ਮਾਨਸਾ (ਸੰਦੀਪ ਮਿੱਤਲ)-ਪੰਜਾਬ 'ਚ ਪਿਛਲੇ ਦਿਨੀਂ ਹੋਈਆਂ ਵੱਖ-ਵੱਖ ਖੇਡਾਂ 'ਚ ਮਾਨਸਾ ਜ਼ਿਲੇ ਦੇ ਖਿਡਾਰੀਆਂ ਨੇ ਦੋ ਗੋਲਡ ਮੈਡਲ ਪ੍ਰਾਪਤ ਕਰਕੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਫੁੱਟਬਾਲ ਦੇ ਟੂਰਨਾਮੈਂਟ 'ਚ ਵੀ ਇੱਥੋਂ ਦੀ ਟੀਮ ਸੂਬੇ 'ਚ ਦੂਸਰੇ ਸਥਾਨ 'ਤੇ ਰਹੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਖੇਡ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ 28 ਤੋਂ 30 ਦਸੰਬਰ 2017 ਦੌਰਾਨ ਪੰਜਾਬ ਰਾਜ ਖੇਡਾਂ ਅੰਡਰ-25 (ਮੈਨ) ਪਟਿਆਲਾ ਵਿਖੇ ਹੋਈਆਂ, ਜਿਨ੍ਹਾਂ 'ਚ ਬਾਕਸਿੰਗ 'ਚ ਲਵਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਨੇ ਗੋਲਡ ਅਤੇ ਜਸਪ੍ਰੀਤ ਸਿੰਘ ਪੁੱਤਰ ਹੰਸਾ ਸਿੰਘ ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਅੰਡਰ-25 (ਮੈਨ) ਐਥਲੈਟਿਕਸ 'ਚ ਡਿਸਕਸ ਥ੍ਰੋ ਦੇ ਹੋਏ ਮੁਕਾਬਲਿਆਂ ਦੌਰਾਨ ਗਗਨਦੀਪ ਸਿੰਘ ਪੁੱਤਰ ਦਲੇਰ ਸਿੰਘ ਨੇ ਵੀ ਗੋਲਡ ਮੈਡਲ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਫੁੱਟਬਾਲ ਦੇ ਹੋਏ ਮੁਕਾਬਲਿਆਂ 'ਚੋਂ ਮਾਨਸਾ ਜ਼ਿਲੇ ਦੀ ਟੀਮ ਨੇ ਸੂਬੇ 'ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਖੇਡਾਂ ਅੰਡਰ-25 (ਵੂਮੈਨ) ਜੋ 8 ਤੋਂ 10 ਜਨਵਰੀ 2018 ਤੱਕ ਸੰਗਰੂਰ ਵਿਖੇ ਹੋਈਆਂ, ਉਨ੍ਹਾਂ 'ਚੋਂ ਮੁਸਕਾਨ ਪੁੱਤਰੀ ਪਵਨ ਕੁਮਾਰ ਸ਼ਰਮਾ ਨੇ ਬਾਕਸਿੰਗ 'ਚੋਂ ਸਿਲਵਰ ਮੈਡਲ ਜਿੱਤਿਆ। ਜ਼ਿਲਾ ਖੇਡ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਸਾਲ 2017-18 ਦੇ ਸੈਸ਼ਨ ਦੌਰਾਨ ਪੰਜਾਬ ਰਾਜ ਖੇਡਾਂ ਅੰਡਰ-17 (ਕੁੜੀਆਂ) ਹੈਂਡਬਾਲ, ਕਬੱਡੀ, ਕੁਸ਼ਤੀ, ਬਾਕਸਿੰਗ, ਜੂਡੋ, ਬਾਸਕਟਬਾਲ ਅਤੇ ਹਾਕੀ 27 ਤੋਂ 29 ਨਵੰਬਰ ਤੱਕ ਅੰਮ੍ਰਿਤਸਰ ਵਿਖੇ ਹੋਈਆਂ। ਉਨ੍ਹਾਂ ਦੱਸਿਆ ਕਿ ਉਪਰੋਕਤ ਖੇਡਾਂ 'ਚੋਂ ਕੁਸ਼ਤੀ 'ਚ ਜੋਤੀ ਕੌਰ ਪੁੱਤਰੀ ਹਰਦੇਵ ਸਿੰਘ ਨੇ ਬਰਾਊਂਜ਼ ਤੇ ਜੂਡੋ 'ਚ ਮੌਸਮ ਪੁੱਤਰੀ ਰਾਜਾ ਰਾਮ ਚੌਹਾਨ ਨੇ ਬਰਾਊਂਜ਼ ਮੈਡਲ ਹਾਸਲ ਕੀਤਾ।
ਜ਼ਿਲਾ ਖੇਡ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਅਤੇ ਪ੍ਰਫੁਲਿਤ ਕਰਨ ਲਈ ਸਮੇਂ-ਸਮੇਂ 'ਤੇ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਕਿ ਖਿਡਾਰੀਆਂ ਦੀ ਖੇਡਾਂ ਵੱਲ ਦਿਲਚਸਪੀ ਵਧੇ ਅਤੇ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਆਪਣੇ ਜ਼ਿਲੇ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਜ਼ਿਲਾ ਮਾਨਸਾ 'ਚ ਖਿਡਾਰੀਆਂ ਨੂੰ ਟਰੇਂਡ ਕਰਨ ਲਈ ਕੁਸ਼ਤੀ, ਵਾਲੀਬਾਲ, ਬਾਸਕਟਬਾਲ, ਕਬੱਡੀ, ਬਾਕਸਿੰਗ, ਐਥਲੈਟਿਕਸ, ਜੂਡੋ ਅਤੇ ਫੁੱਟਬਾਲ ਦੇ ਮਾਹਿਰ ਕੋਚ ਵਿਭਾਗ ਵਿਖੇ ਸੇਵਾ ਨਿਭਾਅ ਰਹੇ ਹਨ, ਜਿਨ੍ਹਾਂ ਵੱਲੋਂ ਖਿਡਾਰੀਆਂ ਨੂੰ ਪੂਰੀ ਤਕਨੀਕ ਪੱਧਤੀ ਨਾਲ ਖੇਡਾਂ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ, ਜਿਸ ਸਦਕਾ ਮਾਨਸਾ ਜ਼ਿਲੇ ਦੇ ਖਿਡਾਰੀ ਦੇਸ਼ ਦੇ ਵੱਖੋ-ਵੱਖਰੇ ਰਾਜਾਂ 'ਚ ਖੇਡ ਕੇ ਆਪਣੇ ਜ਼ਿਲੇ ਦਾ ਨਾਮ ਰੌਸ਼ਨ ਕਰ ਰਹੇ ਹਨ।
ਪਿੰਡ ਦੇ ਕੁਝ ਵਿਅਕਤੀਆਂ 'ਤੇ ਕੰਧ ਢਾਹ ਕੇ ਜਬਰੀ ਰਾਹ ਕੱਢਣ ਦੇ ਲਾਏ ਦੋਸ਼
NEXT STORY