁੱਦੇ 'ਤੇ ਵਿਸ਼ੇਸ਼ ਕੰਮ ਕਰਨ ਦੀ ਲੋੜ ਹੈ। ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਅਭਿਜੈ ਚੋਪੜਾ ਨੇ ਅੱਜ ਸ਼ਹਿਰ 'ਚ ਵੱਖ-ਵੱਖ ਰਾਜਨੀਤਕ, ਵਪਾਰਕ, ਸਮਾਜਕ, ਸਿੱਖਿਆ ਸੰਸਥਾਨਾਂ ਅਤੇ ਧਾਰਮਕ ਸੰਸਥਾਵਾਂ ਦੇ ਆਗੂਆਂ ਨਾਲ ਹੋਟਲ ਰੈਡੀਐਂਟ ਪਲਾਜ਼ਾ 'ਚ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਇਨ੍ਹਾਂ ਸੰਸਥਾਵਾਂ ਵੱਲੋਂ ਆ ਰਹੀਆਂ ਸਮੱਸਿਆਵਾਂ ਸਬੰਧੀ ਅਭਿਜੈ ਚੋਪੜਾ ਨੂੰ ਜਾਣੂ ਕਰਵਾਇਆ ਗਿਆ। ਸਾਰਿਆਂ ਸੰਗਠਨਾਂ ਦੇ ਵੱਖ-ਵੱਖ ਟੇਬਲ ਲਾਏ ਗਏ ਸਨ। ਅਭਿਜੈ ਚੋਪੜਾ ਉਨ੍ਹਾਂ ਟੇਬਲਾਂ 'ਤੇ ਜਾ ਕੇ ਸਾਰਿਆਂ ਸੰਗਠਨਾਂ ਦੇ ਆਗੂਆਂ ਨੂੰ ਮਿਲ ਰਹੇ ਸੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਹੀ ਧਿਆਨ ਨਾਲ ਸੁਣ ਰਹੇ ਸਨ। ਕੁੱਝ ਸੰਸਥਾਵਾਂ ਵੱਲੋਂ ਬਹੁਤ ਹੀ ਬਰੀਕੀ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਆਪਣੀ ਆਵਾਜ਼ ਸਰਕਾਰ ਕੋਲ ਪਹੁੰਚਾਉਣ ਦੀ ਅਪੀਲ ਕੀਤੀ। ਅਭਿਜੈ ਚੋਪੜਾ ਨੇ ਵੀ ਇਨ੍ਹਾਂ ਸੰਸਥਾਵਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵਿਸਥਾਰ ਨਾਲ ਛਾਪਿਆ ਜਾਵੇਗਾ। ਇਸ ਤੋਂ ਪਹਿਲਾਂ ਜ਼ਿਲਾ ਬਰਨਾਲਾ ਦੇ ਪ੍ਰਤੀਨਿਧੀ ਵਿਵੇਕ ਸਿੰਧਵਾਨੀ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਸਾਰੀਆਂ ਸੰਸਥਾਵਾਂ ਦੇ ਆਗੂਆਂ ਨਾਲ ਉਨਾਂ ਦੀ ਮੁਲਾਕਾਤ ਕਰਵਾਈ।
ਸਿੱਖਿਆ ਸੰਸਥਾਵਾਂ ਨੇ ਕਿਹਾ .. ਸਰਕਾਰ ਵੱਲ ਬਕਾਇਆ ਹੈ ਕਰੋੜਾਂ ਰੁਪਏ, ਕਿਵੇਂ ਉੱਚਾ ਉਠੇਗਾ ਸਿੱਖਿਆ ਦਾ ਪੱਧਰ
ਜਦੋਂ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸਿੱਖਿਆ ਸੰਸਥਾਵਾਂ ਦੇ ਵੱਖ-ਵੱਖ ਇੰਸਟੀਚਿਊਟਸ ਦੇ ਪ੍ਰਧਾਨਾਂ ਨੂੰ ਮਿਲ ਰਹੇ ਸਨ ਤਾਂ ਸਿੱਖਿਆ ਸੰਸਥਾਨਾਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਵਿਸਥਾਰ ਨਾਲ ਦੱਸਿਆ। ਕਿੰਗਜ਼ ਕਾਲਜ ਗਰੁੱਪ ਦੇ ਚੇਅਰਮੈਨ ਹਰਦੇਵ ਸਿੰਘ ਲੀਲਾ ਨੇ ਕਿਹਾ ਕਿ ਸਰਕਾਰ ਵੱਲ ਜੋ ਐੱਸ. ਸੀ. ਵਿਦਿਆਰਥੀਆਂ ਲਈ ਫ੍ਰੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ, ਉਨ੍ਹਾਂ ਦੇ 2014 ਦੇ ਪੈਸੇ ਸਰਕਾਰ ਵੱਲ ਬਕਾਇਆ ਹਨ। ਪੂਰੇ ਪੰਜਾਬ ਦੇ ਕਾਲਜਾਂ ਦੇ ਲਗਭਗ 3000 ਕਰੋੜ ਰੁਪਏ ਬਕਾਇਆ ਖੜ੍ਹੇ ਹਨ। ਸਾਡੇ ਕਾਲਜ ਦੇ ਲਗਭਗ 7 ਕਰੋੜ ਰੁਪਏ ਬਕਾਇਆ ਹਨ। ਇਸੇ ਤਰ੍ਹਾਂ ਆਰਿਆ ਮਹਿਲਾ ਕਾਲਜ ਦੀ ਪਿੰ੍ਰਸੀਪਲ ਡਾ. ਨੀਲਮ ਸ਼ਰਮਾ ਨੇ ਕਿਹਾ ਕਿ ਸਾਡਾ ਕਾਲਜ ਮਹਿਲਾਵਾਂ ਦਾ ਕਾਲਜ ਹੈ ਅਤੇ ਸਾਡੇ ਕਾਲਜ ਦੇ ਲਗਭਗ ਡੇਢ ਕਰੋੜ ਰੁਪਏ ਸਰਕਾਰ ਵੱਲ ਬਕਾਇਆ ਹਨ। ਜੇਕਰ ਚੰਗੇ ਅਧਿਆਪਕ ਰੱਖਣੇ ਹਨ ਤਾਂ ਉਨ੍ਹਾਂ ਦੀ ਤਨਖਾਹ ਚੰਗੀ ਦੇਣੀ ਪੈਂਦੀ ਹੈ। ਜਦੋਂ ਰੁਪਏ ਹੀ ਨਹੀਂ ਹੋਣਗੇ ਤਾਂ ਚੰਗੇ ਅਧਿਆਪਕ ਕਿਵੇਂ ਰੱਖੇ ਜਾਣਗੇ ਅਤੇ ਸਿੱਖਿਆ ਦਾ ਪੱਧਰ ਉੱਚਾ ਕਿਵੇਂ ਉਠੇਗਾ। ਇਸ ਲਈ ਸਰਕਾਰ ਨੂੰ ਬਕਾਇਆ ਰਹਿੰਦੇ ਪੈਸੇ ਤੁਰੰਤ ਰਿਲੀਜ਼ ਕਰਨੇ ਚਾਹੀਦੇ ਹਨ। ਤੁਸੀਂ ਸਾਡੀ ਆਵਾਜ਼ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਓ।
ਬਰਨਾਲਾ ਪੰਜਾਬ ਦਾ ਇਕਲੌਤਾ ਜ਼ਿਲਾ ਜਿਥੇ ਨਹੀਂ ਹੈ ਇੰਡਸਟਰੀ ਹੱਬ
ਇੰਡਸਟਰੀ ਚੈਂਬਰ ਦੇ ਪ੍ਰਧਾਨ ਵਿਜੈ ਕੁਮਾਰ ਗਰਗ ਅਤੇ ਪੁਨੀਤ ਕੁਮਾਰ ਜੈਨ ਨੇ ਕਿਹਾ ਕਿ ਪੰਜਾਬ 'ਚ ਬਰਨਾਲਾ ਇਕਲੌਤਾ ਜ਼ਿਲਾ ਹੈ, ਜਿਥੇ ਇੰਡਸਟਰੀ ਹੱਬ ਨਹੀਂ ਹੈ, ਜਿਸ ਕਾਰਨ ਜ਼ਿਲੇ 'ਚ ਇੰਡਸਟਰੀ ਲਾਉਣ ਲਈ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਜ਼ਿਲੇ 'ਚ ਇੰਡਸਟਰੀ ਹੋਵੇਗੀ ਤਾਂ ਸਰਕਾਰ ਦਾ ਰੈਵੇਨਿਊ ਵੀ ਵਧੇਗਾ ਅਤੇ ਜ਼ਿਲੇ ਦੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੰਡਸਟਰੀ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਗੱਲ ਕਹੀ ਜਾ ਰਹੀ ਹੈ ਪਰ ਇੰਡਸਟਰੀ ਦੇ ਲੋਕਾਂ ਨੂੰ ਇਸ ਦਾ ਲਾਭ ਨਹੀਂ ਮਿਲ ਰਿਹਾ ਕਿਉਂਕਿ ਸਰਕਾਰ ਨੇ ਇਸ ਮਾਮਲੇ 'ਚ ਕਈ ਸ਼ਰਤਾਂ ਜੋੜ ਦਿੱਤੀਆਂ ਹਨ। ਹੁਣ ਇੰਡਸਟਰੀ ਨੂੰ ਦਸ ਰੁਪਏ ਪ੍ਰਤੀ ਯੂਨਿਟ ਤੋਂ ਜ਼ਿਆਦਾ ਬਿਜਲੀ ਦੇ ਰੇਟ ਪੈਂਦੇ ਹਨ।
ਲੋਕਾਂ ਦੇ ਸਹਿਯੋਗ ਨਾਲ ਮੁਹਿੰਮ 'ਚ ਹੋਵਾਂਗੇ ਸਫਲ
ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਜਦੋਂ ਲਗਭਗ 35 ਦੇ ਕਰੀਬ ਵੱਖ-ਵੱਖ ਸੰਗਠਨਾਂ ਦੇ ਆਗੁਆਂ ਨੂੰ ਮਿਲ ਰਹੇ ਸਨ ਤਾਂ ਸਾਰਿਆਂ ਸੰਗਠਨਾਂ ਨੇ ਇਕ ਆਵਾਜ਼ 'ਚ ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਈ ਗਈ ਨਾਬਾਲਗ ਬੱਚਿਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ 12 ਸਾਲ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲਿਆਂ ਨੂੰ ਸਮਾਜ 'ਚ ਜਿਊਣ ਦਾ ਕੋਈ ਹੱਕ ਨਹੀਂ। ਉਨ੍ਹਾਂ ਨੂੰ ਭਰੇ ਚੌਕ 'ਚ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬ ਕੇਸਰੀ ਗਰੁੱਪ ਵੱਲੋਂ ਚਲਾਈ ਗਈ ਮੁਹਿੰਮ ਨਾਲ ਸਮਾਜ ਨੂੰ ਇਕ ਨਵੀਂ ਦਿਸ਼ਾ ਮਿਲੇਗੀ। ਇਸ 'ਤੇ ਅਭਿਜੈ ਚੋਪੜਾ ਨੇ ਕਿਹਾ ਕਿ ਗੁਆਂਢੀ ਰਾਜ ਹਰਿਆਣਾ 'ਚ ਤਾਂ ਅਸੀਂ ਕਾਨੂੰਨ ਪਾਸ ਕਰਵਾਉਣ 'ਚ ਸਫਲ ਹੋ ਗਏ ਹਾਂ ਹੁਣ ਪੰਜਾਬ 'ਚ ਸਾਡੀ ਮੁਹਿੰਮ ਜਾਰੀ ਹੈ। ਜੇਕਰ ਤੁਹਾਡਾ ਸਾਰਿਆਂ ਦਾ ਸਹਿਯੋਗ ਰਿਹਾ ਤਾਂ ਅਸੀਂ ਆਪਣੀ ਮੁਹਿੰਮ 'ਚ ਜ਼ਰੂਰ ਸਫਲ ਹੋਵਾਂਗੇ।
ਵਪਾਰ ਮੰਡਲ ਨੇ ਚੁੱਕਿਆ ਈ-ਬਿੱਲ 'ਚ ਆ ਰਹੀਆਂ ਮੁਸ਼ਕਲਾਂ ਦਾ ਮੁੱਦਾ
ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ ਅਤੇ ਰਾਕੇਸ਼ ਕੁਮਾਰ ਡੇਜੀ ਨੇ ਕਿਹਾ ਕਿ ਸਰਕਾਰ ਵੱਲੋਂ ਜੀ. ਐੱਸ. ਟੀ. 'ਚ 50 ਹਜ਼ਾਰ ਦੇ ਮਾਲ 'ਤੇ ਈ-ਬਿੱਲ ਪ੍ਰਣਾਲੀ ਲਾਗੂ ਕਰ ਦਿੱਤੀ ਗਈ ਹੈ ਜੋ ਕਿ ਬਹੁਤ ਘੱਟ ਹੈ। ਇਸ ਰਾਸ਼ੀ ਨੂੰ ਵਧਾ ਕੇ 2 ਲੱਖ ਰੁਪਏ ਕਰਨਾ ਚਾਹੀਦਾ ਹੈ ਤਾਂ ਕਿ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਸਕੇ।
ਕੌਣ-ਕੌਣ ਸਨ ਸਮਾਗਮ 'ਚ ਸ਼ਾਮਲ
ਇਸ ਮੌਕੇ ਭਾਈ ਗੁਰਦਾਸ ਗਰੁੱਪ ਦੇ ਚੇਅਰਮੈਨ ਹਾਕਮ ਸਿੰਘ ਜਵੰਧਾ, ਜੀਵਨ ਕੁਮਾਰ ਬੱਬੂ, ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਸਿਆਸੀ ਸਕੱਤਰ ਗੁਰਜੀਤ ਸਿੰਘ ਬਰਾੜ, ਸ਼੍ਰੋ. ਅ. ਦ (ਬ) ਹਲਕਾ ਭਦੌੜ ਦੇ ਇੰਚਾਰਜ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ, ਭਾਰਤ ਵਿਕਾਸ ਪ੍ਰੀਸ਼ਦ ਬਰਨਾਲਾ ਦੇ ਪ੍ਰਧਾਨ ਰਾਕੇਸ਼ ਜਿੰਦਲ, ਆੜ੍ਹਤੀ ਐਸੋ. ਦੇ ਪ੍ਰਧਾਨ ਧੀਰਜ ਦੱਦਾਹੂਰ, ਆਈ. ਬੀ. ਟੀ. ਸੈਂਟਰ ਦੇ ਸੌਰਵ ਸਿੰਗਲਾ, ਸੁਖਜਿੰਦਰ ਰਿਸ਼ੀ, ਸੁਖਦੇਵ ਰਾਮ, ਰਾਜੀਵ ਲੋਚਨ, ਸਤਪਾਲ ਗਾਂਧੀ, ਸਟਾਰ ਨੈੱਟਵਰਕ ਬਰਨਾਲਾ ਦੇ ਮਹੇਸ਼ ਕੁਮਾਰ ਲੋਟਾ, ਪ੍ਰਵੀਨ ਕੁਮਾਰ ਦਾਦੂ, ਨੀਟੂ ਆਹੂਜਾ, ਤਰਸੇਮ ਲਾਲ ਸ਼ਰਮਾ, ਸ਼ਿਵ ਸੇਵਾ ਸੰਘ ਗੀਤਾ ਭਵਨ ਬਰਨਾਲਾ ਦੇ ਪ੍ਰਧਾਨ ਪਵਨ ਰੰਗੀਆਂ, ਬਿੱਟੂ ਬਾਂਸਲ, ਨਵੀਨ ਸਿੰਗਲਾ, ਬਿੱਟੂ ਗਰਗ, ਕੇ. ਐੱਲ. ਗਰਗ, ਸੰਜੇ ਬਾਂਸਲ, ਪਵਨ ਸਿੰਗਲਾ, ਰਾਈਸ ਮਿੱਲਰਜ਼ ਐਸੋ. ਬਰਨਾਲਾ ਦੇ ਪ੍ਰਧਾਨ ਅਜੈਬ ਜਵੰਧਾ, ਸੋਹਣ ਲਾਲ ਮਿੱਤਲ, ਕੁਲਦੀਪ ਸਹੌਰੀਆ, ਆਗੂਆਂ ਨੇ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਜੀ ਨੂੰ ਦੋਸ਼ਾਲਾ ਅਤੇ ਮੋਮੈਂਟੋ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਸਟੇਜ ਦੀ ਕਾਰਵਾਈ ਸਤੀਸ਼ ਸਿੰਧਵਾਨੀ ਨੇ ਬਾਖੂਬੀ ਨਿਭਾਈ।
ਨਾਜਇਜ਼ ਸ਼ਰਾਬ ਸਣੇ 2 ਕਾਬੂ
NEXT STORY